SBI ਦੇ Q1FY22 ਨਤੀਜੇ ਤੋਂ ਨਿਵੇਸ਼ਕ ਬਾਗੋਬਾਗ, ਨਵੀਂ ਉਚਾਈ 'ਤੇ ਸਟਾਕਸ
Wednesday, Aug 04, 2021 - 02:28 PM (IST)
ਨਵੀਂ ਦਿੱਲੀ- ਸਰਕਾਰੀ ਖੇਤਰ ਦੇ ਦੇਸ਼ ਦੇ ਸਭ ਤੋਂ ਵੱਡੇ ਬੈਂਕ ਐੱਸ. ਬੀ. ਆਈ. ਨੇ ਬੁੱਧਵਾਰ ਨੂੰ ਆਪਣੇ ਜੂਨ ਤਿਮਾਹੀ ਦੀ ਕਮਾਈ ਦੇ ਨਤੀਜਿਆਂ ਦਾ ਐਲਾਨ ਕਰ ਦਿੱਤਾ ਹੈ। ਬੈਂਕ ਦਾ ਵਿੱਤੀ ਸਾਲ 2021-22 ਦੀ ਪਹਿਲੀ ਤਿਮਾਹੀ ਵਿਚ ਸ਼ੁੱਧ ਮੁਨਾਫਾ 55 ਫ਼ੀਸਦੀ ਵੱਧ ਕੇ 6,504 ਕਰੋੜ ਰੁਪਏ ਰਿਹਾ। ਪਿਛਲੇ ਸਾਲ ਜੂਨ ਤਿਮਾਹੀ ਵਿਚ ਬੈਂਕ ਦਾ ਮੁਨਾਫਾ 4,189 ਕਰੋੜ ਰੁਪਏ ਰਿਹਾ ਸੀ।
ਬੈਂਕ ਨੇ ਸ਼ੁੱਧ ਵਿਆਜ ਆਮਦਨੀ ਵਿਚ 3.7 ਫ਼ੀਸਦੀ ਵਾਧਾ ਦਰਜ ਕੀਤਾ, ਜੋ 27,638 ਕਰੋੜ ਰਹੀ। ਬੀਤੇ ਵਿੱਤੀ ਸਾਲ ਇਸੇ ਤਿਮਾਹੀ ਵਿਚ ਬੈਂਕ ਦੀ ਸ਼ੁੱਧ ਵਿਆਜ ਆਮਦਨੀ 26,641 ਕਰੋੜ ਰੁਪਏ ਰਹੀ ਸੀ।
ਸਟੇਟ ਬੈਂਕ ਦੇ ਨਤੀਜੇ ਜਾਰੀ ਹੋਣ ਮਗਰੋਂ ਇਸ ਸਟਾਕ (ਸ਼ੇਅਰ) ਐੱਨ. ਐੱਸ. ਈ. 'ਤੇ ਤਕਰੀਬਨ ਸਵਾ ਦੋ ਵਜੇ 4.65 ਫ਼ੀਸਦੀ ਦੇ ਉਛਾਲ ਨਾਲ 467.45 ਰੁਪਏ 'ਤੇ ਪਹੁੰਚ ਗਿਆ, ਜੋ ਕਿ ਇਸ ਦਾ ਨਵਾਂ ਉਚਾਈ ਪੱਧਰ ਹੈ। ਹਾਲਾਂਕਿ, ਮਾਰਚ ਤਿਮਾਹੀ ਵਿਚ 6,450.7 ਕਰੋੜ ਰੁਪਏ ਦੇ ਮੁਨਾਫੇ ਮੁਕਾਬਲੇ ਬੈਂਕ ਦਾ ਮੁਨਾਫਾ 0.8 ਫ਼ੀਸਦੀ ਵਧਿਆ ਹੈ ਪਰ ਜੂਨ ਤਿਮਾਹੀ ਵਿਚ ਬੈਂਕ ਦਾ ਮੁਨਾਫਾ ਇਸ ਦਾ ਹੁਣ ਤੱਕ ਦਾ ਸਭ ਤੋਂ ਜ਼ਿਆਦਾ ਹੈ। ਬੈਂਕ ਦਾ ਕੁੱਲ ਪ੍ਰੋਵਿਜ਼ਨ ਤਿਮਾਹੀ ਵਿਚ ਘੱਟ ਕੇ 10,051.96 ਕਰੋੜ ਰੁਪਏ ਰਿਹਾ, ਜੋ ਪਿਛਲੇ ਸਾਲ ਦੀ ਮਿਆਦ ਵਿਚ 12,501.3 ਕਰੋੜ ਰੁਪਏ ਅਤੇ ਚੌਥੀ ਤਿਮਾਹੀ ਵਿਚ 11,051.03 ਕਰੋੜ ਰੁਪਏ ਸੀ।