ਇਕ ਚਾਰਜ ''ਚ 386 ਕਿਲੋਮੀਟਰ ਚੱਲੇਗੀ ਆਲ ਇਲੈਕਟ੍ਰਿਕ SUV I-Pace
Tuesday, Mar 06, 2018 - 01:30 AM (IST)
ਜਲੰਧਰ - ਇਲੈਕਟ੍ਰਿਕ ਵਾਹਨਾਂ ਨੂੰ ਉਤਸ਼ਾਹਿਤ ਕਰਦੇ ਹੋਏ ਲਗਜ਼ਰੀ ਵ੍ਹੀਕਲ ਬ੍ਰਾਂਡ ਜੈਗੁਆਰ ਨੇ ਆਪਣੀ ਪਹਿਲੀ ਆਲ ਇਲੈਕਟ੍ਰਿਕ SUV I-Pace ਨੂੰ ਪੇਸ਼ ਕੀਤਾ ਹੈ। ਇਸ ਦੀ ਸਭ ਤੋਂ ਵੱਡੀ ਖਾਸੀਅਤ ਹੈ ਕਿ ਇਹ ਇਕ ਚਾਰਜ 'ਚ 386 ਕਿਲੋਮੀਟਰ (ਲੱਗਭਗ 240 ਮੀਲ) ਦਾ ਰਸਤਾ ਤਹਿ ਕਰ ਸਕਦੀ ਹੈ। ਜੈਗੁਆਰ ਨੇ ਸਾਲ 2016 'ਚ ਇਸ ਕਾਰ ਨੂੰ ਇਕ ਕਾਂਸੈਪਟ ਦੇ ਤੌਰ 'ਤੇ ਲਿਆਉਣ ਦੀ ਗੱਲ ਕੀਤੀ ਸੀ। ਕੰਪਨੀ ਨੇ ਦੱਸਿਆ ਸੀ ਕਿ ਇਹ ਪਹਿਲੀ ਆਲ ਇਲੈਕਟ੍ਰਿਕ ਕਾਰ ਹੋਵੇਗੀ, ਜੋ ਲੌਂਗ ਰੇਂਜ ਵਾਲੀਆਂ ਹੋਰ ਕਾਰਾਂ ਨੂੰ ਸਖਤ ਟੱਕਰ ਦੇਵੇਗੀ ਅਤੇ ਆਖਿਰਕਾਰ ਕੰਪਨੀ ਨੇ ਇਸ ਨੂੰ ਹੋਂਦ 'ਚ ਲੈ ਆਂਦਾ ਹੈ।
ਕਾਰ 'ਚ ਲੱਗੀਆਂ 2 ਇਲੈਕਟ੍ਰਿਕ ਮੋਟਰਸ
I-Pace SUV 'ਚ ਜੈਗੁਆਰ ਵਲੋਂ ਹੀ ਡਿਜ਼ਾਈਨ ਕੀਤੀਆਂ ਗਈਆਂ 2 ਇਲੈਕਟ੍ਰਿਕ ਮੋਟਰਸ ਲੱਗੀਆਂ ਹਨ, ਜਿਨ੍ਹਾਂ ਨੂੰ 90-kWh ਲੀਥੀਅਮ ਆਇਨ ਬੈਟਰੀ ਪੈਕਸ ਨਾਲ ਜੋੜਿਆ ਗਿਆ ਹੈ। 4.5 ਸੈਕੰਡ 'ਚ ਫੜੇਗੀ 0 ਤੋਂ 96.5 km/h ਦੀ ਸਪੀਡ : ਇਲੈਕਟ੍ਰਿਕ ਹੋਣ ਦੇ ਬਾਵਜੂਦ ਜੇਕਰ ਪਾਵਰ ਦੀ ਗੱਲ ਕੀਤੀ ਜਾਵੇ ਤਾਂ ਇਹ ਈਂਧਨ ਨਾਲ ਚੱਲਣ ਵਾਲੀਆਂ ਹੋਰ Suv’s ਤੋਂ ਘੱਟ ਨਹੀਂ ਹੈ। ਇਹ ਇਲੈਕਟ੍ਰਿਕ ਕਾਰ 0 ਤੋਂ 96.5 km/h ਦੀ ਸਪੀਡ ਸਿਰਫ 4.5 ਸੈਕੰਡ 'ਚ ਫੜ ਲੈਂਦੀ ਹੈ। ਇਲੈਕਟ੍ਰਿਕ ਹੋਣ 'ਤੇ ਵੀ ਪਾਵਰ ਨੂੰ ਲੈ ਕੇ ਇਸ ਦਾ ਕੋਈ ਮੁਕਾਬਲਾ ਨਹੀਂ ਹੈ।

ਫਾਸਟ ਚਾਰਜਿੰਗ ਸਪੋਰਟ
ਇਸ ਆਲ ਇਲੈਕਟ੍ਰਿਕ ਕਾਰ ਨੂੰ ਫਾਸਟ ਚਾਰਜਿੰਗ ਤਕਨੀਕ ਨਾਲ ਲੈਸ ਕੀਤਾ ਗਿਆ ਹੈ। ਇਹ ਕਾਰ 100-kW DC ਰੈਪਿਡ ਚਾਰਜਰ ਤੋਂ ਸਿਰਫ 40 ਮਿੰਟਾਂ 'ਚ ਹੀ 80 ਫੀਸਦੀ ਤਕ ਚਾਰਜ ਹੋ ਜਾਂਦੀ ਹੈ। ਉਥੇ ਹੀ ਇਸ ਨੂੰ ਸਾਧਾਰਨ ਵਾਲ ਆਊਟਲੈੱਟ (320V/32A) ਤੋਂ ਵੀ (7kW) 13 ਵਾਲ ਬਾਕਸ ਦੇ ਨਾਲ 10 ਘੰਟਿਆਂ 'ਚ 80 ਫੀਸਦੀ ਤਕ ਚਾਰਜ ਕੀਤਾ ਜਾ ਸਕਦਾ ਹੈ। ਹੋ ਸਕਦਾ ਹੈ ਕਿ ਰੈਪਿਡ ਚਾਰਜਰ ਵੱਖਰੇ ਤੌਰ 'ਤੇ ਖਰੀਦਣਾ ਪਵੇ ਪਰ ਇਸ ਦਾ ਚਾਲਕ ਨੂੰ ਕਾਫੀ ਫਾਇਦਾ ਹੋਵੇਗਾ।

ਕਿੰਨੇ KM ਚੱਲੇਗੀ, ਦੱਸੇਗਾ ਨੇਵੀਗੇਸ਼ਨ ਸਿਸਟਮ
ਇਸ 'ਚ ਲੱਗਾ ਨਵਾਂ ਨੇਵੀਗੇਸ਼ਨ ਸਿਸਟਮ ਚਾਰਜਿੰਗ ਸਟੇਟਸ ਨੂੰ ਦਿਖਾਉਣ ਦੇ ਨਾਲ-ਨਾਲ ਇਹ ਵੀ ਦੱਸੇਗਾ ਕਿ ਮੌਜੂਦਾ ਬੈਟਰੀ ਪਾਵਰ ਨਾਲ ਕਾਰ ਕਿੰਨੇ ਕਿਲੋਮੀਟਰ ਤਕ ਚੱਲ ਸਕਦੀ ਹੈ। ਇਸ ਤੋਂ ਇਲਾਵਾ ਇਸ 'ਚ ਡਿਊਲ ਸਕ੍ਰੀਨ ਟੱਚ ਪ੍ਰੋ-ਇਨਫੋਟੇਨਮੈਂਟ ਸਿਸਟਮ ਦਿੱਤਾ ਗਿਆ ਹੈ, ਜੋ ਪਿਛਲੇ ਸਾਲ ਰੇਂਜ ਰੋਵਰ ਵੇਲਾਰ 'ਚ ਵੀ ਦੇਖਣ ਨੂੰ ਮਿਲਿਆ ਸੀ।

ਸਮਾਰਟਫੋਨ ਐਪ 'ਤੇ ਮਿਲੇਗੀ ਪੂਰੀ ਜਾਣਕਾਰੀ
ਜੈਗੁਆਰ ਇਨ-ਕੰਟਰੋਲ ਰਿਮੋਟ ਐਪ ਨਾਲ ਵਾਇਸ ਕਮਾਂਡਜ਼ ਜ਼ਰੀਏ ਬੋਲਣ 'ਤੇ ਕਿ ਕੀ ਕਾਰ ਲੌਕ ਹੈ ਜਾਂ ਸਾਡੇ ਕੋਲ 100 ਕਿਲੋਮੀਟਰ ਤਕ ਜਾਣ ਦੀ ਬੈਟਰੀ ਪਾਵਰ ਹੈ ਤਾਂ ਇਸ 'ਚ ਲੱਗਾ ਅਲੈਕਟਾ ਸਾਊਂਡ ਅਸਿਸਟੈਂਟ ਸਾਊਂਡ ਆਊਟਪੁੱਟ ਨਾਲ ਤੁਹਾਨੂੰ ਪੂਰੀ ਜਾਣਕਾਰੀ ਦੇਵੇਗਾ। ਫਿਲਹਾਲ ਇਸ ਦੀ ਕੀਮਤ ਸਬੰਧੀ ਕੰਪਨੀ ਨੇ ਕੋਈ ਜਾਣਕਾਰੀ ਨਹੀਂ ਦਿੱਤੀ ਹੈ। ਮੰਨਿਆ ਜਾ ਰਿਹਾ ਹੈ ਕਿ ਇਹ ਕਾਰ ਟੈਸਲਾ ਦੀ ਇਕ ਚਾਰਜ 'ਚ 381 ਕਿਲੋਮੀਟਰ ਤਕ ਚੱਲਣ ਵਾਲੀ X 75D ਕਾਰ ਨੂੰ ਇੰਟਰਨੈਸ਼ਨਲ ਮਾਰਕੀਟ 'ਚ ਸਖਤ ਟੱਕਰ ਦੇਵੇਗੀ।
