ਪਾਬੰਦੀਆਂ ਕਾਰਨ ਰੂਸ ਦਾ ਅੱਧਾ ਸੋਨਾ ਅਤੇ ਵਿਦੇਸ਼ੀ ਮੁਦਰਾ ਭੰਡਾਰ ਜ਼ਬਤ

Monday, Mar 14, 2022 - 12:35 PM (IST)

ਪਾਬੰਦੀਆਂ ਕਾਰਨ ਰੂਸ ਦਾ ਅੱਧਾ ਸੋਨਾ ਅਤੇ ਵਿਦੇਸ਼ੀ ਮੁਦਰਾ ਭੰਡਾਰ ਜ਼ਬਤ

ਮਾਸਕੋ (ਇੰਟ.) - ਯੂਕ੍ਰੇਨ ’ਤੇ ਹਮਲੇ ਕਾਰਨ ਅਮਰੀਕਾ ਸਮੇਤ ਕਈ ਦੇਸ਼ਾਂ ਨੇ ਰੂਸ ’ਤੇ ਪਾਬੰਦੀਆਂ ਲਗਾ ਦਿੱਤੀਆਂ ਹੈ। ਇਸ ਕਾਰਨ ਰੂਸ ਦਾ ਲਗਭਗ ਅੱਧਾ ਸੋਨਾ ਅਤੇ ਵਿਦੇਸ਼ੀ ਮੁਦਰਾ ਭੰਡਾਰ ਜ਼ਬਤ ਹੋ ਗਿਆ ਹੈ। ਅਜਿਹੇ ਸਮੇਂ ਰੂਸ ਲਗਭਗ ਢਹਿ-ਢੇਰੀ ਹੋ ਚੁੱਕੀ ਅਰਥਵਿਵਸਥਾ ਨੂੰ ਮੁੜ ਸੁਰਜੀਤ ਕਰਨ ਲਈ ਚੀਨ ਵੱਲ ਦੇਖ ਰਿਹਾ ਹੈ। ਰੂਸ ਨੂੰ ਉਮੀਦ ਹੈ ਕਿ ਚੀਨ ਪੱਛਮੀ ਪਾਬੰਦੀਆਂ ਨੂੰ ਦੂਰ ਕਰਨ ’ਚ ਮਦਦ ਕਰੇਗਾ। ਅਮਰੀਕਾ, ਬ੍ਰਿਟੇਨ ਅਤੇ ਯੂਰਪੀ ਸੰਘ ਨੇ ਧਮਕੀ ਦਿੱਤੀ ਹੈ ਕਿ ਜੇਕਰ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਯੂਕ੍ਰੇਨ ’ਤੇ ਫੌਜੀ ਕਾਰਵਾਈ ਬੰਦ ਨਾ ਕੀਤੀ ਤਾਂ ਆਉਣ ਵਾਲੇ ਦਿਨਾਂ ’ਚ ਪਾਬੰਦੀਆਂ ਦਾ ਪੱਧਰ ਹੋਰ ਵਧਾ ਦਿੱਤਾ ਜਾਵੇਗਾ।

ਰੂਸ ਦੇ ਵਿੱਤ ਮੰਤਰੀ ਐਂਟੋਨ ਸਿਲੂਆਨੋਵ ਨੇ ਕਿਹਾ ਕਿ ਸਾਡੇ ਕੋਲ ਚੀਨੀ ਮੁਦਰਾ ਯੂਆਨ ’ਚ ਸੋਨਾ ਅਤੇ ਵਿਦੇਸ਼ੀ ਮੁਦਰਾ ਭੰਡਾਰ ਦਾ ਇਕ ਹਿੱਸਾ ਹੈ। ਸਿਲੁਆਨੋਵ ਨੇ ਐਤਵਾਰ ਨੂੰ ਕਿਹਾ ਕਿ ਪਾਬੰਦੀਆਂ ਨੇ ਰੂਸ ਦੇ ਸੋਨੇ ਅਤੇ ਵਿਦੇਸ਼ੀ ਮੁਦਰਾ ਭੰਡਾਰ ’ਚ 640 ਅਰਬ ਡਾਲਰ ’ਚੋਂ 300 ਅਰਬ ਡਾਲਰ ਨੂੰ ਰੋਕ ਦਿੱਤਾ ਹੈ। ਅਸੀਂ ਦੇਖਾਂਗੇ ਕਿ ਪੱਛਮੀ ਦੇਸ਼ ਚੀਨ ਨਾਲ ਆਪਸੀ ਵਪਾਰ ਨੂੰ ਸੀਮਤ ਕਰਨ ਲਈ ਬੀਜਿੰਗ ’ਤੇ ਕੀ ਦਬਾਅ ਪਾ ਰਹੇ ਹਨ। ਇਸ ’ਚ ਕੋਈ ਸ਼ੱਕ ਨਹੀਂ ਹੈ ਕਿ ਉਨ੍ਹਾਂ ਭੰਡਾਰਾਂ ਤੱਕ ਸਾਡੀ ਪਹੁੰਚ ਨੂੰ ਸੀਮਤ ਕਰਨ ਦਾ ਦਬਾਅ ਹੈ। ਉਨ੍ਹਾਂ ਕਿਹਾ ਕਿ ਚੀਨ ਨਾਲ ਸਾਡੀ ਭਾਈਵਾਲੀ ਕਾਰਨ ਅਸੀਂ ਅਜੇ ਵੀ ਉਸ ਸਹਿਯੋਗ ਨੂੰ ਬਰਕਰਾਰ ਰੱਖਣ ਦੇ ਯੋਗ ਹੋਵਾਂਗੇ, ਜੋ ਅਸੀਂ ਹਾਸਲ ਕੀਤਾ ਹੈ। ਅਸੀਂ ਨਾ ਸਿਰਫ਼ ਇਸ ਨੂੰ ਬਰਕਰਾਰ ਰੱਖਾਂਗੇ, ਸਗੋਂ ਇਸ ਨੂੰ ਅਜਿਹੇ ਮਾਹੌਲ ’ਚ ਵੀ ਵਧਾਵਾਂਗੇ, ਜਦੋਂ ਪੱਛਮੀ ਬਾਜ਼ਾਰ ਸਾਡੇ ਲਈ ਬੰਦ ਹੋ ਰਹੇ ਹਨ।


author

Harinder Kaur

Content Editor

Related News