ਅਨਿਲ ਅੰਬਾਨੀ, ਰਿਲਾਇੰਸ ਹੋਮ ਫਾਈਨਾਂਸ ਸਮੇਤ ਤਿੰਨ ਹੋਰਾਂ ਨੂੰ ਵੱਡਾ ਝਟਕਾ,ਸੇਬੀ ਨੇ ਲਗਾਈ ਇਹ ਪਾਬੰਦੀ

02/12/2022 4:13:39 PM

ਨਵੀਂ ਦਿੱਲੀ : ਸੇਬੀ ਨੇ 11 ਫਰਵਰੀ ਨੂੰ ਰਿਲਾਇੰਸ ਹੋਮ ਫਾਇਨਾਂਸ, ਉਦਯੋਗਪਤੀ ਅਨਿਲ ਅੰਬਾਨੀ ਸਮੇਤ 3 ਹੋਰ ਵਿਅਕਤੀ ਅਮਿਤ ਬਾਪਨਾ, ਰਵਿੰਦਰ ਸੁਧਾਕਰ ਅਤੇ ਪਿੰਕੇਸ਼ ਆਰ. ਸ਼ਾਹ ਨੂੰ ਕੰਪਨੀ ਨਾਲ ਸਬੰਧਤ ਕਥਿਤ ਧੋਖਾਦੇਹੀ ਸਰਗਰਮੀਆਂ ਲਈ ਸਕਿਓਰਿਟੀ ਬਾਜ਼ਾਰ ਤੋਂ ਬੈਨ ਕਰ ਦਿੱਤਾ ਹੈ। 100 ਪੱਤਰਾਂ ਦੇ ਅੰਤਰਿਮ ਆਦੇਸ਼ ’ਚ ਰੈਗੂਲੇਟਰ ਨੇ ਸਾਰਿਆਂ ਨੂੰ ਸੇਬੀ ਨਾਲ ਰਜਿਸਟਰਡ ਕਿਸੇ ਵੀ ਵਿਚੋਲੇ, ਕਿਸੇ ਵੀ ਲਿਸਟਿਡ ਜਨਤਕ ਕੰਪਨੀ ਜਾਂ ਕਿਸੇ ਵੀ ਜਨਤਕ ਕੰਪਨੀ ਦੇ ਕਾਰਜਵਾਹਕ ਡਾਇਰੈਕਟਰਾਂ/ਪ੍ਰਮੋਟਰਾਂ ਨਾਲ ਖੁਦ ਨੂੰ ਜੋੜਨ ਤੋਂ ਰੋਕ ਦਿੱਤਾ ਜੋ ਅਗਲੇ ਹੁਕਮ ਤੱਕ ਜਨਤਾ ਤੋਂ ਪੂੰਜੀ ਜੁਟਾਉਣ ਦਾ ਇਰਾਦਾ ਰੱਖਦੇ ਹਨ। ਰਿਪੋਰਟਸ ਮੁਤਾਬਕ ਰਿਲਾਇੰਸ ਹੋਮ ਫਾਇਨਾਂਸ ਲਿਮਟਿਡ, ਉਦਯੋਗਪਤੀ ਅਨਿਲ ਅੰਬਾਨੀ ਅਤੇ 3 ਹੋਰ ਵਿਅਕਤੀਆਂ ’ਤੇ ਕੰਪਨੀ ਨਾਲ ਸਬੰਧਤ ਧੋਖਾਦੇਹੀ ਕਰਨ ਦਾ ਦੋਸ਼ ਹੈ।

ਇਹ ਵੀ ਪੜ੍ਹੋ : ਡਰੋਨ ਦੇ ਆਯਾਤ 'ਤੇ ਪਾਬੰਦੀ ਲਗਾਉਣ ਨਾਲ ਚੀਨ ਨੂੰ ਵੱਡਾ ਝਟਕਾ, ਜਾਣੋ ਕੀ ਹੈ ਸਰਕਾਰ ਦੀ ਯੋਜਨਾ

ਉੱਥੇ ਹੀ ਸੇਬੀ ਨੇ ਐੱਨ. ਐੱਸ. ਈ. ਅਤੇ ਉਸ ਦੇ ਸਾਬਕਾ ਮੈਨੇਜਿੰਗ ਡਾਇਰੈਕਟਰਾਂ ਅਤੇ ਮੁੱਖ ਕਾਰਜਕਾਰੀ ਅਧਿਕਾਰੀਆਂ ਚਿਤਰਾ ਰਾਮਕ੍ਰਿਸ਼ਨ ਅਤੇ ਰਵੀ ਨਾਰਾਇਣ ਅਤੇ ਹੋਰ ’ਤੇ ਜੁਰਮਾਨਾ ਲਗਾਇਆ ਹੈ। ਇਹ ਜੁਰਮਾਨਾ ਸਮੂਹ ਆਪ੍ਰੇਟਿੰਗ ਅਧਿਕਾਰੀ ਅਤੇ ਮੈਨੇਜਿੰਗ ਡਾਇਰੈਕਟਰ (ਐੱਮ. ਡੀ.) ਦੇ ਸਲਾਹਕਾਰ ਵਜੋਂ ਆਨੰਦ ਸੁਬਰਾਮਣੀਅਮ ਦੀ ਨਿਯੁਕਤੀ ’ਚ ਸਕਿਓਰਿਟੀ ਕਾਂਟ੍ਰੈਕਟ ਨਿਯਮਾਂ ਦੀ ਉਲੰਘਣਾ ਨੂੰ ਲੈ ਕੇ ਲਗਾਇਆ ਗਿਆ ਹੈ।

ਇੰਨਾ ਲੱਗਾ ਜੁਰਮਾਨਾ

ਸੇਬੀ ਨੇ ਰਾਮਕ੍ਰਿਸ਼ਨ ’ਤੇ 3 ਕਰੋੜ, ਨੈਸ਼ਨਲ ਸਟਾਕ ਐਕਸਚੇਂਜ (ਐੱਨ. ਐੱਸ. ਈ.), ਨਾਰਾਇਣ ਅਤੇ ਸੁਬਰਾਮਣੀਅਮ ’ਤੇ 2-2 ਕਰੋੜ ਰੁਪਏ ਅਤੇ ਵੀ. ਆਰ. ਨਰਸਿਮਹਨ ’ਤੇ 6 ਲੱਖ ਰੁਪਏ ਦਾ ਜੁਰਮਾਨਾ ਲਗਾਇਆ ਹੈ। ਇਸ ਦੇ ਨਾਲ ਹੀ ਰੈਗੂਲੇਟਰ ਨੇ ਐੱਨ. ਐੱਸ. ਈ. ਨੂੰ ਕੋਈ ਵੀ ਨਵਾਂ ਉਤਪਾਦ ਪੇਸ਼ ਕਰਨ ਤੋਂ 6 ਮਹੀਨਿਆਂ ਲਈ ਰੋਕ ਦਿੱਤਾ ਹੈ।

ਇਸ ਤੋਂ ਇਲਾਵਾ ਰਾਮਕ੍ਰਿਸ਼ਨ ਅਤੇ ਸੁਬਰਾਮਣੀਅਨ ਨੂੰ 3 ਸਾਲ ਦੀ ਮਿਆਦ ਲਈ ਕਿਸੇ ਵੀ ਬਾਜ਼ਾਰ ਬੁਨਿਆਦੀ ਢਾਂਚਾ ਸੰਸਥਾਨ ਜਾਂ ਸੇਬੀ ਨਾਲ ਰਜਿਸਟਰਡ ਕਿਸੇ ਵੀ ਆਰਬਿਟ੍ਰੇਸ਼ਨ ਨਾਲ ਜੁੜਨ ਨੂੰ ਲੈ ਕੇ ਰੋਕ ਲਗਾਈ ਹੈ। ਜਦ ਕਿ ਨਾਰਾਇਨ ਲਈ ਇਹ ਪਾਬੰਦੀ 2 ਸਾਲ ਲਈ ਹੈ।

ਇਹ ਵੀ ਪੜ੍ਹੋ : AirIndia ਤੇ Air Asia ਦਰਮਿਆਨ ਹੋਇਆ ਵੱਡਾ ਸਮਝੌਤਾ, ਯਾਤਰੀਆਂ ਨੂੰ ਮਿਲੇਗੀ ਖ਼ਾਸ ਸਹੂਲਤ

ਅਨਿਲ ਅੰਬਾਨੀ ਦੀ ਪਾਬੰਦੀਸ਼ੁਦਾ ਕੰਪਨੀ ਰਿਲਾਇੰਸ ਹੋਮ ਫਾਈਨਾਂਸ ਦੇ ਸ਼ੇਅਰਾਂ 'ਚ ਕਾਫੀ ਦਬਾਅ ਹੈ। ਹਫਤੇ ਦੇ ਆਖਰੀ ਕਾਰੋਬਾਰੀ ਦਿਨ, ਸ਼ੇਅਰ ਦੀ ਕੀਮਤ 1.40 ਫੀਸਦੀ ਡਿੱਗ ਕੇ 4.93 ਰੁਪਏ 'ਤੇ ਸੀ। ਕੰਪਨੀ ਦੀ ਮਾਰਕੀਟ ਪੂੰਜੀ ਦੀ ਗੱਲ ਕਰੀਏ ਤਾਂ ਇਹ 238.89 ਕਰੋੜ ਰੁਪਏ ਹੈ।

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


Harinder Kaur

Content Editor

Related News