ਬੈਂਕਿੰਗ ਸਿਸਟਮ ’ਚ ਤਰਲਤਾ ਵਧਾਉਣ ਲਈ ਪਾਈ ਜਾਵੇਗੀ 40,000 ਕਰੋੜ ਰੁਪਏ ਦੀ ਨਕਦੀ : ਆਰ. ਬੀ. ਆਈ.
Sunday, Apr 13, 2025 - 11:02 AM (IST)

ਨਵੀਂ ਦਿੱਲੀ (ਇੰਟ) : ਭਾਰਤੀ ਰਿਜ਼ਰਵ ਬੈਂਕ (ਆਰ. ਬੀ. ਆਈ.) ਨੇ ਕਿਹਾ ਕਿ ਉਹ 17 ਅਪ੍ਰੈਲ ਨੂੰ ਵੱਖ-ਵੱਖ ਪਰਿਪੱਕਤਾਵਾਂ ਵਾਲੀਆਂ ਸਰਕਾਰੀ ਜਮਾਨਤਾਂ ਖਰੀਦੇਗਾ, ਜਿਨ੍ਹਾਂ ਦੀਆਂ ਕੁੱਲ ਕੀਮਤ 40,000 ਕਰੋੜ ਰੁਪਏ ਹੋਵੇਗੀ।ਬੈਂਕਿੰਗ ਸਿਸਟਮ ’ਚ ਤਰਲਤਾ ਵਧਾਉਣ ਦੇ ਉਦੇਸ਼ ਨਾਲ ਚਾਲੂ ਵਿੱਤੀ ਸਾਲ ’ਚ ਰਿਜ਼ਰਵ ਬੈਂਕ ਵੱਲੋਂ ਜਮਾਨਤਾਂ ਦੀ ਇਹ ਤੀਜੀ ਓਪਨ ਮਾਰਕੀਟ ਆਪ੍ਰੇਸ਼ਨ (ਓ. ਐੱਮ. ਓ.) ਖਰੀਦ ਹੋਵੇਗੀ।
20,000 ਕਰੋੜ ਰੁਪਏ ਦੀ ਪਹਿਲੀ ਖਰੀਦ 3 ਅਪ੍ਰੈਲ ਨੂੰ ਕੀਤੀ ਗਈ ਸੀ, ਜਦਕਿ ਇੰਨੀ ਹੀ ਰਕਮ ਦੀ ਦੂਜੀ ਖਰੀਦ 8 ਅਪ੍ਰੈਲ ਨੂੰ ਕੀਤੀ ਗਈ ਸੀ।ਅਧਿਕਾਰਤ ਅੰਕੜਿਆਂ ਤੋਂ ਪਤਾ ਚੱਲਦਾ ਹੈ ਕਿ ਜਨਵਰੀ 2025 ਤੋਂ ਹੁਣ ਤੱਕ, ਰਿਜ਼ਰਵ ਬੈਂਕ ਨੇ ਬੈਂਕਿੰਗ ਸਿਸਟਮ ’ਚ ਲੱਗਭਗ 7 ਲੱਖ ਕਰੋੜ ਰੁਪਏ ਪਾ ਦਿੱਤੇ ਹਨ। ਵਧਦੀ ਤਰਲਤਾ ਦੇ ਨਾਲ ਰਿਜ਼ਰਵ ਬੈਂਕ ਨੇ ਫਰਵਰੀ ਅਤੇ ਅਪ੍ਰੈਲ ’ਚ ਦੋ ਵਾਰ ਰੈਪੋ ਰੇਟ ’ਚ ਵੀ ਕਟੌਤੀ ਕੀਤੀ।ਇਸ ਕਾਰਨ ਬੈਂਕਾਂ ਅਤੇ ਐੱਨ. ਬੀ. ਐੱਫ. ਸੀ. ਕਰਜ਼ੇ ’ਤੇ ਵਿਆਜ ਦਰ ਘੱਟ ਗਈ ਹੈ। ਤੁਹਾਨੂੰ ਦੱਸ ਦੇਈਏ ਕਿ ਬੈਂਕਿੰਗ ਸਿਸਟਮ ’ਚ ਤਰਲਤਾ ਵਧਾਉਣ ਲਈ ਆਰ. ਬੀ. ਆਈ. ਓਪਨ ਮਾਰਕੀਟ ਓਪਰੇਸ਼ਨ (ਓ. ਐੱਮ. ਓ.), ਡਾਲਰ-ਰੁਪਏ ਦੀ ਸਵੈਪ ਅਤੇ ਵੇਰੀਏਬਲ ਰੈਪੋ ਰੇਟ ਵਰਗੇ ਵੱਖ-ਵੱਖ ਤਰੀਕਿਆਂ ਨੂੰ ਅਪਣਾਉਂਦਾ ਹੈ।