SBI ਦੀ ਲੋਨ ਗਾਹਕਾਂ ਨੂੰ ਵੱਡੀ ਸੌਗਾਤ, FD 'ਤੇ ਦੇ ਦਿੱਤਾ ਜ਼ੋਰ ਦਾ ਝਟਕਾ
Friday, Feb 07, 2020 - 10:59 AM (IST)

ਨਵੀਂ ਦਿੱਲੀ— ਭਾਰਤੀ ਰਿਜ਼ਰਵ ਬੈਂਕ ਦੀ ਨੀਤੀਗਤ ਘੋਸ਼ਣਾ ਤੋਂ ਇਕ ਦਿਨ ਬਾਅਦ ਭਾਰਤ ਦੇ ਸਭ ਤੋਂ ਵੱਡੇ ਬੈਂਕ ਐੱਸ. ਬੀ. ਆਈ. ਨੇ ਲੋਨ ਦਰਾਂ 'ਚ ਕਟੌਤੀ ਕਰ ਦਿੱਤੀ ਹੈ, ਜਿਸ ਨਾਲ ਹੋਮ ਤੇ ਆਟੋ ਲੋਨ ਸਸਤੇ ਹੋ ਗਏ ਹਨ। ਹਾਲਾਂਕਿ, ਇਸ ਦੇ ਨਾਲ ਹੀ ਬੈਂਕ ਨੇ ਫਿਕਸਡ ਡਿਪਾਜ਼ਿਟ (ਐੱਫ. ਡੀ.) ਦਰਾਂ 'ਚ ਵੀ ਕਮੀ ਕਰ ਦਿੱਤੀ ਹੈ।
ਭਾਰਤੀ ਸਟੇਟ ਬੈਂਕ (ਐੱਸ. ਬੀ. ਆਈ.) ਨੇ ਵੱਖ-ਵੱਖ MCLR ਲੋਨ ਦਰਾਂ 'ਚ 0.05 ਫੀਸਦੀ ਤੱਕ ਦੀ ਕਟੌਤੀ ਕੀਤੀ ਹੈ, ਜੋ 10 ਫਰਵਰੀ ਤੋਂ ਲਾਗੂ ਹੋ ਜਾਵੇਗੀ।
ਇਸ ਨਾਲ ਭਾਰਤੀ ਸਟੇਟ ਬੈਂਕ ਦੀ ਇਕ ਸਾਲ ਵਾਲੀ MCLR ਦਰ 7.90 ਫੀਸਦੀ ਤੋਂ ਘੱਟ ਕੇ 7.85 ਫੀਸਦੀ ਹੋ ਗਈ ਹੈ। ਬੈਂਕ ਨੇ ਕਿਹਾ ਕਿ ਵਿੱਤੀ ਸਾਲ 2019-20 'ਚ ਉਸ ਨੇ MCLR ਦਰਾਂ 'ਚ ਨੌਂਵੀ ਵਾਰ ਕਟੌਤੀ ਕੀਤੀ ਹੈ। ਉੱਥੇ ਹੀ, ਹੋਮ ਲੋਨ ਗਾਹਕਾਂ ਲਈ ਖੁਸ਼ਖਬਰੀ ਹੈ, ਇਹ ਹੋਰ ਸਸਤੇ ਹੋ ਸਕਦੇ ਹਨ ਕਿਉਂਕਿ ਐੱਸ. ਬੀ. ਆਈ. ਨੇ ਕਿਹਾ ਕਿ ਰਿਜ਼ਰਵ ਬੈਂਕ ਦੀ ਹਾਲ ਹੀ ਦੀ ਨੀਤੀ ਅਤੇ ਡਿਪਾਜ਼ਿਟ ਦਰਾਂ 'ਚ ਗਿਰਾਵਟ ਨਾਲ MCLR ਦਰਾਂ 'ਚ ਹੋਰ ਕਮੀ ਕੀਤੀ ਜਾ ਸਕਦੀ ਹੈ। ਵੀਰਵਾਰ ਦੀ ਨੀਤੀਗਤ ਸਮੀਖਿਆ 'ਚ ਆਰ. ਬੀ. ਆਈ. ਨੇ ਰੇਪੋ ਰੇਟ 'ਚ ਕੋਈ ਤਬਦੀਲੀ ਨਾਲ ਨਹੀਂ ਕੀਤੀ ਪਰ ਗਾਹਕਾਂ ਨੂੰ ਲੋਨ 'ਤੇ ਰਾਹਤ ਦਿਵਾਉਣ ਲਈ ਹੋਰ ਬਹੁਤ ਸਾਰੇ ਉਪਾਵਾਂ ਦੀ ਘੋਸ਼ਣਾ ਕੀਤੀ ਹੈ।
FD 'ਤੇ ਇੰਟਰਸਟ ਰੇਟ-
ਭਾਰਤੀ ਸਟੇਟ ਬੈਂਕ ਨੇ ਐੱਫ. ਡੀ. ਦਰਾਂ 'ਚ 0.10 ਫੀਸਦੀ ਤੱਕ ਦੀ ਕਟੌਤੀ ਕਰ ਦਿੱਤੀ ਹੈ। ਇਕ ਸਾਲ ਦੀ ਨਵੀਂ ਐੱਫ. ਡੀ. ਕਰਵਾਉਣ 'ਤੇ ਹੁਣ ਸਿਰਫ 6 ਫੀਸਦੀ ਵਿਆਜ ਮਿਲੇਗਾ, ਜੋ ਪਹਿਲਾਂ 6.10 ਫੀਸਦੀ ਮਿਲ ਰਿਹਾ ਸੀ। ਉੱਥੇ ਹੀ, 60 ਸਾਲ ਤੋਂ ਵੱਧ ਉਮਰ ਦੇ ਲੋਕਾਂ ਨੂੰ 6.60 ਫੀਸਦੀ ਦੀ ਜਗ੍ਹਾ 6.50 ਫੀਸਦੀ ਵਿਆਜ ਦਿੱਤਾ ਜਾਵੇਗਾ।
2 ਸਾਲ ਤੋਂ ਲੈ ਕੇ 10 ਸਾਲ ਤੱਕ ਦੀ ਐੱਫ. ਡੀ. ਕਰਵਾਉਣ 'ਤੇ ਵੀ ਜਨਰਲ ਪਬਲਿਕ ਨੂੰ 6 ਫੀਸਦੀ ਤੇ ਸੀਨੀਅਰ ਸਿਟੀਜ਼ਨਸ ਨੂੰ 6.50 ਫੀਸਦੀ ਰਿਟਰਨ ਮਿਲੇਗਾ।