ਪ੍ਰਚੂਨ ਵਿਕਰੇਤਾਵਾਂ ਦੇ ਸੰਗਠਨ ਨੇ ਰਾਤ 9 ਵਜੇ ਤੱਕ ਦੁਕਾਨਾਂ ਖੋਲ੍ਹਣ ਦੀ ਮਨਜ਼ੂਰੀ ਮੰਗੀ
Monday, Jul 20, 2020 - 07:21 PM (IST)
ਨਵੀਂ ਦਿੱਲੀ- ਭਾਰਤੀ ਪ੍ਰਚੂਨ ਵਿਕਰੇਤਾ ਸੰਗਠਨ (ਆਰ. ਏ.ਆਈ.) ਨੇ ਸੋਮਵਾਰ ਨੂੰ ਸੂਬਾ ਸਰਕਾਰਾਂ ਨੂੰ ਅਪੀਲ ਕੀਤੀ ਕਿ ਕਰਿਆਨੇ ਅਤੇ ਆਮ ਕਾਰੋਬਾਰੀ ਦੁਕਾਨਾਂ ਸਮੇਤ ਸਾਰੀਆਂ ਜ਼ਰੂਰੀ ਦੁਕਾਨਾਂ ਨੂੰ ਰਾਤ 9 ਵਜੇ ਤੱਕ ਖੋਲ੍ਹਣ ਦੀ ਆਗਿਆ ਦਿੱਤੀ ਜਾਵੇ।
ਆਰ. ਏ.ਆਈ. ਵੱਲੋਂ ਜਾਰੀ ਬਿਆਨ ਵਿਚ ਕਿਹਾ ਗਿਆ ਹੈ ਕਿ ਕੁਝ ਥਾਵਾਂ ‘ਤੇ ਜਾਰੀ ਮੁਕੰਮਲ ਤਾਲਾਬੰਦੀ, ਕਈ ਹੋਰ ਥਾਵਾਂ ‘ਤੇ ਕੰਮ ਕਰਨ ਦੇ ਘੰਟੇ ਅਤੇ ਦਿਨ ਸੀਮਤ ਹੋਣ ਕਾਰਨ ਪਹਿਲਾਂ ਤੋਂ ਹੀ ਦਬਾਅ ਹੇਠ ਕੰਮ ਕਰ ਰਹੇ ਪ੍ਰਚੂਨ ਵਿਕਰੇਤਾਵਾਂ ਦਾ ਕਾਰੋਬਾਰ ਪ੍ਰਭਾਵਿਤ ਹੋ ਰਿਹਾ ਹੈ। ਸੰਗਠਨ ਨੇ ਉੱਤਰ ਪ੍ਰਦੇਸ਼, ਮਹਾਰਾਸ਼ਟਰ, ਆਂਧਰਾ ਪ੍ਰਦੇਸ਼ ਅਤੇ ਕਰਨਾਟਕ ਵਿਚ ਸਥਾਨਕ ਤੌਰ 'ਤੇ ਲਗਾਈਆਂ ਗਈਆਂ ਪਾਬੰਦੀਆਂ ਅਤੇ ਕੁਝ ਖੇਤਰਾਂ ਵਿਚ ਅਣਅਧਿਕਾਰਤ ਪਾਬੰਦੀਆਂ ਦਾ ਹਵਾਲਾ ਦਿੱਤਾ ਹੈ।
ਭਾਰਤੀ ਪ੍ਰਚੂਨ ਵਿਕਰੇਤਾ ਸੰਗਠਨ ਨੇ ਕਿਹਾ ਕਿ ਦੁਕਾਨਦਾਰਾਂ ਨੂੰ ਪਹਿਲਾਂ ਹੀ ਕਰਮਚਾਰੀਆਂ ਦੀਆਂ ਤਨਖਾਹਾਂ ਦੇਣ ਅਤੇ ਦੁਕਾਨਾਂ ਦਾ ਕਿਰਾਇਆ ਅਦਾ ਕਰਨ ਵਿਚ ਮੁਸ਼ਕਲ ਆ ਰਹੀ ਹੈ। ਪ੍ਰਚੂਨ ਵਿਕਰੇਤਾਵਾਂ ਦੇ ਸੰਗਠਨ ਦੇ ਸੀ. ਈ. ਓ. ਕੁਮਾਰ ਰਾਜਾਗੋਪਾਲਨ ਨੇ ਕਿਹਾ ਹੈ ਕਿ ਉਨ੍ਹਾਂ ਨੇ ਇਸ ਸੰਬੰਧ ਵਿਚ ਉੱਤਰ ਪ੍ਰਦੇਸ਼, ਮਹਾਰਾਸ਼ਟਰ, ਆਂਧਰਾ ਪ੍ਰਦੇਸ਼ ਅਤੇ ਕਰਨਾਟਕ ਦੀਆਂ ਸਰਕਾਰਾਂ ਅਤੇ ਸਥਾਨਕ ਪ੍ਰਸ਼ਾਸਨ ਨੂੰ ਮੰਗ ਪੱਤਰ ਸੌਂਪੇ ਹਨ। ਇਸ ਵਿਚ ਕੁਝ ਖੇਤਰਾਂ ਵਿਚ ਸਮੇਂ ਨੂੰ ਲੈ ਕੇ ਲਗਾਈਆਂ ਗਈਆਂ ਪਾਬੰਦੀਆਂ ਨੂੰ ਖਤਮ ਕਰਨ ਦੀ ਬੇਨਤੀ ਕੀਤੀ ਗਈ ਹੈ। ਬਾਟਾ ਇੰਡੀਆ ਦੇ ਸੀ. ਈ. ਓ. ਸੰਦੀਪ ਕਟਾਰੀਆ ਨੇ ਵੀ ਕਿਹਾ ਕਿ ਦੁਕਾਨਾਂ ਖੋਲ੍ਹਣ ਦੇ ਸੀਮਤ ਘੰਟੇ ਕਈ ਵਾਰ ਬੇਲੋੜੀ ਭੀੜ ਦਾ ਕਾਰਨ ਬਣਦੇ ਹਨ, ਜੋ ਲੋਕਾਂ ਦੀ ਸੁਰੱਖਿਆ ਲਈ ਚੰਗਾ ਨਹੀਂ ਹੈ। ਦੁਕਾਨਦਾਰਾਂ ਨੂੰ ਨੁਕਸਾਨ ਵੀ ਹੋ ਸਕਦਾ ਹੈ।