ਅਰਹਰ ਅਤੇ ਉੜਦ ਦੀ ਦਾਲ ਦੀਆਂ ਵਧਦੀਆਂ ਕੀਮਤਾਂ ਨੂੰ ਲੈ ਕੇ ਕੇਂਦਰ ਸਰਕਾਰ ਨੇ ਚੁੱਕੇ ਸਖ਼ਤ ਕਦਮ

Saturday, Jun 03, 2023 - 02:12 PM (IST)

ਅਰਹਰ ਅਤੇ ਉੜਦ ਦੀ ਦਾਲ ਦੀਆਂ ਵਧਦੀਆਂ ਕੀਮਤਾਂ ਨੂੰ ਲੈ ਕੇ ਕੇਂਦਰ ਸਰਕਾਰ ਨੇ ਚੁੱਕੇ ਸਖ਼ਤ ਕਦਮ

ਨਵੀਂ ਦਿੱਲੀ— ਪਿਛਲੇ ਕੁਝ ਸਮੇਂ ਤੋਂ ਦਾਲਾਂ ਦੀਆਂ ਕੀਮਤਾਂ 'ਚ ਉਛਾਲ ਦੇਖਣ ਨੂੰ ਮਿਲ ਰਿਹਾ ਹੈ। ਇਸ ਦੌਰਾਨ ਖ਼ਾਸ ਤੌਰ 'ਤੇ ਅਰਹਰ ਅਤੇ ਉੜਦ ਵਰਗੀਆਂ ਦਾਲਾਂ ਦੀਆਂ ਕੀਮਤਾਂ ਵਧ ਰਹੀਆਂ ਹਨ। ਦਾਲਾਂ ਦੀਆਂ ਵੱਧ ਰਹੀਆਂ ਕੀਮਤਾਂ 'ਤੇ ਲਗਾਮ ਲਗਾਉਣ ਲਈ ਸਰਕਾਰ ਵਲੋਂ ਵਿਸ਼ੇਸ਼ ਕਦਮ ਚੁੱਕਿਆ ਗਿਆ ਹੈ। ਕੇਂਦਰ ਸਰਕਾਰ ਨੂੰ ਉਮੀਦ ਹੈ ਕਿ ਇਸ ਨਾਲ ਆਮ ਲੋਕਾਂ ਨੂੰ ਫ਼ਾਇਦਾ ਹੋਵੇਗਾ। ਕੇਂਦਰ ਸਰਕਾਰ ਨੇ ਸ਼ੁੱਕਰਵਾਰ ਨੂੰ ਥੋਕ ਵਿਕਰੇਤਾਵਾਂ, ਪ੍ਰਚੂਨ ਵਿਕਰੇਤਾਵਾਂ, ਦਰਾਮਦਕਾਰਾਂ ਅਤੇ ਮਿੱਲਰਾਂ ਦੇ ਕੋਲ ਅਕਤੂਬਰ ਤੱਕ ਲਈ ਰੱਖੀ ਅਰਹਰ ਅਤੇ ਉੜਦ ਦਾਲਾਂ 'ਤੇ ਸਟਾਕ ਸੀਮਾ ਲਗਾ ਦਿੱਤੀ ਹੈ। ਇਸ ਦਾ ਮਤਲਬ ਹੈ ਕਿ ਜਮ੍ਹਾਖੋਰੀ ਘੱਟ ਹੋਵੇਗੀ, ਜਿਸ ਕਾਰਨ ਅਰਹਰ ਅਤੇ ਉੜਦ ਦੀਆਂ ਕੀਮਤਾਂ ਡਿੱਗ ਸਕਦੀਆਂ ਹਨ ਜਾਂ ਕੀਮਤਾਂ ਸਥਿਰ ਰਹਿ ਸਕਦੀਆਂ ਹਨ।

ਇਹ ਵੀ ਪੜ੍ਹੋ : ਜ਼ਮੀਨੀ ਪੱਧਰ 'ਤੇ ਘੱਟ ਹੋਈ ਮਹਿੰਗਾਈ, ਟਮਾਟਰ 50 ਫ਼ੀਸਦੀ ਹੋਏ ਸਸਤੇ

ਅਰਹਰ ਅਤੇ ਉੜਦ ਦੀਆਂ ਕੀਮਤਾਂ ਵਿੱਚ ਇੰਨਾ ਹੋਇਆ ਵਾਧਾ
ਕੇਂਦਰੀ ਖੁਰਾਕ ਅਤੇ ਖਪਤਕਾਰ ਮਾਮਲਿਆਂ ਦੇ ਮੰਤਰਾਲੇ ਨੇ ਜਮ੍ਹਾਂਖੋਰੀ ਨੂੰ ਰੋਕਣ ਲਈ ਇਸ ਸਬੰਧ ਵਿੱਚ ਹੁਕਮ ਜਾਰੀ ਕਰ ਦਿੱਤੇ ਹਨ। ਦੱਸ ਦੇਈਏ ਕਿ ਸ਼ੁੱਕਰਵਾਰ ਨੂੰ ਅਰਹਰ ਦੀ ਔਸਤ ਪ੍ਰਚੂਨ ਕੀਮਤ 19 ਫ਼ੀਸਦੀ ਵਧ ਕੇ 122.68 ਰੁਪਏ ਪ੍ਰਤੀ ਕਿਲੋਗ੍ਰਾਮ ਹੋ ਗਈ, ਜੋ ਇਕ ਸਾਲ ਪਹਿਲਾਂ 103.25 ਰੁਪਏ ਪ੍ਰਤੀ ਕਿਲੋਗ੍ਰਾਮ ਸੀ। ਦੂਜੇ ਪਾਸੇ ਉੜਦ ਦੀ ਔਸਤ ਪ੍ਰਚੂਨ ਕੀਮਤ 105.05 ਰੁਪਏ ਤੋਂ 5.26 ਫ਼ੀਸਦੀ ਵਧ ਕੇ 110.58 ਰੁਪਏ ਪ੍ਰਤੀ ਕਿਲੋਗ੍ਰਾਮ ਹੋ ਗਈ ਹੈ।

ਪ੍ਰਚੂਨ ਵਿਕਰੇਤਾਵਾਂ ਲਈ ਸਟਾਕ ਸੀਮਾ
ਇੱਕ ਰਿਪੋਰਟ ਅਨੁਸਾਰ ਖਪਤਕਾਰ ਮਾਮਲਿਆਂ ਦੇ ਸਕੱਤਰ ਰੋਹਿਤ ਕੁਮਾਰ ਸਿੰਘ ਨੇ ਕਿਹਾ ਕਿ 31 ਅਕਤੂਬਰ, 2023 ਤੱਕ ਸਾਰੇ ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਲਈ ਅਰਹਰ ਅਤੇ ਉੜਦ ਲਈ ਸਟਾਕ ਸੀਮਾ ਨਿਰਧਾਰਤ ਕੀਤੀ ਗਈ ਹੈ। ਹੁਕਮਾਂ ਦੇ ਅਨੁਸਾਰ, ਥੋਕ ਵਿਕਰੇਤਾਵਾਂ ਲਈ 200 ਟਨ, ਪ੍ਰਚੂਨ ਵਿਕਰੇਤਾਵਾਂ ਅਤੇ ਪ੍ਰਚੂਨ ਦੁਕਾਨਦਾਰਾਂ ਲਈ 5 ਟਨ ਅਤੇ ਵੱਡੇ ਪ੍ਰਚੂਨ ਵਿਕਰੇਤਾਵਾਂ ਲਈ ਡਿਪੂਆਂ 'ਤੇ 200 ਟਨ ਤੁੜ ਅਤੇ ਉੜਦ ਦੇ ਸਟਾਕ ਦੀ ਸੀਮਾ ਨਿਰਧਾਰਤ ਕੀਤੀ ਗਈ ਹੈ।

ਇਹ ਵੀ ਪੜ੍ਹੋ : ਬੇਮੌਸਮੀ ਮੀਂਹ ਕਾਰਨ ਠੰਡਾ ਪਿਆ ਸਾਫਟ ਡਰਿੰਕ ਅਤੇ ਆਈਸਕ੍ਰੀਮ ਦਾ ਕਾਰੋਬਾਰ, ਵਿਕਰੀ 'ਚ ਆਈ ਗਿਰਾਵਟ

ਪੋਰਟਲ 'ਤੇ ਸਟਾਕ ਲਿਮਿਟ ਅਪਲੋਡ ਕਰਨ ਲਈ ਕਿਹਾ
ਇੱਕ ਅਧਿਕਾਰਤ ਬਿਆਨ ਵਿੱਚ ਕਿਹਾ ਗਿਆ ਹੈ ਕਿ ਮਿੱਲਰਾਂ ਦੇ ਮਾਮਲੇ ਵਿੱਚ ਸਟਾਕ ਸੀਮਾ ਉਤਪਾਦਨ ਦੇ ਆਖ਼ਰੀ ਤਿੰਨ ਮਹੀਨਿਆਂ ਜਾਂ ਸਾਲਾਨਾ ਸਥਾਪਿਤ ਸਮਰੱਥਾ 25 ਫ਼ੀਸਦੀ ਹੋਵੇਗੀ, ਜਦੋਂ ਕਿ ਦਰਾਮਦਕਾਰਾਂ ਨੂੰ ਕਸਟਮ ਕਲੀਅਰੈਂਸ ਦੀ ਮਿਤੀ ਤੋਂ 30 ਦਿਨਾਂ ਤੋਂ ਵੱਧ ਸਟਾਕ ਰੱਖਣ ਦੀ ਆਗਿਆ ਨਹੀਂ ਹੈ। ਮੰਤਰਾਲੇ ਨੇ ਖਪਤਕਾਰ ਮਾਮਲਿਆਂ ਦੇ ਵਿਭਾਗ ਨੂੰ ਪੋਰਟਲ (https://fcainfoweb.nic.in/psp) 'ਤੇ ਸਟਾਕ ਸੀਮਾਵਾਂ ਦੀ ਸਥਿਤੀ ਅਪਲੋਡ ਕਰਨ ਲਈ ਕਿਹਾ ਹੈ।

ਖੇਤੀਬਾੜੀ ਵਿਭਾਗ ਦੇ ਅੰਕੜਿਆਂ ਅਨੁਸਾਰ, ਸੀਜ਼ਨ 2022-23 ਜੁਲਾਈ-ਜੂਨ ਵਿੱਚ ਦੇਸ਼ ਦਾ ਅਰਹਰ ਉਤਪਾਦਨ ਪਿਛਲੇ ਸਾਲ ਦੇ 4.22 ਮਿਲੀਅਨ ਟਨ ਦੇ ਮੁਕਾਬਲੇ 3.43 ਮਿਲੀਅਨ ਟਨ ਰਹਿਣ ਦਾ ਅਨੁਮਾਨ ਹੈ। ਦੂਜੇ ਪਾਸੇ ਉੜਦ ਦਾ ਉਤਪਾਦਨ 2.77 ਮਿਲੀਅਨ ਟਨ ਤੋਂ ਘਟ ਕੇ 2.61 ਮਿਲੀਅਨ ਟਨ ਰਹਿਣ ਦਾ ਅਨੁਮਾਨ ਹੈ।

ਇਹ ਵੀ ਪੜ੍ਹੋ : ਹਵਾਈ ਯਾਤਰੀਆਂ ਲਈ ਖ਼ਾਸ ਖ਼ਬਰ:ਅਫਰੀਕਾ ਤੇ ਮੱਧ ਏਸ਼ੀਆ ਦੀਆਂ 6 ਨਵੀਆਂ ਥਾਵਾਂ ਲਈ ਉਡਾਣਾਂ ਸ਼ੁਰੂ ਕਰੇਗੀ IndiGo


author

rajwinder kaur

Content Editor

Related News