S&P ਨੇ 2023-24 ’ਚ ਭਾਰਤ ਦੀ ਵਿਕਾਸ ਦਰ 6 ਫ਼ੀਸਦੀ ਰਹਿਣ ਦਾ ਅਨੁਮਾਨ ਰੱਖਿਆ ਬਰਕਰਾਰ
Tuesday, Jun 27, 2023 - 10:57 AM (IST)
ਨਵੀਂ ਦਿੱਲੀ (ਭਾਸ਼ਾ) - ਐੱਸ. ਐਂਡ ਪੀ. ਗਲੋਬਲ ਰੇਟਿੰਗਸ ਨੇ ਭਾਰਤ ਦੀ ਜੀ. ਡੀ. ਪੀ. ਵਿਕਾਸ ਦਰ 6 ਫ਼ੀਸਦੀ ਰਹਿਣ ਦਾ ਅਨੁਮਾਨ ਬਰਕਰਾਰ ਰੱਖਿਆ ਹੈ। ਰੇਟਿੰਗ ਏਜੰਸੀ ਨੇ ਨਾਲ ਹੀ ਕਿਹਾ ਕਿ ਏਸ਼ੀਆ ਪ੍ਰਸ਼ਾਂਤ ਖੇਤਰ ’ਚ ਭਾਰਤ ਦੀ ਵਿਕਾਸ ਦਰ ਸਭ ਤੋਂ ਵੱਧ ਹੋਵੇਗੀ। ਘਰੇਲੂ ਅਰਥਵਿਵਸਥਾ ਦੀ ਮਜ਼ਬੂਤੀ ਕਾਰਣ ਚਾਲੂ ਵਿੱਤੀ ਸਾਲ ਅਤੇ ਅਗਲੇ ਵਿੱਤੀ ਸਾਲ ਦੇ ਵਿਕਾਸ ਅਨੁਮਾਨਾਂ ਨੂੰ ਸਥਿਰ ਰੱਖਿਆ ਗਿਆ ਹੈ। ਪਿਛਲੇ ਵਿਕਾਸ ਦਰ ਅਨੁਮਾਨ ਮਾਰਚ ’ਚ ਐਲਾਨ ਕੀਤੇ ਗਏ ਸਨ।
ਐੱਸ. ਐਂਡ ਪੀ. ਗਲੋਬਲ ਰੇਟਿੰਗਸ ਨੇ ਏਸ਼ੀਆ-ਪ੍ਰਸ਼ਾਂਤ ਲਈ ਆਪਣੀ ਤਿਮਾਹੀ ਆਰਥਿਕ ਸਮੀਖਿਆ ’ਚ ਕਿਹਾ ਕਿ ਸਾਡਾ ਅਨੁਮਾਨ ਹੈ ਕਿ ਭਾਰਤ, ਵੀਅਤਨਾਮ ਅਤੇ ਫਿਲੀਪੀਂਸ ਦੀ ਵਿਕਾਸ ਦਰ ਲਗਭਗ 6 ਫ਼ੀਸਦੀ ਰਹੇਗੀ। ਮੁੱਖ ਅਰਥਸ਼ਾਸਤਰੀ (ਏਸ਼ੀਆ-ਪ੍ਰਸ਼ਾਂਤ) ਲੁਇਸ ਕੁਇਜ ਨੇ ਕਿਹਾ ਕਿ ਦਰਮਿਆਨੀ ਮਿਆਦ ਲਈ ਵਿਕਾਸ ਅਨੁਮਾਨ ਉਮੀਦ ਨਾਲੋਂ ਵੱਧ ਮਜ਼ਬੂਤ ਬਣਿਆ ਹੋਇਆ ਹੈ। ਏਸ਼ੀਆ ਦੀਆਂ ਉੱਭਰਦੀਆਂ ਬਾਜ਼ਾਰ ਅਰਥਵਿਵਸਥਾਵਾਂ 2026 ਤੱਕ ਸਾਡੇ ਗਲੋਬਲ ਵਿਕਾਸ ਦ੍ਰਿਸ਼ ’ਚ ਸਭ ਤੋਂ ਤੇਜ਼ੀ ਨਾਲ ਵਧਣ ਵਾਲੀਆਂ ਅਰਥਵਿਵਸਥਾਵਾਂ ’ਚ ਬਣੀਆਂ ਹੋਈਆਂ ਹਨ।
ਐੱਸ. ਐਂਡ ਪੀ. ਨੇ ਕਿਹਾ ਕਿ ਚਾਲੂ ਵਿੱਤੀ ਸਾਲ ’ਚ ਪ੍ਰਚੂਨ ਮਹਿੰਗਾਈ 6.7 ਫ਼ੀਸਦੀ ਤੋਂ ਘਟ ਕੇ ਪੰਜ ਫ਼ੀਸਦੀ ਰਹਿਣ ਦਾ ਅਨੁਮਾਨ ਹੈ ਅਤੇ ਆਰ. ਬੀ. ਆਈ. ਅਗਲੇ ਸਾਲ ਦੀ ਸ਼ੁਰੂਆਤ ’ਚ ਹੀ ਵਿਆਜ ਦਰਾਂ ’ਚ ਕਟੌਤੀ ਕਰ ਸਕਦਾ ਹੈ। ਰੇਟਿੰਗ ਏਜੰਸੀ ਨੇ ਕਿਹਾ ਕਿ ਆਮ ਮਾਨਸੂਨ ਅਤੇ ਕੱਚੇ ਤੇਲ ਦੀਆਂ ਕੀਮਤਾਂ ’ਚ ਕਮੀ ਕਾਰਣ ਮਹਿੰਗਾਈ ਨਰਮ ਪਵੇਗੀ। ਐੱਸ. ਐਂਡ ਪੀ. ਨੇ 2023 ਲਈ ਚੀਨ ਦੀ ਵਿਕਾਸ ਦਰ ਦਾ ਅਨੁਮਾਨ 5.5 ਫ਼ੀਸਦੀ ਤੋਂ ਘਟਾ ਕੇ 5.2 ਫ਼ੀਸਦੀ ਕਰ ਦਿੱਤਾ ਹੈ।