ਜਵਾਬੀ ਟੈਰਿਫ ਲੱਗਣ ਨਾਲ ਐੱਮ. ਐੱਸ. ਐੱਮ. ਈ. ਲਈ ਵਧੇਗਾ ਤਣਾਅ : ਇੰਡੀਆ ਰੇਟਿੰਗਸ
Tuesday, Apr 29, 2025 - 09:12 PM (IST)

ਨਵੀਂ ਦਿੱਲੀ, (ਭਾਸ਼ਾ)- ਇੰਡੀਆ ਰੇਟਿੰਗਸ ਐਂਡ ਰਿਸਰਚ ਨੇ ਕਿਹਾ ਕਿ ਅਮਰੀਕਾ ਵੱਲੋਂ ਕਈ ਉਤਪਾਦਾਂ ’ਤੇ ਲਾਏ ਗਏ ਜਵਾਬੀ ਟੈਰਿਫ ਦੇਸ਼ ਦੇ ਦਰਮਿਆਨੇ, ਛੋਟੇ ਅਤੇ ਸੂਖਮ ਉੱਦਮਾਂ (ਐੱਮ. ਐੱਸ. ਐੱਮ. ਈ.) ਲਈ ਤਣਾਅ ਵਧਾਉਣਗੇ।
ਘਰੇਲੂ ਰੇਟਿੰਗ ਏਜੰਸੀ ਨੇ ਕਿਹਾ ਕਿ ਐੱਮ. ਐੱਸ. ਐੱਮ. ਈ. ਦੇ ਮੁਕਾਬਲੇ ਦਰਮਿਆਨੇ ਆਕਾਰ ਦੀਆਂ ਕੰਪਨੀਆਂ ਦੇ ਕੋਲ ਅਚਾਨਕ ਆਉਣ ਵਾਲੇ ਵਿੱਤੀ ਝਟਕਿਆਂ ਦਾ ਮੁਕਾਬਲਾ ਕਰਨ ਦੀ ਜ਼ਿਆਦਾ ਸਮਰੱਥਾ ਹੈ। ਇੰਡੀਆ ਰੇਟਿੰਗਸ ਦਾ ਅੰਦਾਜ਼ਾ ਹੈ ਕਿ ਅਪ੍ਰੈਲ 2025 ’ਚ ਟੈਰਿਫ ਵਾਰ ਤੇਜ਼ ਹੋਣ ਕਾਰਨ ਸੰਚਾਲਨ ਹਲਾਤਾਂ ਦੇ ਵਿਗੜਨ ਨਾਲ ਐੱਮ. ਐੱਸ. ਐੱਮ. ਈ. ਜ਼ਿਆਦਾ ਕਮਜ਼ੋਰ ਹੋ ਜਾਣਗੇ। ਅਜਿਹਾ ਖਾਸ ਤੌਰ ’ਤੇ ਉਨ੍ਹਾਂ ਖੇਤਰਾਂ ’ਚ ਹੋਵੇਗਾ, ਜਿੱਥੇ ਟੈਰਿਫ ਵਾਰ ਦਾ ਪ੍ਰਭਾਵ ਨਕਾਰਾਤਮਕ ਹੈ।
ਰੇਟਿੰਗ ਏਜੰਸੀ ਨੇ 31 ਮਾਰਚ, 2024 ਤੱਕ ਦੀ ਸਥਿਤੀ ਦੇ ਵਿਸ਼ਲੇਸ਼ਣ ਦੇ ਆਧਾਰ ’ਤੇ ਸੁਝਾਅ ਦਿੱਤਾ ਕਿ 11 ਫ਼ੀਸਦੀ ਦਰਮਿਆਨੇ ਪੱਧਰ ਦੀਆਂ ਕੰਪਨੀਆਂ ਦੇ ਮੁਕਾਬਲੇ 23 ਫ਼ੀਸਦੀ ਐੱਮ. ਐੱਸ. ਐੱਮ. ਈ. ਤਣਾਅਵਗ੍ਰਸਤ ਰਹੇ। ਵਿਸ਼ਲੇਸ਼ਣ ’ਚ ਇਹ ਵੀ ਕਿਹਾ ਗਿਆ ਕਿ ਵਪਾਰ ਚੱਕਰਾਂ ਦਾ ਪ੍ਰਬੰਧਨ ਕਰਨ ਲਈ ਦਰਮਿਆਨੇ ਪੱਧਰ ਦੀਆਂ ਕੰਪਨੀਆਂ ਕੋਵਿਡ ਤੋਂ ਪਹਿਲਾਂ ਦੇ ਪੱਧਰਾਂ ਦੇ ਮੁਕਾਬਲੇ ਬਿਹਤਰ ਸਥਿਤੀ ’ਚ ਹਨ।
ਇੰਡੀਆ ਰੇਟਿੰਗਸ ਐਂਡ ਰਿਸਰਚ ’ਚ ਸੰਯੁਕਤ ਨਿਰਦੇਸ਼ਕ ਨੀਰਮਯ ਸ਼ਾਹ ਨੇ ਕਿਹਾ ਕਿ ਐੱਮ. ਐੱਸ. ਐੱਮ. ਈ. ਨੂੰ ਦਰਮਿਆਨੇ ਪੱਧਰ ਦੀਆਂ ਕੰਪਨੀਆਂ ਦੇ ਮੁਕਾਬਲੇ ਕਾਰਜਸ਼ੀਲ ਪੂੰਜੀ ਦੇ ਮੁੱਦਿਆਂ ਨਾਲ ਜ਼ਿਆਦਾ ਜੂਝਣਾ ਪੈਂਦਾ ਹੈ ਅਤੇ ਉਨ੍ਹਾਂ ਨੂੰ ਇਸ ਦਾ ਮੁਕਾਬਲਾ ਕਰਨ ਲਈ ਮੁਕਾਬਲੇਬਾਜ਼ ਦਰਾਂ ’ਤੇ ਭਰਪੂਰ ਫੰਡ ਦੀ ਜ਼ਰੂਰਤ ਹੁੰਦੀ ਹੈ।