ਬੈਂਕਾਂ ਨੂੰ ਰਿਕਵਰੀ ਦੇ ਰੂਪ ਵਿਚ ਮਿਲਣ ਵਾਲਾ ਹੈ 37,400 ਕਰੋੜ ਰੁ: ਦਾ ਚੈੱਕ
Tuesday, Sep 28, 2021 - 11:31 AM (IST)
ਨਵੀਂ ਦਿੱਲੀ- ਭਾਰਤੀ ਸਟੇਟ ਬੈਂਕ (ਐੱਸ. ਬੀ. ਆਈ.) ਤੇ ਕਈ ਦੂਜੇ ਬੈਂਕਾਂ ਲਈ ਚੰਗੀ ਖ਼ਬਰ ਹੈ। ਇਸ ਹਫ਼ਤੇ ਉਨ੍ਹਾਂ ਨੂੰ ਰਿਕਵਰੀ ਦੇ ਰੂਪ ਵਿਚ 37,400 ਕਰੋੜ ਰੁਪਏ ਦਾ ਚੈੱਕ ਮਿਲਣ ਜਾ ਰਿਹਾ ਹੈ। ਪੀਰਾਮਲ ਕੈਪੀਟਲ ਐਂਡ ਹਾਊਸ ਫਾਈਨੈਂਸ (ਪੀ. ਸੀ. ਐੱਚ. ਐੱਫ.) ਸੰਕਟ ਨਾਲ ਜੂਝ ਰਹੀ ਹੋਮ ਫਾਇਨੈਂਸਰ ਕੰਪਨੀ ਦੀਵਾਨ ਹਾਊਸਿੰਗ ਫਾਇਨੈਂਸ (ਡੀ. ਐੱਚ. ਐੱਫ. ਐੱਲ.) ਨੂੰ ਖ਼ਰੀਦਣ ਜਾ ਰਹੀ ਹੈ। ਸੂਤਰਾਂ ਦਾ ਕਹਿਣਾ ਹੈ ਕਿ ਇਹ ਡੀਲ ਇਸੇ ਮਹੀਨੇ ਪੂਰੀ ਹੋ ਸਕਦੀ ਹੈ।
ਇਸ ਨਾਲ ਬੈਂਕਾਂ ਨੂੰ ਅਗਾਊਂ ਨਕਦੀ ਤੇ ਨਾਨ ਕਨਵਰਟੀਬਲ ਡਿਬੈਂਚਰਜ਼ (ਐੱਨ. ਸੀ. ਡੀਸ.) ਦੇ ਰੂਪ ਵਿਚ ਆਪਣਾ ਬਕਾਇਆ ਮਿਲੇਗਾ। ਇਸ ਨੂੰ ਇਸ ਵਿੱਤੀ ਸਾਲ ਵਿਚ ਫਸੇ ਕਰਜ਼ ਦੀ ਸਭ ਤੋਂ ਵੱਡੀ ਰਿਕਵਰੀ ਮੰਨਿਆ ਜਾ ਰਿਹਾ ਹੈ।
ਸੂਤਰਾਂ ਮੁਤਾਬਕ, ਡੀ. ਐੱਚ. ਐੱਫ. ਐੱਲ. ਨੂੰ ਕਰਜ਼ ਦੇਣ ਵਾਲੇ ਬੈਂਕਾਂ ਨੂੰ ਇਸ ਹਫ਼ਤੇ ਕੈਸ਼ ਵਾਲਾ ਹਿੱਸਾ ਮਿਲ ਜਾਵੇਗਾ। ਇਸ ਨਾਲ ਉਨ੍ਹਾਂ ਨੂੰ ਆਪਣੀ ਵਿੱਤੀ ਸਥਿਤੀ ਸੁਧਾਰਨ ਵਿਚ ਮਦਦ ਮਿਲੇਗੀ ਅਤੇ ਦੂਜੀ ਤਿਮਾਹੀ ਵਿਚ ਉਨ੍ਹਾਂ ਦਾ ਮੁਨਾਫਾ ਵਧ ਸਕਦਾ ਹੈ। ਬੈਂਕਾਂ ਨੂੰ ਰਿਕਵਰੀ ਦਾ 20 ਫ਼ੀਸਦੀ ਹਿੱਸਾ ਕੈਸ਼ ਦੇ ਰੂਪ ਵਿਚ ਮਿਲੇਗਾ। ਐੱਸ. ਬੀ. ਆਈ. ਅਤੇ ਦੂਜੇ ਬੈਂਕਾਂ ਨੇ ਡੀ. ਐੱਚ. ਐੱਫ. ਐੱਲ. 'ਤੇ 87,000 ਕਰੋੜ ਰੁਪਏ ਦੇ ਬਕਾਏ ਦਾ ਦਾਅਵਾ ਕੀਤਾ ਹੈ। ਇਸ ਵਿਚ ਸਿਰਫ ਐੱਸ. ਬੀ. ਆਈ. ਦਾ ਹੀ ਕੰਪਨੀ 'ਤੇ 7,267 ਕਰੋੜ ਰੁਪਏ ਬਕਾਇਆ ਹੈ। ਬੈਂਕ ਆਫ ਇੰਡੀਆ ਨੇ 4,125 ਕਰੋੜ ਰੁਪਏ ਅਤੇ ਯੂਨੀਅਨ ਬੈਂਕ ਆਫ ਇੰਡੀਆ ਨੇ 3,605 ਕਰੋੜ ਰੁਪਏ ਦੇ ਬਕਾਏ ਦਾ ਦਾਅਵਾ ਕੀਤਾ ਹੈ।