ਬਜ਼ੁਰਗਾਂ ਤੇ ਇਨ੍ਹਾਂ ਦੀ ਪੈਨਸ਼ਨ ਹੋਵੇਗੀ ਪੰਜ ਗੁਣਾ, 15 ਨੂੰ ਜਨਵਰੀ ਹੋ ਸਕਦੈ ਫੈਸਲਾ
Monday, Dec 31, 2018 - 11:44 AM (IST)

ਨਵੀਂ ਦਿੱਲੀ— 2019 ਦੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਮੋਦੀ ਸਰਕਾਰ ਦੇਸ਼ ਦੇ ਬਜ਼ੁਰਗਾਂ, ਦਿਵਿਆਂਗਾ ਅਤੇ ਵਿਧਵਾ ਮਹਿਲਾਵਾਂ ਨੂੰ ਵੱਡਾ ਤੋਹਫਾ ਦੇਣ ਜਾ ਰਹੀ ਹੈ। ਇਕ ਰਿਪੋਰਟ ਮੁਤਾਬਕ ਕੇਂਦਰ ਸਰਕਾਰ ਇਨ੍ਹਾਂ ਦੀ ਪੈਨਸ਼ਨ ਪੰਜ ਗੁਣਾ ਕਰਨ ਦੀ ਤਿਆਰੀ ਕਰ ਰਹੀ ਹੈ। 15 ਜਨਵਰੀ ਨੂੰ ਹੋਣ ਵਾਲੀ ਸਮਾਜਿਕ ਸਹਾਇਤਾ ਪ੍ਰੋਗਰਾਮ ਦੀ ਬੈਠਕ 'ਚ ਇਸ 'ਤੇ ਫੈਸਲਾ ਕੀਤਾ ਜਾ ਸਕਦਾ ਹੈ। ਇਹ ਬੈਠਕ ਕੇਂਦਰੀ ਮੰਤਰੀ ਰਾਮਕ੍ਰਿਪਾਲ ਯਾਦਵ ਦੀ ਅਗਵਾਈ 'ਚ ਹੋਵੇਗੀ।
ਸਰਕਾਰੀ ਅੰਕੜਿਆਂ ਮੁਤਾਬਕ, ਇਸ ਸਮੇਂ ਦੇਸ਼ 'ਚ ਤਕਰੀਬਨ 3 ਕਰੋੜ ਲੋਕਾਂ ਨੂੰ ਪੈਨਸ਼ਨ ਦਿੱਤੀ ਜਾਂਦੀ ਹੈ। ਇਸ 'ਚ 2.40 ਕਰੋੜ ਬਜ਼ੁਰਗ, 60 ਲੱਖ ਵਿਧਵਾ ਮਹਿਲਾਵਾਂ ਅਤੇ ਤਕਰੀਬਨ 10 ਲੱਖ ਦਿਵਿਆਂਗ ਸ਼ਾਮਲ ਹਨ। ਦੇਸ਼ ਦੇ ਵੱਖ-ਵੱਖ ਸੂਬਿਆਂ 'ਚ ਇਨ੍ਹਾਂ ਨੂੰ ਹਰ ਮਹੀਨੇ 200 ਰੁਪਏ ਤੋਂ ਲੈ ਕੇ 500 ਰੁਪਏ ਤਕ ਪੈਨਸ਼ਨ ਦਿੱਤੀ ਜਾਂਦੀ ਹੈ। ਹੁਣ ਸਰਕਾਰ ਦੀ ਯੋਜਨਾ ਇਨ੍ਹਾਂ ਸਾਰਿਆਂ ਨੂੰ ਘੱਟੋ-ਘੱਟ 1,000 ਰੁਪਏ ਪੈਨਸ਼ਨ ਦੇਣ ਦੀ ਹੈ। ਇਸ ਲਈ ਪੇਂਡੂ ਵਿਕਾਸ ਮੰਤਰਾਲਾ ਨੇ ਸਮਾਜਿਕ ਆਰਥਿਕ ਜਨਗਣਨਾ ਦੇ ਆਧਾਰ 'ਤੇ ਤਕਰੀਬਨ 48 ਹਜ਼ਾਰ ਕਰੋੜ ਰੁਪਏ ਦੀ ਯੋਜਨਾ ਬਣਾਈ ਹੈ।
15 ਜਨਵਰੀ ਨੂੰ ਹੋਵੇਗੀ ਚਰਚਾ-
ਰਿਪੋਰਟ ਮੁਤਾਬਕ, ਕੇਂਦਰ ਸਰਕਾਰ ਨੇ 15 ਜਨਵਰੀ ਨੂੰ ਹੋਣ ਵਾਲੀ ਬੈਠਕ ਲਈ ਮੈਂਬਰ ਸੂਬਿਆਂ, ਸਵੈ-ਸੇਵਕ ਸੰਸਥਾਵਾਂ ਸਮੇਤ ਸਾਰੇ ਹਿੱਸੇਦਾਰਾਂ ਨੂੰ ਬੁਲਾਇਆ ਹੈ। ਇਸ 'ਚ ਸਾਰੇ ਹਿੱਸੇਦਾਰਾਂ ਨਾਲ ਪੈਨਸ਼ਨ ਸੰਬੰਧੀ ਦਿੱਤੀ ਜਾਣ ਵਾਲੀ ਰਾਸ਼ੀ ਲਈ ਕੇਂਦਰ ਅਤੇ ਸੂਬਿਆਂ ਦੀ ਹਿੱਸੇਦਾਰੀ ਤੈਅ ਕਰਨ 'ਤੇ ਚਰਚਾ ਕੀਤੀ ਜਾਵੇਗੀ। ਰਿਪੋਰਟ ਮੁਤਾਬਕ ਇਨ੍ਹਾਂ ਵਿਚਕਾਰ 50-50 ਫੀਸਦੀ ਯੋਗਦਾਨ ਪਾਉਣ 'ਤੇ ਸਹਿਮਤੀ ਬਣ ਸਕਦੀ ਹੈ। ਬਜ਼ੁਰਗਾਂ, ਦਿਵਿਆਂਗਾ ਅਤੇ ਵਿਧਵਾ ਮਹਿਲਾਵਾਂ ਨੂੰ ਵਧੀ ਹੋਈ ਪੈਨਸ਼ਨ 1 ਅਪ੍ਰੈਲ 2019 ਤੋਂ ਦਿੱਤੀ ਜਾ ਸਕਦੀ ਹੈ। ਫਿਲਹਾਲ ਦਿੱਲੀ, ਹਰਿਆਣਾ ਅਤੇ ਆਂਧਰਾ ਪ੍ਰਦੇਸ਼ 'ਚ ਬਜ਼ੁਰਗਾਂ ਨੂੰ 1000-1000 ਰੁਪਏ ਦਿੱਤੇ ਜਾਂਦੇ ਹਨ। ਉੱਥੇ ਹੀ, ਯੂ. ਪੀ., ਬਿਹਾਰ, ਰਾਜਸਥਾਨ, ਮਹਾਰਾਸ਼ਟਰ ਅਤੇ ਹਿਮਾਚਲ ਪ੍ਰਦੇਸ਼ 'ਚ 300 ਤੋਂ 650 ਰੁਪਏ ਤਕ ਦੀ ਰਾਸ਼ੀ ਦਿੱਤੀ ਜਾਂਦੀ ਹੈ।