68 ਡਾਲਰ ਤੋਂ ਉੱਪਰ ਰਿਹਾ ਕੱਚਾ ਤੇਲ ਤਾਂ ਬਾਹਰ ਪੈਸੇ ਭੇਜਣਾ ਹੋ ਸਕਦੈ ਮਹਿੰਗਾ
Sunday, Mar 14, 2021 - 12:19 PM (IST)
ਮੁੰਬਈ- ਬਾਹਰ ਪੈਸੇ ਭੇਜਣ ਲਈ ਜੇਬ ਢਿੱਲੀ ਕਰਨੀ ਪੈ ਸਕਦੀ ਹੈ। ਗਲੋਬਲ ਬਾਜ਼ਾਰਾਂ ਵਿਚ ਕੱਚਾ ਤੇਲ ਮਹਿੰਗਾ ਹੋਣ ਨਾਲ ਭਾਰਤੀ ਕਰੰਸੀ 'ਤੇ ਦਬਾਅ ਵੱਧ ਸਕਦਾ ਹੈ, ਜਿਸ ਕਾਰਨ ਅਗਲੇ ਹਫ਼ਤੇ ਰੁਪਏ ਵਿਚ ਨਰਮੀ ਦੇਖਣ ਨੂੰ ਮਿਲ ਸਕਦੀ ਹੈ। ਵਿਸ਼ਲੇਸ਼ਕਾਂ ਨੇ ਇਹ ਸੰਭਾਵਨਾ ਜਤਾਈ ਹੈ। ਪਿਛਲੇ ਹਫ਼ਤੇ ਰੁਪਿਆ 73.95 ਤੋਂ ਮਜਬੂਤ ਹੋ ਕੇ 72.60 ਪ੍ਰਤੀ ਡਾਲਰ 'ਤੇ ਆ ਗਿਆ ਸੀ। ਵਿਸ਼ਲੇਸ਼ਕਾਂ ਮੁਤਾਬਕ, ਕੱਚਾ ਤੇਲ 68 ਡਾਲਰ ਪ੍ਰਤੀ ਬੈਰਲ ਤੋਂ ਉੱਪਰ ਬਣੇ ਰਹਿਣ ਦਾ ਅਨੁਮਾਨ ਹੈ, ਇਸ ਨਾਲ ਘਰੇਲੂ ਮਹਿੰਗਾਈ ਦੇ ਨਾਲ-ਨਾਲ ਕਰੰਸੀ 'ਤੇ ਦਬਾਅ ਵਧੇਗਾ।
ਐਡਲਵਾਈਸ ਸਕਿਓਰਟੀਜ਼ ਦੇ (ਫੋਰੈਕਸ ਐਂਡ ਰੇਟਸ) ਦੇ ਮੁਖੀ, ਸੇਜਲ ਗੁਪਤਾ ਨੇ ਕਿਹਾ, ''ਕੱਚਾ ਤੇਲ 68 ਡਾਲਰ ਪ੍ਰਤੀ ਬੈਰਲ ਤੋਂ ਉੱਪਰ ਰਹਿਣਾ ਰੁਪਏ ਲਈ ਨੁਕਸਾਨਦਾਇਕ ਹੈ। ਅਗਲੇ ਹਫ਼ਤੇ ਇਸ ਦੇ 72.55 ਤੋਂ 73.25 ਤੱਕ ਦੀ ਰੇਂਜ ਵਿਚ ਰਹਿਣ ਦੀ ਉਮੀਦ ਕੀਤੀ ਜਾ ਸਕਦੀ ਹੈ।"
ਹਾਲਾਂਕਿ, ਉਨ੍ਹਾਂ ਕਿਹਾ ਕਿ ਜੇਕਰ ਨਿਫਟੀ 15,400 ਤੋਂ ਉੱਪਰ ਜਾਂਦਾ ਹੈ ਤਾਂ ਰੁਪਿਆ ਹੋਰ ਮਜ਼ਬੂਤ ਹੋ ਸਕਦਾ ਹੈ ਪਰ ਇਸ ਦੀ ਸੰਭਾਵਨਾ ਘੱਟ ਦਿਖਾਈ ਦਿੰਦੀ ਹੈ। ਇਸ ਤੋਂ ਇਲਾਵਾ ਮਹਿੰਗਾਈ ਦਰ ਤੇ ਉਦਯੋਗਿਕ ਉਤਪਾਦਨ ਦੇ ਅੰਕੜੇ ਰੁਪਏ ਲਈ ਨਿਰਾਸ਼ਾਜਨਕ ਹੋ ਸਕਦੇ ਹਨ। ਫਰਵਰੀ ਵਿਚ ਪ੍ਰਚੂਨ ਮਹਿੰਗਾਈ 5.03 ਫ਼ੀਸਦੀ 'ਤੇ ਪਹੁੰਚ ਗਈ, ਜੋ ਜਨਵਰੀ ਵਿਚ 4.06 ਫ਼ੀਸਦੀ ਸੀ। ਉੱਥੇ ਹੀ, ਉਦਯੋਗਿਕ ਉਤਪਾਦਨ ਵਿਚ ਜਨਵਰੀ ਵਿਚ 1.6 ਫ਼ੀਸਦੀ ਗਿਰਾਵਟ ਦਰਜ ਹੋਈ ਹੈ। ਇਸ ਦੇ ਨਾਲ ਹੀ ਅਗਲੇ ਹਫ਼ਤੇ ਅਮਰੀਕੀ ਫੈਡਰਲ ਰਿਜ਼ਰਵ ਦੀ ਹੋਣ ਵਾਲੀ ਬੈਠਕ 'ਤੇ ਵੀ ਨਜ਼ਰ ਰਹੇਗੀ ਕਿ ਉਹ ਬਾਂਡ ਯੀਲਡ ਵਿਚ ਤੇਜ਼ੀ ਬਾਰੇ ਕੀ ਟਿੱਪਣੀ ਕਰਦਾ ਹੈ।