ਰੁਪਇਆ ਦੂਜੇ ਦੇਸ਼ਾਂ ਦੀ ਕਰੰਸੀ ਤੋਂ ਮਜ਼ਬੂਤ, ਸਰਕਾਰ ਨਹੀਂ ਵਧਣ ਦੇਵੇਗੀ ਅਸਥਿਰਤਾ : ਸ਼ਕਤੀਕਾਂਤ ਦਾਸ

Saturday, Jul 23, 2022 - 11:22 AM (IST)

ਰੁਪਇਆ ਦੂਜੇ ਦੇਸ਼ਾਂ ਦੀ ਕਰੰਸੀ ਤੋਂ ਮਜ਼ਬੂਤ, ਸਰਕਾਰ ਨਹੀਂ ਵਧਣ ਦੇਵੇਗੀ ਅਸਥਿਰਤਾ : ਸ਼ਕਤੀਕਾਂਤ ਦਾਸ

ਮੁੰਬਈ (ਯੂ. ਐੱਨ. ਆਈ.) – ਹਾਲ ਹੀ ਦੇ ਦਿਨਾਂ ’ਚ ਰੁਪਏ ’ਚ ਡਾਲਰ ਦੇ ਮੁਕਾਬਲੇ ਕਾਫੀ ਗਿਰਾਵਟ ਆਈ ਹੈ ਅਤੇ 80 ਦੇ ਮਨੋਵਿਗਿਆਨੀ ਪੱਧਰ ਨੂੰ ਪਾਰ ਕਰ ਗਿਆ ਸੀ। ਇਸ ਸਾਲ ਰੁਪਏ ’ਚ ਡਾਲਰ ਦੇ ਮੁਕਾਬਲੇ ਕਰੀਬ 7 ਫੀਸਦੀ ਗਿਰਾਵਟ ਆਈ ਹੈ ਪਰ ਭਾਰਤੀ ਰਿਜ਼ਰਵ ਬੈਂਕ (ਆਰ. ਬੀ. ਆਈ.) ਦੇ ਗਵਰਨਰ ਸ਼ਕਤੀਕਾਂਤ ਦਾਸ ਨੇ ਕਿਹਾ ਕਿ ਵਿਕਸਿਤ ਅਤੇ ਵਿਕਾਸਸ਼ੀਲ ਦੇਸ਼ਾਂ ਦੀ ਕਰੰਸੀ ਦੀ ਤੁਲਨਾ ’ਚ ਰੁਪਇਆ ਜ਼ਿਆਦਾ ਮਜ਼ਬੂਤ ਸਥਿਤੀ ’ਚ ਹੈ। ਆਰ. ਬੀ. ਆਈ. ਗਵਰਨਰ ਨੇ ਕਿਹਾ ਕਿ ਕੇਂਦਰੀ ਬੈਂਕ ਰੁਪਏ ’ਚ ਤੇਜ਼ ਉਤਰਾਅ-ਚੜ੍ਹਾਅ ਅਤੇ ਅਸਥਿਰਤਾ ਨੂੰ ਬਿਲਕੁਲ ਬਰਦਾਸ਼ਤ ਨਹੀਂ ਕਰੇਗਾ। ਆਰ. ਬੀ. ਆਈ. ਦੇ ਕਦਮਾਂ ਨਾਲ ਰੁਪਏ ਦੇ ਸੌਖਾਲੇ ਕਾਰੋਬਾਰ ’ਚ ਮਦਦ ਮਿਲੀ ਹੈ।

ਇਹ ਵੀ ਪੜ੍ਹੋ : Akasa Air  ਨੇ ਜਾਰੀ ਕੀਤੀ ਪਹਿਲੀ ਫਲਾਈਟ ਲਈ ਉਡਾਣ ਦੀ ਤਾਰੀਖ਼ , ਜਾਣੋ ਟਿਕਟ ਦੀ ਸ਼ੁਰੂਆਤੀ ਕੀਮਤ

ਦਾਸ ਨੇ ਕਿਹਾ ਕਿ ਆਰ. ਬੀ. ਆਈ. ਅਮਰੀਕੀ ਡਾਲਰ ਦੀ ਸਪਲਾਈ ਕਰ ਰਿਹਾ ਹੈ ਅਤੇ ਇਸ ਤਰ੍ਹਾਂ ਬਾਜ਼ਾਰ ’ਚ ਨਕਦੀ (ਤਰਲਤਾ) ਦੀ ਲੋੜੀਂਦੀ ਸਪਲਾਈ ਯਕੀਨੀ ਕਰ ਰਿਹਾ ਹੈ। ਉਨ੍ਹਾਂ ਨੇ ਇਹ ਵੀ ਸਪੱਸ਼ਟ ਕੀਤਾ ਕਿ ਆਰ. ਬੀ. ਆਈ. ਨੇ ਰੁਪਏ ਦੇ ਕਿਸੇ ਵਿਸ਼ੇਸ਼ ਪੱਧਰ ਦਾ ਟੀਚਾ ਤੈਅ ਨਹੀਂ ਕੀਤਾ ਹੈ। ਆਰ. ਬੀ. ਆਈ. ਗਵਰਨਰ ਨੇ ਕਿਹਾ ਕਿ ਵਿਦੇਸ਼ੀ ਮੁਦਰਾ ਦੇ ਬੇਰੋਕ ਉਧਾਰ ਤੋਂ ਪ੍ਰੇਸ਼ਾਨ ਹੋਣ ਦੀ ਲੋੜ ਨਹੀਂ ਹੈ। ਵੱਡੀ ਗਿਣਤੀ ’ਚ ਅਜਿਹੇ ਲੈਣ-ਦੇਣ ਜਨਤਕ ਖੇਤਰ ਦੀਆਂ ਕੰਪਨੀਆਂ ਕਰ ਰਹੀਆਂ ਹਨ ਅਤੇ ਸਰਕਾਰ ਲੋੜ ਪੈਣ ’ਤੇ ਇਸ ’ਚ ਦਖਲ ਦੇ ਕੇ ਮਦਦ ਵੀ ਕਰ ਸਕਦੀ ਹੈ।

ਆਰ. ਬੀ. ਆਈ. ਦੀ ਤੈਅ ਲਿਮਿਟ ਤੋਂ ਉੱਪਰ ਹੈ ਮਹਿੰਗਾਈ ਦਰ

ਦਾਸ ਨੇ ਕਿਹਾ ਕਿ ਮਹਿੰਗਾਈ ਟੀਚੇ ਲਈ ਸਾਲ 2016 ’ਚ ਅਪਣਾਏ ਗਏ ਮੌਜੂਦਾ ਢਾਂਚੇ ਨੇ ਬਹੁਤ ਚੰਗਾ ਕੰਮ ਕੀਤਾ ਹੈ। ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਅਰਥਵਿਵਸਥਾ ਅਤੇ ਵਿੱਤੀ ਖੇਤਰ ਦੇ ਹਿੱਤ ਦੀ ਖਾਤਰ ਇਹ ਜਾਰੀ ਰਹਿਣਾ ਚਾਹੀਦਾ ਹੈ। ਉਨ੍ਹਾਂ ਨੇ ਕਿਹਾ ਕਿ ਵਿਆਜ ਦਰਾਂ ਨੂੰ ਵਧਾਉਣ ਅਤੇ ਲਿਕਵਿਡਿਟੀ ਦੇ ਮਾਮਲੇ ’ਚ ਆਰ. ਬੀ. ਆਈ. ਹਮੇਸ਼ਾ ਗ੍ਰੋਥ ਨੂੰ ਧਿਆਨ ’ਚ ਰੱਖਦੇ ਹੋਏ ਫੈਸਲਾ ਲੈਂਦਾ ਹੈ। ਮਹਿੰਗਾਈ ਨੂੰ ਕਾਬੂ ’ਚ ਕਰਨ ਲਈ ਆਰ. ਬੀ. ਆਈ. ਹਾਲ ਹੀ ’ਚ ਦੋ ਕਿਸ਼ਤਾਂ ’ਚ ਰੇਪੋ ਰੇਟ ’ਚ 90 ਆਧਾਰ ਅੰਕ ਦਾ ਵਾਧਾ ਕਰ ਚੁੱਕਾ ਹੈ। ਦੇਸ਼ ’ਚ ਮਹਿੰਗਾਈ ਦੀ ਦਰ ਜਨਵਰੀ ਤੋਂ ਹੀ ਆਰ. ਬੀ. ਆਈ. ਦੀ ਤੈਅ ਲਿਮਿਟ ਤੋਂ ਉੱਪਰ ਬਣੀ ਹੋਈ ਹੈ। ਆਰ. ਬੀ. ਆਈ. ਨੇ 6 ਫੀਸਦੀ ਦੀ ਦਰ ਨਿਰਧਾਰਤ ਕੀਤੀ ਹੈ।

ਇਹ ਵੀ ਪੜ੍ਹੋ : Tik Tok ਨੇ ਗਲਤ ਜਾਣਕਾਰੀ ਫੈਲਾਉਣ ਵਾਲੇ 1.25 ਕਰੋੜ ਪਾਕਿਸਤਾਨੀ ਵੀਡੀਓਜ਼ ਨੂੰ ਹਟਾਇਆ

ਡਿਜੀਟਲ ਕਰਜ਼ਦਾਤਾ ਬਿਨਾਂ ਲਾਈਸੈਂਸ ਤੋਂ ਨਾ ਕਰਨ ਕੋਈ ਕੰਮ

ਡਿਜੀਟਲ ਪਲੇਟਫਾਰਮ ਰਾਹੀਂ ਕਰਜ਼ਾ ਵੰਡਣ ਵਾਲੀਆਂ ਫਿਨਟੈੱਕ ਕੰਪਨੀਆਂ ਨੂੰ ਗਵਰਨਰ ਦਾਸ ਨੇ ਸਖਤ ਚੇਤਾਵਨੀ ਦਿੱਤੀ ਹੈ। ਉਨ੍ਹਾਂ ਨੇ ਕਿਹਾ ਕਿ ਡਿਜੀਟਲ ਕਰਜ਼ਦਾਤਿਆਂ ਨੂੰ ਆਪਣੇ ਘੇਰੇ ’ਚ ਰਹਿ ਕੇ ਕੰਮ ਕਰਨਾ ਚਾਹੀਦਾ ਹੈ ਅਤੇ ਸਿਰਫ ਉਨ੍ਹਾਂ ਕੰਮਾਂ ਨਾਲ ਜੁੜੇ ਰਹਿਣਾ ਚਾਹੀਦਾ ਹੈ, ਜਿਸ ਦਾ ਉਨ੍ਹਾਂ ਨੂੰ ਲਾਈਸੈਂਸ ਦਿੱਤਾ ਗਿਆ ਹੈ।

ਬੈਂਕ ਆਫ ਬੜੌਦਾ ਦੇ ਸਾਲਾਨਾ ਪ੍ਰੋਗਰਾਮ ’ਚ ਗਵਰਨਰ ਦਾਸ ਨੇ ਕਿਹਾ ਕਿ ਫਰਮਾਂ ਨੂੰ ਆਪਣੇ ਲਾਈਸੈਂਸ ਦੇ ਤਹਿਤ ਹੀ ਕੰਮਕਾਜ ਕਰਨਾ ਚਾਹੀਦਾ ਹੈ। ਜੇ ਉਹ ਇਸ ਤੋਂ ਇਲਾਵਾ ਕੋਈ ਕੰਮ ਕਰਨਾ ਚਾਹੁੰਦੇ ਹਨ ਤਾਂ ਪਹਿਲਾਂ ਸਾਡੇ ਕੋਲੋਂ ਇਜਾਜ਼ਤ ਲੈਣੀ ਹੋਵੇਗੀ। ਜੇ ਬਿਨਾਂ ਮਨਜ਼ੂਰੀ ਲਏ ਫਰਮਾਂ ਨੇ ਅਜਿਹੇ ਕੰਮ ਨੂੰ ਅੰਜ਼ਾਮ ਦਿੱਤਾ, ਜਿਸ ਲਈ ਉਨ੍ਹਾਂ ਨੂੰ ਲਾਈਸੈਂਸ ਨਹੀਂ ਦਿੱਤਾ ਗਿਆ ਹੈ ਤਾਂ ਇਹ ਸਵੀਕਾਰ ਨਹੀਂ ਕੀਤਾ ਜਾਵੇਗਾ। ਅਜਿਹੀਆਂ ਫਰਮਾਂ ਖਿਲਾਫ ਸਖਤ ਕਦਮ ਉਠਾਏ ਜਾ ਸਕਦੇ ਹਨ।

ਇਹ ਵੀ ਪੜ੍ਹੋ : ਹਵਾਈ ਯਾਤਰੀਆਂ ਲਈ ਅਹਿਮ ਖ਼ਬਰ, ਬੋਰਡਿੰਗ ਪਾਸ ਨੂੰ ਲੈ ਕੇ ਵਿਭਾਗ ਨੇ ਜਾਰੀ ਕੀਤੇ ਇਹ ਆਦੇਸ਼

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


author

Harinder Kaur

Content Editor

Related News