ਸਾਊਦੀ ਅਰਬ ਨੂੰ ਤੇਲ ਕੰਪਨੀ ਅਰਾਮਕੋ ਤੋਂ ਮਿਲਣ ਵਾਲਾ ਟੈਕਸ 30 ਫ਼ੀਸਦ ਘਟਿਆ

Tuesday, Mar 23, 2021 - 10:25 AM (IST)

ਸਾਊਦੀ ਅਰਬ ਨੂੰ ਤੇਲ ਕੰਪਨੀ ਅਰਾਮਕੋ ਤੋਂ ਮਿਲਣ ਵਾਲਾ ਟੈਕਸ 30 ਫ਼ੀਸਦ ਘਟਿਆ

ਦੁਬਈ (ਭਾਸ਼ਾ) – ਕੋਰੋਨਾ ਲਾਗ ਦੀ ਬੀਮਾਰੀ ਕਾਰਣ ਅਰਥਵਿਵਸਥਾ ਨੂੰ ਹੋਏ ਨੁਕਸਾਨ ਦਾ ਅਸਰ ਅਰਾਮਕੋ ਕੰਪਨੀ ਦੇ ਸਰਕਾਰ ਨੂੰ ਕੀਤੇ ਜਾਣ ਵਾਲੇ ਭੁਗਤਾਨ ’ਤੇ ਦਿਖਾਈ ਦਿੱਤਾ। ਸਾਲ 2020 ’ਚ ਸਾਊਦੀ ਅਰਬ ਦੀ ਤੇਲ ਕੰਪਨੀ ਅਰਾਮਕੋ ਨੇ ਟੈਕਸ ਦੇ ਰੂਪ ’ਚ ਸਰਕਾਰ ਨੂੰ 30 ਫੀਸਦੀ ਘੱਟ ਭੁਗਤਾਨ ਕੀਤਾ ਹੈ।

ਸਾਊਦੀ ਅਰਾਮਕੋ ਨੇ ਕਿਹਾ ਕਿ ਦੇਸ਼ ਦੀ ਸਭ ਤੋਂ ਵੱਡੀ ਟੈਕਸਦਾਤਾ ਕੰਪਨੀ ਨੇ 2020 ’ਚ 110 ਅਰਬ ਡਾਲਰ ਦਾ ਭੁਗਤਾਨ ਕੀਤਾ ਹੈ ਜੋ ਇਕ ਸਾਲ ਪਹਿਲਾਂ ਦਿੱਤੇ ਗਏ 159 ਅਰਬ ਡਾਲਰ ਤੋਂ 30 ਫੀਸਦੀ ਘੱਟ ਹੈ।

ਸਾਊਦੀ ਅਰਬ ਨੇ 2021 ਦੇ ਬਜਟ ’ਚ 263 ਅਰਬ ਡਾਲਰ ਦੇ ਖਰਚੇ ਦੀ ਯੋਜਨਾ ਬਣਾਈ ਹੈ। ਇਸ ਲਿਹਾਜ਼ ਨਾਲ ਸਾਊਦੀ ਅਰਾਮਕੋ ਦੇ ਟੈਕਸ ਭੁਗਤਾਨ ਦੇ ਮਹੱਤਵ ਦਾ ਪਤਾ ਲਗਦਾ ਹੈ। ਜਨਤਕ ਖੇਤਰ ਦੀ ਇਸ ਤੇਲ ਕੰਪਨੀ ਦੇ ਕਾਰੋਬਾਰੀ ਅੰਕੜੇ ਇਸ ਰਾਜਸ਼ਾਹੀ ਦੀ ਵਿੱਤੀ ਸਥਿਤੀ ’ਤੇ ਡੂੰਘਾ ਅਸਰ ਪਾਉਂਦੇ ਹਨ।

ਕੁਲ ਬਰਾਮਦ ’ਚ 80 ਫੀਸਦੀ ਹਿੱਸਾ ਪੈਟਰੋਲੀਅਮ ਦਾ

ਸਾਊਦੀ ਅਰਬ ਦੀ ਕੁਲ ਬਰਾਮਦ ’ਚ 80 ਫੀਸਦੀ ਹਿੱਸਾ ਪੈਟਰੋਲੀਅਮ ਦਾ ਹੁੰਦਾ ਹੈ, ਉਥੇ ਹੀ ਉਸ ਦੇ ਵਿੱਤੀ ਮਾਲੀਏ ’ਚ ਵੀ ਦੋ ਤਿਹਾਈ ਯੋਗਦਾਨ ਇਸੇ ਖੇਤਰ ਤੋਂ ਆਉਂਦਾ ਹੈ। ਅਰਾਮਕੋ ਸਾਲ ਦੌਰਾਨ ਲਾਭ ਅੰਸ਼ ਦੇ ਤੌਰ ’ਤੇ 75 ਅਰਬ ਡਾਲਰ ਦਾ ਭੁਗਤਾਨ ਕਰਨ ਦੇ ਆਪਣੇ ਵਾਅਦੇ ’ਤੇ ਕਾਇਮ ਹੈ। ਇਸ ਦੇ ਬਾਵਜੂਦ ਰਾਇਲਟੀ ਅਤੇ ਇਨਕਮ ਟੈਕਸ ਭੁਗਤਾਨ ’ਚ ਕਮੀ ਅੱਧੇ ਤੋਂ ਵੱਧ ਰਹੀ।

ਕੰਪਨੀ ਦਾ ਲਗਭਗ ਸਾਰਾ ਲਾਭ ਅੰਸ਼ ਸਾਊਦੀ ਸਰਕਾਰ ਨੂੰ ਮਿਲਦਾ ਹੈ। ਕੰਪਨੀ ’ਚ ਸਰਕਾਰ ਦੀ ਹਿੱਸੇਦਾਰੀ 98 ਫੀਸਦੀ ਤੋਂ ਵੱਧ ਹੈ। ਸਾਊਦੀ ਅਰਾਮਕੋ ਨੇ ਐਤਵਾਰ ਨੂੰ ਕਿਹਾ ਕਿ ਉਸ ਦਾ ਲਾਭ 2020 ’ਚ 44 ਫੀਸਦੀ ਘਟ ਕੇ 49 ਅਰਬ ਡਾਲਰ ਰਿਹਾ। ਇਸ ਦਾ ਕਾਰਣ ਕੋਰੋਨਾ ਵਾਇਰਸ ਮਹਾਮਾਰੀ ਕਾਰਣ ਗਲੋਬਲ ਊਰਜਾ ਬਾਜ਼ਾਰ ’ਚ ਆਇਆ ਉਤਰਾਅ-ਚੜ੍ਹਾਅ ਰਿਹਾ ਹੈ।


author

Harinder Kaur

Content Editor

Related News