ਪ੍ਰਚੂਨ ਮਹਿੰਗਾਈ ਦਰ ਘਟ ਕੇ ਹੋਈ 3.54 ਫ਼ੀਸਦੀ , 5 ਸਾਲ ਬਾਅਦ RBI ਦੇ 4 ਫ਼ੀਸਦੀ ਦੇ ਟੀਚੇ ਤੋਂ ਹੇਠਾਂ

Tuesday, Aug 13, 2024 - 10:21 AM (IST)

ਨਵੀਂ ਦਿੱਲੀ (ਭਾਸ਼ਾ) - ਪ੍ਰਚੂਨ ਮਹਿੰਗਾਈ ਦਰ ਜੁਲਾਈ ’ਚ ਘਟ ਕੇ 3.54 ਫ਼ੀਸਦੀ ’ਤੇ ਆ ਗਈ। ਖੁਰਾਕੀ ਵਸਤਾਂ ਦੀਆਂ ਕੀਮਤਾਂ ’ਚ ਨਰਮੀ ਨਾਲ ਦਰ ’ਚ ਕਮੀ ਆਈ ਹੈ। ਲੱਗਭਗ 5 ਸਾਲਾਂ ’ਚ ਇਹ ਪਹਿਲਾ ਮੌਕਾ ਹੈ ਜਦੋਂ ਮਹਿੰਗਾਈ ਭਾਰਤੀ ਰਿਜ਼ਰਵ ਬੈਂਕ (ਆਰ. ਬੀ. ਆਈ.) ਦੇ 4 ਫ਼ੀਸਦੀ ਦੇ ਟੀਚੇ ਤੋਂ ਹੇਠਾਂ ਆਈ ਹੈ।

ਸੋਮਵਾਰ ਨੂੰ ਜਾਰੀ ਅਧਿਕਾਰਕ ਅੰਕੜਿਆਂ ’ਚ ਇਹ ਜਾਣਕਾਰੀ ਦਿੱਤੀ ਗਈ। ਖਪਤਕਾਰ ਮੁੱਲ ਸੂਚਕ ਅੰਕ ਆਧਾਰਿਤ ਪ੍ਰਚੂਨ ਮਹਿੰਗਾਈ ਇਸ ਸਾਲ ਜੂਨ ’ਚ 5.08 ਫ਼ੀਸਦੀ ਸੀ, ਜਦੋਂ ਕਿ ਬੀਤੇ ਸਾਲ ਜੁਲਾਈ ’ਚ ਇਹ 7.44 ਫ਼ੀਸਦੀ ਸੀ।

ਖੁਰਾਕੀ ਵਸਤਾਂ ਦੀ ਮਹਿੰਗਾਈ

ਰਾਸ਼ਟਰੀ ਅੰਕੜਾ ਦਫ਼ਤਰ (ਐੱਨ. ਐੱਸ. ਓ.) ਦੇ ਅੰਕੜਿਆਂ ਮੁਤਾਬਕ ਖੁਰਾਕੀ ਵਸਤਾਂ ਦੀ ਮਹਿੰਗਾਈ ਜੁਲਾਈ ’ਚ 5.42 ਫ਼ੀਸਦੀ ਰਹੀ। ਇਹ ਜੂਨ ’ਚ 9.36 ਫ਼ੀਸਦੀ ਸੀ। ਇਸ ਤੋਂ ਪਹਿਲਾਂ, ਪ੍ਰਚੂਨ ਮਹਿੰਗਾਈ ਸਤੰਬਰ, 2019 ’ਚ 4 ਫ਼ੀਸਦੀ ਤੋਂ ਹੇਠਾਂ ਰਹੀ ਸੀ।

ਸਰਕਾਰ ਨੇ ਰਿਜ਼ਰਵ ਬੈਂਕ ਨੂੰ ਪ੍ਰਚੂਨ ਮਹਿੰਗਾਈ ਨੂੰ 2 ਫ਼ੀਸਦੀ ਉੱਪਰ-ਹੇਠਾਂ ਦੇ ਨਾਲ 4 ਫ਼ੀਸਦੀ ਰੱਖਣ ਦੀ ਜ਼ਿੰਮੇਵਾਰੀ ਦਿੱਤੀ ਹੋਈ ਹੈ।

ਜੁਲਾਈ ਮਹੀਨੇ ’ਚ ਸਬਜ਼ੀਆਂ ’ਚ ਤੇਜ਼ ਗਿਰਾਵਟ ਵੇਖੀ ਗਈ। ਜੂਨ ’ਚ 29.32 ਫ਼ੀਸਦੀ ਦੇ ਮੁਕਾਬਲੇ ਮਹਿੰਗਾਈ 6.83 ਫ਼ੀਸਦੀ ਰਹੀ। ਦਾਲਾਂ ਦੀ ਮਹਿੰਗਾਈ ਪਿਛਲੇ ਮਹੀਨੇ ਦੇ 16.07 ਫ਼ੀਸਦੀ ਤੋਂ ਘਟ ਕੇ 14.77 ਫ਼ੀਸਦੀ ਹੋ ਗਈ। ਈਂਧਨ ਅਤੇ ਬਿਜਲੀ ਦੀ ਲਾਗਤ ’ਚ ਹੋਰ ਗਿਰਾਵਟ ਆਈ।

ਦੇਸ਼ ਦਾ ਉਦਯੋਗਕ ਉਤਪਾਦਨ 4.2 ਫ਼ੀਸਦੀ ਵਧਿਆ

ਦੇਸ਼ ਦਾ ਉਦਯੋਗਕ ਉਤਪਾਦਨ ਜੂਨ ਦੇ ਮਹੀਨੇ ’ਚ ਮਾਈਨਿੰਗ ਅਤੇ ਬਿਜਲੀ ਖੇਤਰਾਂ ਦੇ ਚੰਗੇ ਪ੍ਰਦਰਸ਼ਨ ਦੀ ਵਜ੍ਹਾ ਨਾਲ 4.2 ਫ਼ੀਸਦੀ ਦੀ ਦਰ ਤੋਂ ਵਧਿਆ ਹੈ। ਪਿਛਲੇ ਸਾਲ ਜੂਨ ’ਚ ਉਦਯੋਗਕ ਉਤਪਾਦਨ ਦੀ ਵਾਧਾ ਦਰ 5 ਫ਼ੀਸਦੀ ਰਹੀ ਸੀ।

ਸਰਕਾਰੀ ਅੰਕੜਿਆਂ ਮੁਤਾਬਕ ਜੂਨ ਦੇ ਮਹੀਨੇ ’ਚ ਵਿਨਿਰਮਾਣ ਖੇਤਰ ਦੀ ਵਾਧਾ ਦਰ 2.6 ਫ਼ੀਸਦੀ ਰਹੀ, ਜਦੋਂ ਕਿ ਇਕ ਸਾਲ ਪਹਿਲਾਂ ਦੀ ਇਸੇ ਮਿਆਦ ’ਚ ਇਹ 3.5 ਫ਼ੀਸਦੀ ਸੀ। ਸਮੀਖਿਆ ਅਧੀਨ ਮਿਆਦ ’ਚ ਮਾਈਨਿੰਗ ਖੇਤਰ 10.3 ਫ਼ੀਸਦੀ ਦੀ ਦਰ ਨਾਲ ਵਧਿਆ ਜਦੋਂ ਕਿ ਬਿਜਲੀ ਖੇਤਰ ਦੀ ਵਾਧਾ ਦਰ 8.6 ਫ਼ੀਸਦੀ ਰਹੀ।

ਇਸ ਦੇ ਨਾਲ ਹੀ ਚਾਲੂ ਵਿੱਤੀ ਸਾਲ ਦੀ ਪਹਿਲੀ ਤਿਮਾਹੀ ਯਾਨੀ ਅਪ੍ਰੈਲ-ਜੂਨ ਮਿਆਦ ’ਚ ਦੇਸ਼ ਦੇ ਉਦਯੋਗਕ ਉਤਪਾਦਨ ਦੀ ਵਾਧਾ ਦਰ 5.2 ਫ਼ੀਸਦੀ ਰਹੀ।


Harinder Kaur

Content Editor

Related News