ਜੁਲਾਈ ਤੋਂ SBI ਦਾ ਹੋਮ ਲੋਨ ਵੀ RBI ਦੀ ਰੇਪੋ ਦਰ ਨਾਲ ਹੋ ਜਾਵੇਗਾ ਲਿੰਕਡ

06/24/2019 12:48:01 PM

ਮੁੰਬਈ— ਭਾਰਤੀ ਸਟੇਟ ਬੈਂਕ (ਐੱਸ. ਬੀ. ਆਈ.) ਹੋਮ ਲੋਨ ਦਰਾਂ ਨੂੰ ਭਾਰਤੀ ਰਿਜ਼ਰਵ ਬੈਂਕ (ਆਰ. ਬੀ. ਆਈ.) ਦੀ ਰੇਪੋ ਦਰ ਨਾਲ ਜੋੜਨ ਜਾ ਰਿਹਾ ਹੈ। 1 ਜੁਲਾਈ ਤੋਂ ਐੱਸ. ਬੀ. ਆਈ. 'ਚ ਇਹ ਵਿਵਸਥਾ ਲਾਗੂ ਹੋ ਜਾਵੇਗੀ। ਗਾਹਕਾਂ ਨੂੰ MCLR ਜਾਂ ਰਿਜ਼ਰਵ ਬੈਂਕ ਦੀ ਰੇਪੋ ਦਰ ਨਾਲ ਜੁੜੇ ਹੋਮ ਲੋਨ ਲੈਣ ਦਾ ਬਦਲ ਮਿਲੇਗਾ। ਰੇਪੋ ਦਰ ਨਾਲ ਲਿੰਕਡ ਹੋਮ ਲੋਨ ਚੁਣਦੇ ਹੋ ਤਾਂ ਇਸ ਦੀ ਦਰ ਰਿਜ਼ਰਵ ਬੈਂਕ ਵੱਲੋਂ ਦਰਾਂ ਬਦਲਣ 'ਤੇ ਨਾਲ ਹੀ ਬਦਲ ਜਾਵੇਗੀ।
 

 

ਭਾਰਤੀ ਸਟੇਟ ਬੈਂਕ ਦੇ ਹੋਮ ਲੋਨ ਦੀ ਦਰ 'ਰੇਪੋ-ਲਿੰਕਡ ਲੈਂਡਿੰਗ ਰੇਟ (RLLR)' ਤੋਂ 0.40-0.55 ਫੀਸਦੀ ਤਕ ਵੱਧ ਹੋਵੇਗੀ, ਜੋ ਤੁਹਾਡੀ ਰਿਸਕ ਪ੍ਰੋਫਾਈਲ 'ਤੇ ਨਿਰਭਰ ਕਰਦਾ ਹੈ ਕਿ ਤੁਹਾਨੂੰ ਕਿੰਨੇ ਵਿਆਜ 'ਤੇ ਲੋਨ ਮਿਲੇਗਾ। RLLR ਰਿਜ਼ਰਵ ਬੈਂਕ ਦੀ ਰੇਪੋ ਦਰ ਤੋਂ 2.25 ਫੀਸਦੀ ਵੱਧ ਦਰ 'ਤੇ ਨਿਰਧਾਰਤ ਹੈ। ਇਸ ਵਕਤ ਰੇਪੋ ਦਰ 5.75 ਹੈ ਤੇ ਇਸ ਲਈ RLLR 8 ਫੀਸਦੀ ਹੈ। ਇਸ ਲਈ ਤੁਹਾਡੀ ਰਿਸਕ ਪ੍ਰੋਫਾਈਲ ਦੇ ਹਿਸਾਬ ਨਾਲ ਤੁਹਾਨੂੰ ਪ੍ਰਭਾਵੀ ਤੌਰ 'ਤੇ ਹੋਮ ਲੋਨ 8.40-8.55 ਫੀਸਦੀ ਦਰ 'ਤੇ ਮਿਲੇਗਾ।
ਮੌਜੂਦਾ ਸਮੇਂ MCLR ਲਿੰਕਡ ਹੋਮ ਲੋਨ ਦੀ ਦਰ 8.55 ਫੀਸਦੀ ਤੋਂ 9.10 ਫੀਸਦੀ ਵਿਚਕਾਰ ਹੈ, ਯਾਨੀ ਰੇਪੋ ਰੇਟ ਲਿੰਕਡ ਹੋਮ ਲੋਨ 0.15 ਫੀਸਦੀ ਸਸਤਾ ਪਵੇਗਾ ਪਰ ਰਿਸਕ ਪ੍ਰੋਫਾਇਲ ਦੇ ਹਿਸਾਬ ਨਾਲ ਇਹ ਮਹਿੰਗਾ ਵੀ ਪੈ ਸਕਦਾ ਹੈ।
ਜ਼ਿਕਰਯੋਗ ਹੈ ਕਿ ਇਸ ਸਾਲ ਮਈ ਤੋਂ ਐੱਸ. ਬੀ. ਆਈ. ਦੇ 1 ਲੱਖ ਰੁਪਏ ਤੋਂ ਉਪਰ ਵਾਲੇ ਬਚਤ ਖਾਤੇ, ਕੈਸ਼ ਕ੍ਰੈਡਿਟ (ਸੀ. ਸੀ.) ਅਤੇ ਓਵਰ ਡਰਾਫਟ (ਓ. ਡੀ.) ਖਾਤੇ ਹੀ ਰਿਜ਼ਰਵ ਬੈਂਕ ਦੀ ਰੇਪੋ ਦਰ ਨਾਲ ਲਿੰਕਡ ਸਨ। ਇਸ ਵਿਵਸਥਾ 'ਚ ਹੁਣ ਹੋਮ ਲੋਨ ਵੀ ਸ਼ਾਮਲ ਹੋਣ ਜਾ ਰਿਹਾ ਹੈ। ਇਸ ਲਈ ਸਪੱਸ਼ਟ ਹੈ ਕਿ ਰੇਪੋ ਦਰ ਬਦਲਣ ਨਾਲ ਐੱਸ. ਬੀ. ਆਈ. ਦੇ ਹੋਮ ਲੋਨ ਦੀਆਂ ਵਿਆਜ ਦਰਾਂ ਵੀ ਉਸੇ ਮੁਤਾਬਕ ਘਟਣਗੀਆਂ ਜਾਂ ਵਧਣਗੀਆਂ।


Related News