ਸਟੀਲ ਦੀਆਂ ਕੀਮਤਾਂ ’ਚ ਉਛਾਲ, ਹਾਲੇ ਘਟਣ ਦੇ ਕੋਈ ਆਸਾਰ ਨਹੀਂ

Tuesday, Jan 11, 2022 - 10:56 AM (IST)

ਸਟੀਲ ਦੀਆਂ ਕੀਮਤਾਂ ’ਚ ਉਛਾਲ, ਹਾਲੇ ਘਟਣ ਦੇ ਕੋਈ ਆਸਾਰ ਨਹੀਂ

ਨਵੀਂ ਦਿੱਲੀ – ਦਸੰਬਰ ’ਚ ਕੀਮਤਾਂ ’ਚ ਭਾਰੀ ਕਮੀ ਤੋਂ ਬਾਅਦ ਸਟੀਲ ਕੰਪਨੀਆਂ ਨੇ ਜਨਵਰੀ ’ਚ ਕੀਮਤਾਂ ਰੋਲਓਵਰ ਕੀਤੀਆਂ ਹਨ। ਸਟੀਲ ਉਦਯੋਗਪਤੀਆਂ ਦਾ ਮੰਨਣਾ ਹੈ ਿਕ ਬਾਜ਼ਾਰ ਨੇ ਕੀਮਤਾਂ ਦੇ ਹੇਠਲੇ ਪੱਧਰ ਨੂੰ ਛੱਡ ਦਿੱਤਾ ਹੈ ਅਤੇ ਹੁਣ ਕੀਮਤਾਂ ਡਿਗਣ ਦੇ ਆਸਾਰ ਨਹੀਂ ਹਨ।

ਸਟੀਲਮਿੰਟ ਦੇ ਅੰਕੜਿਆਂ ਮੁਤਾਬਕ ਫਲੈਟ ਸਟੀਲ ਦੇ ਬੈਂਚਮਾਰਕ ਹੌਟ ਰੋਲਡ ਕਾਇਲ (ਐੱਚ. ਆਰ. ਸੀ.) ਦੀਆਂ ਕੀਮਤਾਂ ਦਸੰਬਰ ਦੀ ਸ਼ੁਰੂਆਤ ’ਚ 67,500 ਰੁਪਏ ਪ੍ਰਤੀ ਟਨ ਜਦ ਕਿ ਦਸੰਬਰ ਦੇ ਅਖੀਰ ’ਚ 63,100 ਰੁਪਏ ਪ੍ਰਤੀ ਟਨ ਸਨ।

ਲਾਂਗ ਪ੍ਰੋਡਕਟਸ ’ਚ ਰੀਬਾਰ ਦੀਆਂ ਕੀਮਤਾਂ ਦਸੰਬਰ ਦੇ ਸ਼ੁਰੂ ’ਚ 57,500 ਰੁਪਏ ਪ੍ਰਤੀ ਟਨ ਸਨ ਜੋ ਉਸ ਮਹੀਨੇ ਦੇ ਅਖੀਰ ’ਚ 54500 ਰੁਪਏ ਪ੍ਰਤੀ ਟਨ ਰਹੀਆਂ।

ਸੀਮਤ ਘੇਰੇ ’ਚ ਰਹਿਣਗੀਆਂ ਕੀਮਤਾਂ

ਕੋਟਕ ਇੰਸਟੀਚਿਊਸ਼ਨਲ ਇਕਵਿਟੀਜ਼ ਦੀ ਰਿਪੋਰਟ ’ਚ ਕਿਹਾ ਗਿਆ ਹੈ ਕਿ ਦੇਸੀ ਸਟੀਲ ਮਿੱਲਾਂ ਨੇ ਦਸੰਬਰ 2021 ’ਚ ਐੱਚ. ਆਰ. ਸੀ. ਦੀਆਂ ਕੀਮਤਾਂ 2500-3000 ਰੁਪਏ ਪ੍ਰਤੀ ਟਨ ਘੱਟ ਕੀਤੀਆਂ ਪਰ ਡੀਲਰਾਂ ਨੂੰ ਵਾਧੂ ਛੋਟ ਦਿੱਤੀ ਗਈ। ਕੰਪਨੀਆਂ ਦਾ ਹਾਲਾਂਕਿ ਮੰਨਣਾ ਹੈ ਕਿ ਇੱਥੋਂ ਕੀਮਤਾਂ ਸੀਮਤ ਘੇਰੇ ’ਚ ਰਹਿਣਗੀਆਂ। ਜੇ. ਐੱਸ. ਡਬਲਯੂ. ਸਟੀਲ ਦੇ ਡਾਇਰੈਕਟਰ (ਵਪਾਰ ਅਤੇ ਮਾਰਕੀਟਿੰਗ) ਜਯੰਤ ਆਚਾਰਿਆ ਨੇ ਕਿਹਾ ਕਿ ਅਸੀਂ ਇਸ ਮਹੀਨੇ ਕੀਮਤਾਂ ਰੋਲਓਵਰ ਕੀਤੀਆਂ ਹਨ ਅਤੇ ਮੇਰਾ ਮੰਨਣਾ ਹੈ ਕਿ ਬਾਜ਼ਾਰ ਨੇ ਹੇਠਲੇ ਪੱਧਰ ਨੂੰ ਛੱਡ ਦਿੱਤਾ ਹੈ। ਜੋ ਵੀ ਕਟੌਤੀ ਹੋਣੀ ਸੀ, ਦਸੰਬਰ ’ਚ ਹੋ ਗਈ। ਆਰਸੇਲਰ ਨਿੱਪਾਨ ਸਟੀਲ ਇੰਡੀਆ (ਏ. ਐੱਮ/ਐੱਨ. ਐੱਸ. ਇੰਡੀਆ) ਦੇ ਮੁੱਖ ਮਾਰਕੀਟਿੰਗ ਅਧਿਕਾਰੀ ਰੰਜਨ ਧਰ ਨੂੰ ਵੀ ਕੀਮਤਾਂ ਦਸੰਬਰ ਦੇ ਪੱਧਰ ਤੋਂ ਹੇਠਾਂ ਜਾਂਦੀਆਂ ਨਜ਼ਰ ਨਹੀਂ ਆ ਰਹੀਆਂ ਹਨ।

ਕੋਕਿੰਗ ਕੋਲ ਦੀਆਂ ਘਟਣਗੀਆਂ ਕੀਮਤਾਂ

ਕੋਕਿੰਗ ਕੋਲ ਦੀਆਂ ਕੀਮਤਾਂ 400 ਡਾਲਰ ਪ੍ਰਤੀ ਟਨ ’ਤੇ ਪਹੁੰਚ ਗਈਆਂ ਸਨ, ਹਾਲਾਂਕਿ ਹੁਣ ਇਹ ਘਟ ਕੇ 340 ਡਾਲਰ ਪ੍ਰਤੀ ਟਨ ’ਤੇ ਆ ਗਈਆਂ ਹਨ। ਆਚਾਰਿਆ ਨੇ ਕਿਹਾ ਕਿ ਕੋਕਿੰਗ ਕੋਲ ਦੀ ਲਾਗਤ ਕਾਰਨ ਕਈ ਮਹੀਨਿਆਂ ਤੱਕ ਮਾਰਜ਼ਨ ’ਤੇ ਦਬਾਅ ਰਹਿ ਸਕਦਾ ਹੈ।

ਸਾਨੂੰ ਉਮੀਦ ਹੈ ਕਿ ਆਉਂਦੇ ਮਹੀਨਿਆਂ ’ਚ ਕੋਕਿੰਗ ਕੋਲ ਦੀਆਂ ਕੀਮਤਾਂ ਘਟਣਗੀਆਂ, ਜਿਸ ਨਾਲ ਮਾਰਜ਼ਨ ਨੂੰ ਸਹਾਰਾ ਮਿਲੇਗਾ।

ਸੀਮਤ ਘੇਰੇ ’ਚ ਕੀਮਤਾਂ ਰਹਿਣ ਦਾ ਇਕ ਹੋਰ ਅਹਿਮ ਕਾਰਨ ਚੀਨ ਦੀਆਂ ਕੀਮਤਾਂ ਹਨ ਜੋ ਹੋਰ ਹੇਠਾਂ ਸ਼ਾਇਦ ਹੀ ਜਾਣਗੀਆਂ। ਧਰ ਨੇ ਕਿਹਾ ਕਿ ਦੁਨੀਆ ਭਰ ’ਚ ਇਨਵੈਂਟਰੀ ਦਾ ਪੱਧਰ ਹੇਠਾਂ ਹੈ, ਅਜਿਹੇ ’ਚ ਆਉਣ ਵਾਲੇ ਸਮੇਂ ’ਚ ਅਸੀਂ ਅਸਲ ’ਚ ਕੀਮਤਾਂ ’ਚ ਕੁੱਝ ਤੇਜ਼ੀ ਦੇਖ ਸਕਦੇ ਹਾਂ।

ਕੀਮਤ ਦੇ ਕੀ ਹਨ ਕਾਰਕ

ਕੀਮਤਾਂ ਦਾ ਇਸ ਪੱਧਰ ’ਤੇ ਬਣੇ ਰਹਿਣਾ ਕਈ ਚੀਜ਼ਾਂ ’ਤੇ ਨਿਰਭਰ ਕਰਦਾ ਹੈ। ਭਾਰਤ ਦੀਆਂ ਕੀਮਤਾਂ ਦਰਾਮਦ ਕੀਮਤਾਂ ਦੇ ਬਰਾਬਰ ਹਨ, ਪਰ ਕੰਪਨੀਆਂ ਦਾ ਕਹਿਣਾ ਹੈ ਕਿ ਇਹ ਹਾਲੇ ਵੀ ਕੌਮਾਂਤਰੀ ਪੱਧਰ ’ਤੇ ਸਭ ਤੋਂ ਘੱਟ ਕੀਮਤਾਂ ’ਚੋਂ ਇਕ ਹਨ। ਧਰ ਨੇ ਕਿਹਾ ਕਿ ਅੱਜ ਕੀਮਤਾਂ ਘੱਟੋ-ਘੱਟ ਮੁੱਲ ਦੇ ਬਰਾਬਰ ਹਨ, ਜੋ ਘੱਟ ਕੀਮਤ ਵਾਲੇ ਦੇਸ਼ਾਂ ਤੋਂ ਦਰਾਮਦ ਕੀਮਤਾਂ ਦੇ ਬਰਾਬਰ ਹਨ ਅਤੇ ਹਾਲੇ ਵੀ ਈ. ਯੂ. ਅਤੇ ਯੂ. ਐੱਸ. ਏ. ਤੋਂ 200 ਤੋਂ 500 ਡਾਲਰ ਦੀ ਛੋਟ ’ਤੇ ਹਨ। ਧਰ ਨੇ ਕਿਹਾ ਕਿ ਨਾਲ ਹੀ ਉੱਚ ਲਾਗਤ ਕੀਮਤਾਂ ’ਚ ਕਿਸੇ ਵੱਡੀ ਗਿਰਾਵਟ ਨੂੰ ਰੋਕ ਸਕਦਾ ਹੈ। ਭਾਰਤੀ ਮਿੱਲਾਂ ’ਤੇ ਲਾਗਤ ਦਾ ਦਬਾਅ ਚੌਥੀ ਤਿਮਾਹੀ ’ਚ ਮਹਿਸੂਸ ਕੀਤਾ ਜਾਵੇਗਾ ਕਿਉਂਕਿ ਕੋਕਿੰਗ ਕੋਲ ਦੀਆਂ ਕੀਮਤਾਂ ਹਾਲ ਹੀ ’ਚ ਉੱਚ ਪੱਧਰ ’ਤੇ ਪਹੁੰਚੀਆਂ ਹਨ।


author

Harinder Kaur

Content Editor

Related News