ਲੋਨ ਗਾਹਕਾਂ ਲਈ ਵੱਡੀ ਗੁੱਡ ਨਿਊਜ਼, SBI ਨੇ ਦਿੱਤੀ ਇਹ ਸੌਗਾਤ
Wednesday, Mar 11, 2020 - 03:31 PM (IST)
ਨਵੀਂ ਦਿੱਲੀ— SBI 'ਚ ਲੋਨ ਚੱਲ ਰਿਹਾ ਹੈ ਜਾਂ ਲੈਣਾ ਹੈ ਤੁਹਾਡੇ ਲਈ ਖੁਸ਼ਖਬਰੀ ਹੈ। ਭਾਰਤੀ ਸਟੇਟ ਬੈਂਕ (ਐੱਸ. ਬੀ. ਆਈ.) ਨੇ FD ਦਰਾਂ ਘਟਾਉਣ ਦੇ ਨਾਲ ਹੀ ਲੋਨ ਵੀ ਸਸਤਾ ਕਰ ਦਿੱਤਾ ਹੈ। ਬੈਂਕ ਨੇ ਲੋਨ ਦਰਾਂ 'ਚ 0.15 ਫੀਸਦੀ ਤੱਕ ਦੀ ਕਟੌਤੀ ਕਰ ਦਿੱਤੀ ਹੈ, ਜਿਸ ਨਾਲ ਤੁਹਾਡੀ EMI ਘੱਟ ਹੋ ਜਾਵੇਗੀ। ਲੋਨ ਦਰਾਂ 'ਚ ਕਟੌਤੀ ਪ੍ਰਭਾਵੀ ਹੋ ਗਈ ਹੈ। ਬੈਂਕ ਵੱਲੋਂ ਇਕ ਸਾਲਾ MCLR ਲਿੰਕਡ ਲੋਨ ਦਰ 7.85 ਫੀਸਦੀ ਤੋਂ ਘਟਾ ਕੇ 7.75 ਫੀਸਦੀ ਕਰ ਦਿੱਤੀ ਗਈ ਹੈ। ਤਿੰਨ ਮਹੀਨੇ ਵਾਲੀ MCLR ਦਰ 7.50 ਫੀਸਦੀ ਹੋ ਗਈ ਹੈ, ਜੋ ਪਹਿਲਾਂ 7.65 ਫੀਸਦੀ ਸੀ।
ਇਸ ਵਿੱਤੀ ਸਾਲ 'ਚ ਬੈਂਕ ਵੱਲੋਂ MCLR 'ਚ ਇਹ 10ਵੀਂ ਕਟੌਤੀ ਹੈ। ਪਿਛਲੀ ਵਾਰ 10 ਫਰਵਰੀ ਨੂੰ ਬੈਂਕ ਨੇ MCLR ਦਰਾਂ 'ਚ 0.05 ਫੀਸਦੀ ਤੱਕ ਦੀ ਕਮੀ ਕੀਤੀ ਸੀ।
ਭਾਰਤੀ ਸਟੇਟ ਬੈਂਕ ਦੀ 6 ਮਹੀਨੇ ਵਾਲੀ MCLR ਦਰ 7.85 ਫੀਸਦੀ ਤੋਂ ਘੱਟ ਕੇ 7.75 ਫੀਸਦੀ ਹੋ ਗਈ ਹੈ। ਉੱਥੇ ਹੀ, 2 ਸਾਲਾ MCLR ਨਾਲ ਲਿੰਕਡ ਲੋਨ ਦਰ 8.05 ਫੀਸਦੀ ਤੋਂ ਘਟਾ ਕੇ 7.95 ਫੀਸਦੀ ਕਰ ਦਿੱਤੀ ਗਈ ਹੈ। ਇਸੇ ਤਰ੍ਹਾਂ ਤਿੰਨ ਸਾਲ ਵਾਲੀ ਦਰ 8.05 ਫੀਸਦੀ ਹੋ ਗਈ ਹੈ, ਜੋ ਪਹਿਲਾਂ 8.15 ਫੀਸਦੀ ਸੀ।
ਹਾਲਾਂਕਿ, ਤੁਹਾਡੀ ਈ. ਐੱਮ. ਆਈ. 'ਚ ਕਟੌਤੀ ਉਦੋਂ ਹੀ ਪ੍ਰਭਾਵੀ ਹੋਵੇਗੀ, ਜਦੋਂ ਤੁਹਾਡੇ ਲੋਨ ਦੀ ਰੀਸੈਟ ਤਰੀਕ ਆ ਜਾਵੇਗੀ, ਯਾਨੀ ਜਿਹੜੀ ਤਰੀਕ ਨੂੰ ਤੁਸੀਂ ਜਿਸ MCLR ਨਾਲ ਲਿੰਕਡ ਕਰਜ਼ ਲਿਆ ਸੀ ਉਹ ਤਰੀਕ ਆਉਣ 'ਤੇ ਤੁਹਾਡੀ ਕਿਸ਼ਤ 'ਚ ਕਮੀ ਹੋਵੇਗੀ। ਜ਼ਿਕਰਯੋਗ ਹੈ ਕਿ ਭਾਰਤੀ ਸਟੇਟ ਬੈਂਕ ਵੱਲੋਂ ਕੀਤੀ ਗਈ ਕਟੌਤੀ ਨੂੰ ਦੇਖਦੇ ਹੋਏ ਹੋਰ ਬੈਂਕ ਵੀ ਕਰਜ਼ ਦਰਾਂ ਤੇ ਐੱਫ. ਡੀ. ਦਰਾਂ 'ਚ ਕਟੌਤੀ ਕਰ ਸਕਦੇ ਹਨ। ਐੱਸ. ਬੀ. ਆਈ. ਦੇਸ਼ ਦਾ ਸਭ ਤੋਂ ਵੱਡਾ ਤੇ ਬਾਜ਼ਾਰ ਲੀਡਰ ਬੈਂਕ ਹੈ, ਜਿਸ ਦੀ ਰਣਨੀਤੀ 'ਤੇ ਬਾਕੀ ਬੈਂਕ ਵੀ ਚੱਲਦੇ ਹਨ।
ਇਹ ਵੀ ਪੜ੍ਹੋ ►ਪੈਟਰੋਲ-ਡੀਜ਼ਲ ਕੀਮਤਾਂ 'ਚ ਵੱਡੀ ਕਟੌਤੀ, ਪੰਜਾਬ 'ਚ ਹੁਣ ਇੰਨਾ ਸਸਤਾ ►ਇਟਲੀ 'ਚ ਪਸਰੀ ਸੁੰਨਸਾਨ, 6 ਕਰੋੜ ਤੋਂ ਵੱਧ ਲੋਕ ਲਾਕਡਾਊਨ ► SBI ਨੇ ਦਿੱਤਾ ਜ਼ੋਰ ਦਾ ਝਟਕਾ, FD ਦਰਾਂ 'ਚ ਕਰ ਦਿੱਤੀ ਇੰਨੀ ਕਟੌਤੀ