ਪ੍ਰਚੂਨ ਮਹਿੰਗਾਈ 6.5 ਫ਼ੀਸਦੀ ਰਹਿਣ ਦਾ ਅੰਦਾਜ਼ਾ

02/07/2020 10:22:43 AM

ਮੁੰਬਈ — ਕੱਚੇ ਤੇਲ ਦੀਆਂ ਕੀਮਤਾਂ ’ਚ ਉਤਾਰ-ਚੜ੍ਹਾਅ ਦਰਮਿਆਨ ਦੁੱਧ ਅਤੇ ਦਾਲਾਂ ਦੀਆਂ ਕੀਮਤਾਂ ’ਚ ਵਾਧੇ ਕਾਰਣ ਆਰ. ਬੀ. ਆਈ. ਨੇ ਜਨਵਰੀ-ਮਾਰਚ ਤਿਮਾਹੀ ਲਈ ਪ੍ਰਚੂਨ ਮਹਿੰਗਾਈ ਦਾ ਅੰਦਾਜ਼ਾ ਵਧਾ ਕੇ 6.5 ਫ਼ੀਸਦੀ ਕਰ ਦਿੱਤਾ। ਆਰ. ਬੀ. ਆਈ. ਨੇ ਸਮੁੱਚੀ ਪ੍ਰਚੂਨ ਮਹਿੰਗਾਈ ਦੇ ਅੰਦਾਜ਼ੇ ਨੂੰ ਬਹੁਤ ਜ਼ਿਆਦਾ ਅਨਿਸ਼ਚਿਤ ਦੱਸਿਆ। ਆਉਣ ਵਾਲੇ ਸਮੇਂ ’ਚ ਖੁਰਾਕ ਮਹਿੰਗਾਈ, ਕੱਚੇ ਤੇਲ ਦੀਆਂ ਕੀਮਤਾਂ ਅਤੇ ਸੇਵਾਵਾਂ ਲਈ ਇਨਪੁਟ ਲਾਗਤ ਦੇ ਆਧਾਰ ’ਤੇ ਪ੍ਰਚੂਨ ਮਹਿੰਗਾਈ ਦਾ ਅੰਦਾਜ਼ਾ ਤੈਅ ਹੋਵੇਗਾ। ਆਰ. ਬੀ. ਆਈ. ਨੇ ਚਾਲੂ ਕਾਰੋਬਾਰੀ ਸਾਲ ਲਈ ਆਪਣੀ ਆਖਰੀ ਕਰੰਸੀ ਨੀਤੀ ਸਮੀਖਿਆ ’ਚ ਕਿਹਾ ਕਿ ਖੁਰਾਕ ਮਹਿੰਗਾਈ ਦੀ ਦਰ ਦਸੰਬਰ ’ਚ ਦਰਜ ਉੱਚੇ ਪੱਧਰ ਤੋਂ ਹੇਠਾਂ ਆਵੇਗੀ ਕਿਉਂਕਿ ਸਾਉਣੀ ਅਤੇ ਹਾੜ੍ਹੀ ਦੀਆਂ ਫਸਲਾਂ ਬਾਜ਼ਾਰ ’ਚ ਆਉਣ ਨਾਲ ਪਿਆਜ਼ ਦੀ ਕੀਮਤ ਘਟੇਗੀ।

ਆਰ. ਬੀ. ਆਈ. ਨੇ ਕਿਹਾ ਕਿ ਅਸੀਂ ਇਹ ਮੰਨ ਕੇ ਚਲਦੇ ਹਾਂ ਕਿ ਕਾਰੋਬਾਰੀ ਸਾਲ 2020-21 ਮਾਨਸੂਨ ਸਾਧਾਰਨ ਰਹੇਗਾ। ਇਸ ਧਾਰਨਾ ਦੇ ਆਧਾਰ ’ਤੇ ਅਗਲੇ ਕਾਰੋਬਾਰੀ ਸਾਲ ਦੀ ਪਹਿਲੀ ਛਿਮਾਹੀ ’ਚ ਪ੍ਰਚੂਨ ਮਹਿੰਗਾਈ ਦਰ ਘਟ ਕੇ 5 ਤੋਂ 5.4 ਫ਼ੀਸਦੀ ’ਤੇ ਆ ਸਕਦੀ ਹੈ। ਅਗਲੇ ਕਾਰੋਬਾਰੀ ਸਾਲ ਦੀ ਤੀਜੀ ਤਿਮਾਹੀ (ਅਕਤੂਬਰ-ਦਸੰਬਰ 2020) ’ਚ ਪ੍ਰਚੂਨ ਮਹਿੰਗਾਈ ਦੀ ਦਰ ਹੋਰ ਘਟ ਕੇ 3.2 ਫ਼ੀਸਦੀ ’ਤੇ ਆ ਸਕਦੀ ਹੈ।


Related News