ਤਿਓਹਾਰੀ ਸੀਜ਼ਨ ਦੀ ਮੰਗ ਨਾਲ ਅਕਤੂਬਰ ’ਚ ਵਾਹਨਾਂ ਦੀ ਪ੍ਰਚੂਨ ਵਿਕਰੀ ’ਚ 48 ਫੀਸਦੀ ਦਾ ਉਛਾਲ

Tuesday, Nov 08, 2022 - 09:58 AM (IST)

ਨਵੀਂ ਦਿੱਲੀ–ਤਿਓਹਾਰੀ ਸੀਜ਼ਨ ਦੀ ਮੰਗ ਨਾਲ ਦੇਸ਼ ’ਚ ਵਾਹਨਾਂ ਦੀ ਪ੍ਰਚੂਨ ਵਿਕਰੀ ’ਚ ਅਕਤੂਬਰ ਮਹੀਨੇ ’ਚ 48 ਫੀਸਦੀ ਦਾ ਜ਼ੋਰਦਾਰ ਉਛਾਲ ਆਇਆ ਹੈ। ਵਾਹਨ ਡੀਲਰ ਸੰਘਾਂ ਦੇ ਮਹਾਸੰਘ (ਫਾਡਾ) ਨੇ ਇਹ ਜਾਣਕਾਰੀ ਦਿੱਤੀ। ਅਕਤੂਬਰ ’ਚ ਵਾਹਨਾਂ ਦੀ ਕੁੱਲ ਪ੍ਰਚੂਨ ਵਿਕਰੀ 20,94,378 ਇਕਾਈ ਰਹੀ। ਇਹ ਅਕਤੂਬਰ 2021 ਦੇ 14,18,726 ਇਕਾਈ ਦੇ ਅੰਕੜੇ ਤੋਂ 48 ਫੀਸਦੀ ਵੱਧ ਹੈ।
ਅਕਤੂਬਰ 2022 ’ਚ ਵਾਹਨਾਂ ਦੀ ਰਜਿਸਟ੍ਰੇਸ਼ਨ ਕੋਵਿਡ ਤੋਂ ਪਹਿਲਾਂ ਯਾਨੀ ਅਕਤੂਬਰ 2019 ਤੋਂ ਵੀ ਅੱਠ ਫੀਸਦੀ ਵੱਧ ਰਹੀ ਹੈ। ਪਿਛਲੇ ਮਹੀਨੇ ਸਾਰੇ ਵਾਹਨ ਸੈਗਮੈਂਟਸ....ਯਾਤਰੀ ਅਤੇ ਕਮਰਸ਼ੀਅਲ ਵਾਹਨ, ਦੋਪਹੀਆ, ਟਰੈਕਟਰ ਅਤੇ ਤਿੰਨ ਪਹੀਆ ਦਾ ਪ੍ਰਦਰਸ਼ਨ ਅਕਤੂਬਰ 2021 ਤੋਂ ਬਿਹਤਰ ਰਿਹਾ। ਪਿਛਲੇ ਮਹੀਨੇ ਯਾਤਰੀ ਵਾਹਨਾਂ ਦੀ ਪ੍ਰਚੂਨ ਵਿਕਰੀ 41 ਫੀਸਦੀ ਵਧ ਕੇ 3,28,645 ਇਕਾਈ ’ਤੇ ਪਹੁੰਚ ਗਈ। ਇਹ ਅਕਤੂਬਰ 2021 ’ਚ 2,33,822 ਇਕਾਈ ਰਹੀ ਸੀ।
ਦੋ ਪਹੀਆ ਵਾਹਨਾਂ ਦੀ ਰਜਿਸਟ੍ਰੇਸ਼ਨ 51 ਫੀਸਦੀ ਉਛਲੀ
ਇਸ ਤਰ੍ਹਾਂ ਦੋਪਹੀਆ ਵਾਹਨਾਂ ਦੀ ਰਜਿਸਟ੍ਰੇਸ਼ਨ ਪਿਛਲੇ ਮਹੀਨੇ 51 ਫੀਸਦੀ ਦੇ ਉਛਾਲ ਨਾਲ 15,71,165 ਇਕਾਈ ’ਤੇ ਪਹੁੰਚ ਗਈ। ਇਹ ਅੰਕੜਾ ਅਕਤੂਬਰ 2021 ’ਚ 10,39,845 ਇਕਾਈ ਰਿਹਾ ਸੀ। ਅਕਤੂਬਰ ’ਚ ਕਮਰਸ਼ੀਅਲ ਵਾਹਨਾਂ ਦੀ ਪ੍ਰਚੂਨ ਵਿਕਰੀ 25 ਫੀਸਦੀ ਵਧ ਕੇ 74,443 ਇਕਾਈ ਰਹੀ। ਇਕ ਸਾਲ ਪਹਿਲਾਂ ਇਸੇ ਮਹੀਨੇ ’ਚ ਇਹ 59,363 ਇਕਾਈ ਰਹੀ ਸੀ। ਅਕਤੂਬਰ 2022 ’ਚ ਤਿੰਨ ਪਹੀਆ ਅਤੇ ਟਰੈਕਟਰ ਦੀ ਵਿਕਰੀ ’ਚ ਕ੍ਰਮਵਾਰ : 66 ਫੀਸਦੀ ਅਤੇ 17 ਫੀਸਦੀ ਦਾ ਉਛਾਲ ਆਇਆ।
ਫਾਡਾ ਦੇ ਮੁਖੀ ਮਨੀਸ਼ ਰਾਜ ਸਿੰਘਾਨੀਆ ਨੇ ਬਿਆਨ ’ਚ ਕਿਹਾ ਕਿ ਅਕਤੂਬਰ ਤਿਓਹਾਰਾਂ ਦਾ ਮਹੀਨਾ ਰਿਹਾ। ਸਾਰੀਆਂ ਸ਼੍ਰੇਣੀਆਂ ਦੀ ਡੀਲਰਸ਼ਿਪ ’ਤੇ ਇਸ ਦੌਰਾਨ ਕਾਫੀ ਮੰਗ ਦੇਖੀ ਗਈ। 2019 ਦੇ ਕੋਵਿਡ ਤੋਂ ਪਹਿਲਾਂ ਦੇ ਮਹੀਨੇ ਦੀ ਤੁਲਨਾ ’ਚ ਵੀ ਇਸ ਸਾਲ ਅਕਤੂਬਰ ’ਚ ਵਿਕਰੀ ਵੱਧ ਰਹੀ ਹੈ। ਇਸ ਸਾਲ 42 ਦਿਨ ਦੀ ਤਿਓਹਾਰੀ ਸਮੇਂ ਦੌਰਾਨ ਵਾਹਨਾਂ ਦੀ ਕੁੱਲ ਪ੍ਰਚੂਨ ਵਿਕਰੀ 29 ਫੀਸਦੀ ਵਧ ਕੇ 28,88,131 ਇਕਾਈ ’ਤੇ ਪਹੁੰਚ ਗਈ। ਪਿਛਲੇ ਸਾਲ ਦੀ ਇਸੇ ਮਿਆਦ ’ਚ ਇਹ ਅੰਕੜਾ 22,42,139 ਇਕਾਈ ਰਿਹਾ ਸੀ। ਇਸ ਦੌਰਾਨ ਯਾਤਰੀ ਵਾਹਨਾਂ ਦੀ ਪ੍ਰਚੂਨ ਵਿਕਰੀ 34 ਫੀਸਦੀ ਵਧ ਕੇ 4,56,413 ਇਕਾਈ ’ਤੇ ਪਹੁੰਚ ਗਈ ਜੋ ਇਕ ਸਾਲ ਪਹਿਲਾਂ ਇਸੇ ਸਮੇਂ ਦੌਰਾਨ 3,39,780 ਇਕਾਈ ਰਹੀ ਸੀ।

 


Aarti dhillon

Content Editor

Related News