ਪ੍ਰਚੂਨ ਮਹਿੰਗਾਈ ਵਧ ਕੇ 5.85 ਫ਼ੀਸਦੀ ''ਤੇ ਪੁੱਜੀ, ਵਿਗੜੇਗਾ ਰਸੋਈ ਦਾ ਬਜਟ

Saturday, Oct 01, 2022 - 03:31 PM (IST)

ਨਵੀਂ ਦਿੱਲੀ : ਖਾਣ-ਪੀਣ ਦੀਆਂ ਵਸਤੂਆਂ ਦੀਆਂ ਕੀਮਤਾਂ ਵਧਣ ਕਾਰਨ ਉਦਯੋਗਿਕ ਖ਼ੇਤਰ ਦੇ ਕਾਮਿਆਂ ਲਈ ਪ੍ਰਚੂਨ ਮਹਿੰਗਾਈ ਅਗਸਤ ਵਿੱਚ ਵਧ ਕੇ 5.85 ਫ਼ੀਸਦੀ ਹੋ ਗਈ ਜੋ ਜੁਲਾਈ ਵਿੱਚ 5.78 ਫ਼ੀਸਦੀ ਸੀ। ਬੀਤੇ ਦਿਨੀਂ ਕਿਰਤ ਮੰਤਰਾਲੇ ਨੇ ਇਕ ਬਿਆਨ 'ਚ ਕਿਹਾ ਕਿਹਾ ਕਿ ਸਾਲਾਨਾ ਆਧਾਰ 'ਤੇ ਮਹਿੰਗਾਈ ਅਗਸਤ, 2022 ਵਿੱਚ 5.85 ਫ਼ੀਸਦੀ ਸੀ ਜੋ ਅਗਸਤ 2021 'ਚ 4.80  ਫ਼ੀਸਦੀ ਸੀ।

ਇਸੇ ਤਰ੍ਹਾਂ, ਅਗਸਤ 2022 ਵਿੱਚ ਖਾਣ ਵਾਲੀਆਂ ਵਸਤੂਆਂ ਦੀ ਮਹਿੰਗਾਈ ਦਰ ਜੁਲਾਈ ਵਿੱਚ 5.96  ਫ਼ੀਸਦੀ ਦੇ ਮੁਕਾਬਲੇ 6.46  ਫ਼ੀਸਦੀ ਰਹੀ। ਅਗਸਤ 2021 'ਚ ਇਹ 4.83  ਫ਼ੀਸਦੀ ਸੀ। ਆਲ ਇੰਡੀਆ ਇੰਡਸਟਰੀਅਲ ਵਰਕਰਾਂ ਲਈ ਖ਼ਪਤਕਾਰ ਮੁੱਲ ਸੂਚਕ ਅੰਕ (ਸੀਪੀਆਈ-ਆਈਡਬਲਯੂ) ਅਗਸਤ 2022 ਵਿੱਚ 0.3 ਅੰਕ ਵਧ ਕੇ 130.2 ਅੰਕ ਹੋ ਗਿਆ। ਜੁਲਾਈ  2022 ਵਿੱਚ ਇਹ 129.9 ਅੰਕ ਸੀ।

 ਵਸਤੂਆਂ ਦੇ ਪੱਧਰ 'ਤੇ, ਚੌਲ, ਕਣਕ ਦਾ ਆਟਾ, ਤੁੜ ਦਾਲ, ਕਣਕ, ਅੰਬ, ਦੁੱਧ, ਪਕਾਇਆ ਭੋਜਨ, ਫ਼ੋਨ ਦੇ ਬਿੱਲਾਂ ਆਦਿ ਦੀਆਂ ਕੀਮਤਾਂ ਵਧਣ ਕਾਰਨ ਸੂਚਕ ਅੰਕ ਵਧਿਆ ਹੈ।
 ਅੰਕੜਿਆਂ ਮੁਤਾਬਕ ਕੇਂਦਰ ਪੱਧਰ 'ਤੇ ਸੋਲਾਪੁਰ 'ਚ ਸਭ ਤੋਂ ਵੱਧ 3.9 ਅੰਕ ਅਤੇ ਆਗਰਾ 'ਚ 3.2 ਅੰਕਾਂ ਦਾ ਵਾਧਾ ਹੋਇਆ ਹੈ।


 


Anuradha

Content Editor

Related News