S&P ਦਾ ਦਾਅਵਾ : ਸਾਲ 2031 ਤੱਕ 6.7 ਟ੍ਰਿਲੀਅਨ ਡਾਲਰ ਹੋ ਜਾਵੇਗੀ ਭਾਰਤ ਦੀ ਅਰਥਵਿਵਸਥਾ
Friday, Aug 04, 2023 - 12:52 PM (IST)
ਬਿਜ਼ਨੈੱਸ ਡੈਸਕ : ਵਿੱਤੀ ਸਾਲ 2030-31 ਤੱਕ ਭਾਰਤ ਦੀ ਅਰਥਵਿਵਸਥਾ ਕਰੀਬ ਦੁੱਗਣੀ ਹੋ ਕੇ 6.7 ਟ੍ਰਿਲੀਅਨ ਡਾਲਰ ਦੀ ਹੋ ਜਾਵੇਗੀ, ਜੋ ਮੌਜੂਦਾ ਸਮੇਂ ਵਿੱਚ 3.4 ਟ੍ਰਿਲੀਅਨ ਡਾਲਰ ਦੀ ਹੈ। ਰੇਟਿੰਗ ਏਜੰਸੀ S&P ਗਲੋਬਲ ਨੇ ਭਾਰਤੀ ਅਰਥਵਿਵਸਥਾ ਨੂੰ ਲੈ ਕੇ ਜਾਰੀ ਕੀਤੀ ਆਪਣੀ ਰਿਪੋਰਟ 'ਚ ਇਹ ਗੱਲਾਂ ਕਹੀਆਂ ਹਨ। ਰੇਟਿੰਗ ਏਜੰਸੀ ਨੇ ਕਿਹਾ ਕਿ ਵਿੱਤੀ ਸਾਲ 2023-24 ਤੋਂ ਲੈ ਕੇ 2030-31 ਤੱਕ ਭਾਰਤ ਦੀ ਅਰਥਵਿਵਸਥਾ 6.7 ਫ਼ੀਸਦੀ ਸਾਲਾਨਾ ਦੀ ਦਰ ਨਾਲ ਵਧੇਗੀ।
S&P ਗਲੋਬਲ ਨੇ ਕਿਹਾ ਕਿ ਵਿੱਤੀ ਸਾਲ 2031-32 ਤੱਕ ਭਾਰਤ ਦੀ ਪ੍ਰਤੀ ਵਿਅਕਤੀ ਆਮਦਨ 4500 ਡਾਲਰ ਹੋ ਜਾਵੇਗੀ, ਜੋ ਮੌਜੂਦਾ ਸਮੇਂ ਵਿੱਚ 2500 ਦੇ ਕਰੀਬ ਹੈ। ਰਿਪੋਰਟ ਵਿੱਚ ਕਿਹਾ ਕਿ ਭਵਿੱਖ ਵਿੱਚ ਵਿਕਾਸ ਨੂੰ ਤੇਜ਼ ਕਰਨ ਲਈ ਕਰਮਚਾਰੀਆਂ ਵਿੱਚ ਔਰਤਾਂ ਦੀ ਭਾਗੀਦਾਰੀ ਬਹੁਤ ਮਹੱਤਵਪੂਰਨ ਹੈ। ਵਿੱਤੀ ਸਾਲ 2021-22 ਵਿੱਚ ਕੁੱਲ ਕਾਰਜਬਲ ਵਿੱਚ ਔਰਤਾਂ ਦੀ ਭਾਗੀਦਾਰੀ ਸਿਰਫ਼ 24 ਫ਼ੀਸਦੀ ਹੈ। ਰਿਪੋਰਟ ਮੁਤਾਬਕ ਭਾਰਤ ਦਾ ਸੇਵਾਵਾਂ ਨਿਰਯਾਤ ਦੇਸ਼ ਦੇ ਆਰਥਿਕ ਵਿਕਾਸ ਦਾ ਸਭ ਤੋਂ ਵੱਡਾ ਇੰਜਣ ਸਾਬਤ ਹੋਣ ਜਾ ਰਿਹਾ ਹੈ। S&P ਗਲੋਬਲ ਨੇ ਆਪਣੀ ਰਿਪੋਰਟ 'ਚ ਕਿਹਾ ਹੈ ਕਿ ਵਿੱਤੀ ਸੇਵਾਵਾਂ 'ਤੇ ਹੋਣ ਵਾਲਾ ਖ਼ਰਚ ਮੌਜੂਦਾ ਸਮੇਂ 'ਚ 280 ਅਰਬ ਡਾਲਰ ਤੋਂ ਵਧ ਕੇ 670 ਅਰਬ ਡਾਲਰ ਹੋ ਜਾਵੇਗਾ।
S&P ਗਲੋਬਲ ਦੇ ਅਨੁਸਾਰ ਸਟਾਰਟਅੱਪਸ ਵਿੱਚ ਉੱਦਮ ਪੂੰਜੀ ਫੰਡਿੰਗ 2030 ਤੱਕ ਦੁੱਗਣੀ ਹੋ ਜਾਵੇਗੀ। ਇਲੈਕਟ੍ਰੀਕਲ ਵਹੀਕਲਜ਼, ਸਪੇਸ ਟੈਕਨਾਲੋਜੀ, ਆਰਟੀਫੀਸ਼ੀਅਲ ਇੰਟੈਲੀਜੈਂਸ, ਡਰੋਨ ਰੋਬੋਟਿਕਸ ਅਤੇ ਕਲੀਨ ਟੈਕਨਾਲੋਜੀ ਵਰਗੇ ਨਵੇਂ ਵਰਟੀਕਲ ਆਉਣ ਵਾਲੇ ਦਿਨਾਂ ਵਿੱਚ ਸਭ ਤੋਂ ਵੱਧ ਲਾਭ ਲੈਣ ਜਾ ਰਹੇ ਹਨ। ਇਨ੍ਹਾਂ ਸੈਕਟਰਾਂ ਵਿੱਚ ਪੂੰਜੀ ਦਾ ਪ੍ਰਵਾਹ ਇਸ ਦਹਾਕੇ ਦੇ ਅੰਤ ਤੱਕ ਭਾਰਤ ਦੀ 6.7 ਫ਼ੀਸਦੀ ਦੀ ਔਸਤ GDP ਵਿਕਾਸ ਦਰ ਵਿੱਚ 53 ਫ਼ੀਸਦੀ ਯੋਗਦਾਨ ਪਾਵੇਗਾ।