ਕੇਂਦਰ ਸਰਕਾਰ ਨੂੰ ਮਿਲੀ Unitech ਦੀ ਕਮਾਨ, ਰਿਟਾਇਰਡ ਜੱਜ ਕਰਨਗੇ ਨਿਗਰਾਨੀ

01/21/2020 12:13:13 PM

ਨਵੀਂ ਦਿੱਲੀ — ਸੁਪਰੀਮ ਕੋਰਟ ਨੇ Unitech ਦੇ 12000 ਤੋਂ ਜ਼ਿਆਦਾ ਪਰੇਸ਼ਾਨ ਘਰ ਖਰੀਦਦਾਰਾਂ ਨੂੰ ਵੱਡੀ ਰਾਹਤ ਦਿੰਦੇ ਹੋਏ ਕੇਂਦਰ ਸਰਕਾਰ ਨੂੰ ਕੰਪਨੀ ਦੇ ਪ੍ਰਬੰਧਨ ਨੂੰ ਆਪਣੇ ਨਿਯੰਤਰਣ 'ਚ ਲੈਣ ਦੀ ਆਗਿਆ ਦੇ ਦਿੱਤੀ ਹੈ। ਇਸ ਦੇ ਨਾਲ ਹੀ ਕੇਂਦਰ ਨੂੰ ਨਵਾਂ ਬੋਰਡ ਆਫ ਡਾਇਰੈਕਟਰ ਗਠਿਤ ਕਰਨ ਦਾ ਨਿਰਦੇਸ਼ ਦਿੱਤਾ ਹੈ। ਅਦਾਲਤ ਨੇ ਨਵੇਂ ਡਾਇਰੈਕਟਰ ਬੋਰਡ ਲਈ ਹਰਿਆਣਾ ਦੇ ਸਾਬਕਾ ਆਈ.ਏ.ਐੱਸ. ਅਧਿਕਾਰੀ ਯੁੱਧਵੀਰ ਸਿੰਘ ਮਲਿਕ ਨੂੰ ਇਸਦਾ ਚੇਅਰਮੈਨ ਅਤੇ ਪ੍ਰਬੰਧ ਨਿਰਦੇਸ਼ਕ (ਸੀ.ਐੱਮ.ਡੀ.) ਨਿਯੁਕਤ ਕਰਨ ਦੀ ਪ੍ਰਵਾਨਗੀ ਦੇ ਦਿੱਤੀ ਹੈ। ਨਵੇਂ ਡਾਇਰੈਕਟਰ ਬੋਰਡ ਦੇ ਸੱਤ ਮੈਂਬਰ ਹੋਣਗੇ।

ਜਸਟਿਸ ਡੀ.ਵਾਈ. ਚੰਦਰਚੁੜ ਅਤੇ ਜਸਟਿਸ ਐਮ ਆਰ ਸ਼ਾਹ ਦੀ ਬੈਂਚ ਨੇ ਯੂਨਿਟੈਕ ਦਾ ਪ੍ਰਬੰਧਨ ਕੇਂਦਰ ਸਰਕਾਰ ਨੂੰ ਦਿੰਦੇ ਹੋਏ ਨਵੇਂ ਬੋਰਡ ਨੂੰ ਪ੍ਰਾਜੈਕਟ ਪੂਰਾ ਕਰਨ ਦੇ ਰੋਡਮੈਪ ਸੰਬੰਧੀ ਰਿਪੋਰਟ ਦੋ ਮਹੀਨਿਆਂ ਅੰਦਰ ਪੇਸ਼ ਕਰਨ ਦੇ ਨਿਰਦੇਸ਼ ਦਿੱਤੇ ਹਨ। ਚੋਟੀ ਦੀ ਅਦਾਲਤ ਨੇ ਬੋਰਡ ਮੈਂਬਰਾਂ ਦੇ ਨਾਵਾਂ ਦੀ ਪ੍ਰਵਾਨਗੀ ਦੇ ਦਿੱਤੀ ਹੈ। ਇਨ੍ਹਾਂ ਵਿਚੋਂ  ਐਨ.ਬੀ.ਸੀ.ਸੀ. ਦੇ ਸਾਬਕਾ CMD ਏ. ਕੇ. ਮਿੱਤਲ, ਐਚ.ਡੀ.ਐਫ.ਸੀ. ਕ੍ਰੈਡਿਲਾ ਫਾਇਨਾਂਸ ਸਰਵਿਸ ਪ੍ਰਾਈਵੇਟ ਲਿਮਟਿਡ ਦੀ ਰੇਨੂ ਸੂਦ ਕਰਨਾਡ, ਅੰਬੈਸੀ ਗਰੂਮ ਦੇ CMD ਜੀਤੂ ਵੀਰਵਾਨੀ ਅਤੇ ਮੁੰਬਈ ਸਥਿਤ ਹੀਰਾਨੰਦਾਨੀ ਗਰੁੱਪ ਕੰਪਨੀ ਦੇ ਐਮ.ਡੀ. ਨਿਰੰਜਨ ਹੀਰਨੰਦਨੀ ਸ਼ਾਮਲ ਹੈ।


ਦਰਅਸਲ ਦਸੰਬਰ 2018 ਨੂੰ ਸੁਪਰੀਮ ਕੋਰਟ ਨੇ ਕੇਂਦਰ ਨੂੰ ਪੁੱਛਿਆ ਸੀ ਕਿ ਉਹ 2017 ਦੇ ਆਪਣੇ ਪ੍ਰਸਤਾਵ ਨੂੰ ਲਾਗੂ ਕਰਨ ਲਈ ਤਿਆਰ ਹੈ। ਇਸ 'ਤੇ ਕੇਂਦਰ ਸਰਕਾਰ ਨੇ ਸ਼ਨੀਵਾਰ ਨੂੰ ਸੁਪਰੀਮ ਕੋਰਟ ਨੂੰ ਕਿਹਾ ਸੀ ਕਿ ਉਹ 2017 ਦੇ ਆਪਣੇ ਪ੍ਰਸਤਾਵ ਨੂੰ ਲਾਗੂ ਕਰਨ ਲਈ ਤਿਆਰ ਹੈ। ਫਿਰ ਸੁਪਰੀਮ ਕੋਰਟ ਨੇ ਯੂਨਿਟੈਕ ਦੇ ਪ੍ਰਬੰਧਨ ਨੂੰ ਕੇਂਦਰ ਨੂੰ ਸੰਭਾਲਣ ਲਈ ਮਨਜ਼ੂਰੀ ਦੇ ਦਿੱਤੀ। ਕੇਸ ਦੀ ਅਗਲੀ ਸੁਣਵਾਈ ਦੋ ਹਫ਼ਤਿਆਂ ਬਾਅਦ ਹੋਵੇਗੀ। ਬੈਂਚ ਨੇ ਨਵੇਂ ਬੋਰਡ ਆਫ਼ ਡਾਇਰੈਕਟਰਜ਼ ਨੂੰ ਅਗਲੇ ਦੋ ਮਹੀਨਿਆਂ ਲਈ ਯੂਨਿਟੈਕ ਮੈਨੇਜਮੈਂਟ ਵਿਰੁੱਧ ਕੋਈ ਕਾਨੂੰਨੀ ਕਾਰਵਾਈ ਕਰਨ ਤੋਂ ਵੀ ਮਨਾ ਕਰ ਦਿੱਤਾ ਹੈ।

ਬੈਂਚ ਨੇ ਕਿਹਾ ਕਿ ਬੋਰਡ ਆਫ਼ ਡਾਇਰੈਕਟਰ ਨੂੰ ਸੁਪਰੀਮ ਕੋਰਟ ਦਾ ਇਕ ਰਿਟਾਇਰਡ ਜੱਜ ਨਿਯੁਕਤ ਕਰਨਾ ਚਾਹੀਦਾ ਹੈ, ਜਿਹੜਾ ਬੋਰਡ ਦੁਆਰਾ ਤਿਆਰ ਕੀਤੇ ਢਾਂਚੇ ਦੀ ਨਿਗਰਾਨੀ ਕਰੇਗਾ। ਕੇਂਦਰ ਦੀ ਤਰਫੋਂ ਪੇਸ਼ ਹੋਏ ਅਟਾਰਨੀ ਜਨਰਲ ਕੇ. ਕੇ. ਵੇਣੂਗੋਪਾਲ ਨੇ ਬੈਂਚ ਨੂੰ ਦੱਸਿਆ ਕਿ ਨਵੇਂ ਬੋਰਡ ਨੇ ਅਜਿਹੇ ਦਾ ਤਜਰਬੇਦਾਰ ਲੋਕ ਸ਼ਾਮਲ ਹਨ ਜਿਹਜ਼ੇ ਇਸ ਫਸੇ ਪ੍ਰਾਜੈਕਟ ਨੂੰ ਜਲਦੀ ਪੂਰਾ ਕਰਨ 'ਚ ਮਦਦਗਾਰ ਹੋਣਗੇ। ਉਨ੍ਹਾਂ ਇਹ ਵੀ ਕਿਹਾ ਕਿ ਸਰਕਾਰ ਕੰਪਨੀ ਦੇ ਕਿਸੇ ਵੀ ਬਕਾਇਆ ਪ੍ਰਾਜੈਕਟ ਨੂੰ ਪੂਰਾ ਕਰਨ ਲਈ ਫੰਡ ਨੂੰ ਪ੍ਰਭਾਵਤ ਨਹੀਂ ਕਰੇਗੀ।

ਸਥਿਤੀ ਆਮ ਹੋਣ 'ਤੇ ਕੋਰਟ ਨਹੀਂ ਕਰੇਗੀ ਨਿਗਰਾਨੀ

ਬੈਂਚ ਨੇ ਕਿਹਾ, ਇਸ ਫੈਸਲੇ ਦਾ ਮਕਸਦ ਘਰ ਖਰੀਦਦਾਰਾਂ ਦੇ ਹਿੱਤ 'ਚ ਰੁਕੇ ਪ੍ਰੋਜੈਕਟ ਨੂੰ ਪੂਰਾ ਕਰਨ ਲਈ ਕੰਪਨੀ 'ਤੇ ਪੇਸ਼ੇਵਰ ਬੋਰਡ ਨੂੰ ਕੰਟਰੋਲ ਕਰਨ ਦਾ ਅਧਿਕਾਰ ਦੇਣਾ ਸੀ। ਬੈਂਚ ਨੇ ਕਿਹਾ ਕਿ ਯੂਨੀਟੇਕ ਮਾਮਲੇ 'ਚ ਸਭ ਕੁਝ ਆਮ ਹੋਣ ਦੀ ਸਥਿਤੀ ਵਿਚ ਕੋਰਟ ਆਪਣੀ ਨਿਗਰਾਨੀ ਬੰਦ ਕਰ ਦੇਵੇਗਾ। ਇਸ ਤੋਂ ਬਾਅਦ ਉਨ੍ਹਾਂ ਨੇ ਕਿਹਾ ਕਿ ਨਵੇਂ ਬੋਰਡ ਆਫ ਡਾਇਰੈਕਟਰ ਦੇ ਕਮਾਨ ਸੰਭਾਲਦੇ ਹੀ ਯੂਨੀਟੈੱਕ ਦਾ ਬੋਰਡ ਰੱਦ ਹੋ ਜਾਵੇਗਾ।

ਪਤਨੀ ਤੋਂ 50,000 ਰੁਪਏ ਉਧਾਰ ਲੈ ਕੇ ਰਮੇਸ਼ ਚੰਦਰਾ ਨੇ ਸ਼ੁਰੂ ਕੀਤੀ ਸੀ ਯੂਨੀਟੈੱਕ

ਵਿਵਾਦਾਂ ’ਚ ਘਿਰੀ ਦੇਸ਼ ਦੇ ਰੀਅਲਟੀ ਸੈਕਟਰ ਦੀ ਮਸ਼ਹੂਰ ਕੰਪਨੀ ਯੂਨੀਟੈੱਕ ਨੂੰ ਸ਼ੁਰੂ ਕਰਨ ਵਾਲੇ ਰਮੇਸ਼ ਚੰਦਰਾ ਹਨ। ਉਨ੍ਹਾਂ ਆਪਣੀ ਪਤਨੀ ਤੋਂ 50,000 ਰੁਪਏ ਉਧਾਰ ਲੈ ਕੇ ਇਸ ਕੰਪਨੀ ਦੀ ਨੀਂਹ ਰੱਖੀ ਸੀ। ਸਾਲ 2007 ’ਚ ਯੂਨੀਟੈੱਕ ਦੇਸ਼ ਦੀ ਸਭ ਤੋਂ ਵੱਡੀ ਰੀਅਲ ਅਸਟੇਟ ਕੰਪਨੀ ਸੀ ਪਰ ਰੀਅਲ ਅਸਟੇਟ ਸੈਕਟਰ ’ਚ ਗਿਰਾਵਟ, ਵਧਦੇ ਕਰਜ਼ੇ ਦੇ ਬੋਝ ਨੇ ਕੰਪਨੀ ਦਾ ਲੱਕ ਤੋਡ਼ ਦਿੱਤਾ। ਉਥੇ ਹੀ 2-ਜੀ ਘਪਲੇ ’ਚ ਕੰਪਨੀ ਦੇ ਮਾਲਕ ਚੰਦਰਾ ਪਰਿਵਾਰ ਦੇ ਸ਼ਾਮਲ ਹੋਣ ਨਾਲ ਉਸ ਦੇ ਅਕਸ ਅਤੇ ਕਾਰੋਬਾਰ ਨੂੰ ਵੱਡਾ ਝਟਕਾ ਲੱਗਾ।

ਇਸ ਤਰ੍ਹਾਂ ਸ਼ੁਰੂ ਹੋਈ ਯੂਨੀਟੈੱਕ

ਰਮੇਸ਼ ਚੰਦਰਾ, ਐੱਸ. ਪੀ. ਸ਼੍ਰੀਵਾਸਤਵ, ਪੀ. ਕੇ. ਮੋਹੰਤੀ, ਰਮੇਸ਼ ਕਪੂਰ ਅਤੇ ਡਾ. ਬਾਹਰੀ ਨੇ ਸੰਨ 1972 ’ਚ ਯੂਨੀਟੈੱਕ ਟੈਕਨੀਕਲ ਕੰਸਲਟੈਂਟ ਨਾਂ ਨਾਲ ਕੰਪਨੀ ਦੀ ਨੀਂਹ ਰੱਖੀ ਸੀ। ਉਸ ਸਮੇਂ ਇਹ ਕੰਪਨੀ ਜ਼ਮੀਨ ਦੀ ਜਾਂਚ ਕਰਦੀ ਸੀ। ਸੰਨ 1974 ’ਚ ਕੰਪਨੀ ਨੇ ਪਹਿਲਾ ਇੰਜੀਨੀਅਰਿੰਗ ਕਾਂਟਰੈਕਟ ਹਾਸਲ ਕੀਤਾ। ਸੰਨ 1986 ’ਚ ਕੰਪਨੀ ਪੂਰੀ ਤਰ੍ਹਾਂ ਰੀਅਲਟੀ ਸੈਕਟਰ ’ਚ ਕੁੱਦ ਚੁੱਕੀ ਸੀ।

ਇਸ ਤਰ੍ਹਾਂ ਵਿਗੜਨੀ ਸ਼ੁਰੂ ਹੋਈ ਕੰਪਨੀ ਦੀ ਕਿਸਮਤ

2003 ਤੋਂ 2008 ਦੌਰਾਨ ਕੰਪਨੀ ਤੇਜ਼ੀ ਨਾਲ ਗ੍ਰੋਥ ਕਰ ਰਹੀ ਸੀ ਪਰ ਚੰਦਰਾ ਪਰਿਵਾਰ ਦੀ ਇਸ ਕੰਪਨੀ ਦੀ ਕਿਸਮਤ 2008 ਦੇ ਬਾਅਦ ਤੋਂ ਵਿਗੜਨੀ ਸ਼ੁਰੂ ਹੋ ਗਈ। ਯੂਨੀਟੈੱਕ ਵਾਇਰਲੈੱਸ (ਯੂਨੀਟੈੱਕ ਦੀ ਸਬਸਿਡਰੀ ’ਚੋਂ ਇਕ) ਨੇ ਦੇਸ਼ ਭਰ ’ਚ 2-ਜੀ ਸਪੈਕਟਰਮ ਲਈ ਟੈਲੀਕਾਮ ਲਾਇਸੈਂਸ ਲਈ ਬੋਲੀ ਲਾਈ ਅਤੇ ਲਾਇਸੈਂਸ ਹਾਸਲ ਕੀਤਾ।

2008 ਦੇ ਖਤਮ ਹੁੰਦੇ-ਹੁੰਦੇ ਲੇਹਮੈਨ ਬ੍ਰਦਰਸ ਦੇ ਬਰਬਾਦ ਹੋਣ ਤੋਂ ਬਾਅਦ ਗਲੋਬਲ ਲਿਕਵਿਡਿਟੀ ਸੰਕਟ ਪੈਦਾ ਹੋ ਗਿਆ ਅਤੇ ਉਸ ਵੇਲੇ ਉਚਾਈ ’ਤੇ ਚੱਲ ਰਹੀ ਇੰਡੀਅਨ ਪ੍ਰਾਪਰਟੀ ਮਾਰਕੀਟ ’ਚ ਗਿਰਾਵਟ ਆਉਣੀ ਸ਼ੁਰੂ ਹੋ ਗਈ। ਜ਼ਿਆਦਾਤਰ ਰੀਅਲਟੀ ਡਿਵੈੱਲਪਰਸ ਨੂੰ ਪੈਸੇ ਦੀ ਕਮੀ ਹੋਣ ਲੱਗੀ। ਯੂਨੀਟੈੱਕ ਦੀ ਪ੍ਰੇਸ਼ਾਨੀ ਹੋਰ ਵੀ ਵੱਡੀ ਸੀ ਕਿਉਂਕਿ ਇਕ ਪਾਸੇ ਪੈਸੇ ਦੀ ਕਮੀ ਹੋ ਗਈ ਅਤੇ ਦੂਜੇ ਪਾਸੇ 2-ਜੀ ਸਕੈਮ ’ਚ ਉਨ੍ਹਾਂ ਦੇ ਪ੍ਰੋਮੋਟਰਸ ਜੇਲ ’ਚ ਸਨ।

ਸੰਜੈ ਚੰਦਰਾ ਦੀ ਗ੍ਰਿਫਤਾਰੀ

ਯੂਨੀਟੈੱਕ ਦੇ ਫਾਊਂਡਰ ਰਮੇਸ਼ ਚੰਦਰਾ ਦੇ ਬੇਟੇ ਸੰਜੈ ਚੰਦਰਾ ਦੀ 2-ਜੀ ਘਪਲੇ ’ਚ ਗ੍ਰਿਫਤਾਰੀ ਹੋਈ। 2-ਜੀ ਸਕੈਮ ’ਤੇ ਸੀ. ਏ. ਜੀ. ਦੀ ਰਿਪੋਰਟ ਆਉਣ ਤੋਂ ਬਾਅਦ ਯੂਨੀਟੈੱਕ ਦੇ ਐੱਮ. ਡੀ. ਸੰਜੈ ਚੰਦਰਾ ਦੇ ਨਾਲ ਰਾਜਨੇਤਾਵਾਂ ਅਤੇ ਕਾਰਪੋਰੇਟਸ ਨੂੰ ਗ੍ਰਿਫਤਾਰ ਕੀਤਾ ਗਿਆ। ਸਾਲ 2009 ਤੱਕ ਰੀਅਲ ਅਸਟੇਟ ਖੇਤਰ ’ਚ ਗਿਰਾਵਟ ਸ਼ੁਰੂ ਹੋਣ ਲੱਗੀ ਸੀ। ਯੂਨੀਟੈੱਕ ਉਦੋਂ ਤੱਕ ਦੇਸ਼ ਭਰ ’ਚ 14,000 ਏਕਡ਼ ਜ਼ਮੀਨ ਖਰੀਦ ਚੁੱਕੀ ਸੀ।

ਇਸ ਦੇ ਲਈ ਰਕਮ ਜੁਟਾਉਣ ਦੇ ਸਿਲਸਿਲੇ ’ਚ ਕੰਪਨੀ ਨੇ ਆਪਣੇ ਕੁੱਝ ਅਸਾਸਿਆਂ ਨੂੰ ਸਿੰਗਾਪੁਰ ’ਚ ਇਕ ਰੀਅਲ ਅਸਟੇਟ ਇਨਵੈਸਟਮੈਂਟ ਟਰੱਸਟ ’ਚ ਲਿਸਟਿਡ ਕਰ ਕੇ 1.5 ਅਰਬ ਡਾਲਰ ਅਤੇ ਹੋਰ ਨਿਵੇਸ਼ਕਾਂ ਤੋਂ 1 ਅਰਬ ਡਾਲਰ ਜੁਟਾਉਣ ਦੀ ਯੋਜਨਾ ਬਣਾਈ। ਇਸ ਵੱਲ ਕਦਮ ਵਧਾਉਣ ਤੋਂ ਪਹਿਲਾਂ ਹੀ ਬਾਜ਼ਾਰ ’ਚ ਮੰਦੀ ਆ ਗਈ ਅਤੇ ਰਕਮ ਜੁਟਾਉਣ ਸਬੰਧੀ ਕੰਪਨੀ ਦੀ ਸਾਰੀ ਯੋਜਨਾ ਬੇਕਾਰ ਹੋ ਗਈ ਅਤੇ ਯੂਨੀਟੈੱਕ ਹਜ਼ਾਰਾਂ ਕਰੋਡ਼ ਰੁਪਏ ਕਰਜ਼ੇ ਦੇ ਬੋਝ ਹੇਠ ਦੱਬੀ ਗਈ।

ਕਦੇ 7ਵਾਂ ਸਭ ਤੋਂ ਅਮੀਰ ਪਰਿਵਾਰ ਸੀ ਚੰਦਰਾ ਪਰਿਵਾਰ

ਸਾਲ 2007 ’ਚ ਚੰਦਰਾ ਪਰਿਵਾਰ (ਪਿਤਾ ਰਮੇਸ਼ ਅਤੇ ਬੇਟੇ ਅਜੈ ਅਤੇ ਸੰਜੈ) 30,000 ਕਰੋਡ਼ ਰੁਪਏ ਤੋਂ ਜ਼ਿਆਦਾ ਦੀ ਸ਼ੁੱਧ ਹੈਸੀਅਤ ਨਾਲ ਦੇਸ਼ ਦੇ ਸਭ ਤੋਂ ਅਮੀਰ ਲੋਕਾਂ ਦੀ ਸਾਲਾਨਾ ਸੂਚੀ ’ਚ 7ਵੇਂ ਨੰਬਰ ’ਤੇ ਸਨ। ਉਸ ਸਮੇਂ ਕੰਪਨੀ ਦਾ ਰੀਅਲ ਅਸਟੇਟ ਕਾਰੋਬਾਰ ਆਪਣੇ ਸਿਖਰ ’ਤੇ ਸੀ ਅਤੇ ਜਨਵਰੀ 2008 ’ਚ ਇਸ ਕੰਪਨੀ ਦੀ ਮਾਰਕੀਟ ਵੈਲਿਊ ਲਗਭਗ 1.43 ਲੱਖ ਕਰੋਡ਼ ਰੁਪਏ ਸੀ।

ਯੂਨੀਟੈੱਕ ਇਕ ਜ਼ਬਰਦਸਤ ਲਾਭ ਕਮਾਉਣ ਵਾਲੀ ਕੰਪਨੀ ਸੀ ਅਤੇ 2007-08 ’ਚ ਉਸ ਨੇ 4,280 ਕਰੋਡ਼ ਰੁਪਏ ਦੀ ਆਮਦਨੀ ’ਤੇ 1,669 ਕਰੋਡ਼ ਰੁਪਏ ਦਾ ਲਾਭ ਦਰਜ ਕੀਤਾ ਸੀ। ਨਾਲ ਹੀ ਕੰਪਨੀ ਦੇ ਕੋਲ 3,275 ਕਰੋਡ਼ ਰੁਪਏ ਦਾ ਕੈਸ਼ ਸੀ।


Related News