ਪ੍ਰਚੂਨ ਮਹਿੰਗਾਈ ਜੁਲਾਈ ਮਹੀਨੇ ’ਚ ਘਟ ਕੇ 6.71 ਫੀਸਦੀ ’ਤੇ ਪੁੱਜੀ

Saturday, Aug 13, 2022 - 01:33 PM (IST)

ਪ੍ਰਚੂਨ ਮਹਿੰਗਾਈ ਜੁਲਾਈ ਮਹੀਨੇ ’ਚ ਘਟ ਕੇ 6.71 ਫੀਸਦੀ ’ਤੇ ਪੁੱਜੀ

ਨਵੀਂ ਦਿੱਲੀ (ਭਾਸ਼ਾ) – ਖਾਣ ਵਾਲਾ ਸਾਮਾਨ ਸਸਤਾ ਹੋਣ ਕਾਰਨ ਪ੍ਰਚੂਨ ਮਹਿੰਗਾਈ ਜੁਲਾਈ ’ਚ ਘਟ ਕੇ 6.71 ਫੀਸਦੀ ’ਤੇ ਆ ਗਈ। ਸਰਕਾਰੀ ਅੰਕੜਿਆਂ ਮੁਤਾਬਕ ਜੂਨ 2022 ’ਚ ਮਹਿੰਗਾਈ ਦਰ 7.01 ਫੀਸਦੀ ਜਦ ਕਿ ਜੁਲਾਈ 2021 ’ਚ 5.59 ਫੀਸਦੀ ਸੀ। ਅੰਕੜਿਆਂ ਮੁਤਾਬਕ ਖੁਰਾਕ ਮਹਿੰਗਾਈ ਵੀ ਜੁਲਾਈ ਮਹੀਨੇ ’ਚ ਨਰਮ ਪੈ ਕੇ 6.75 ਫੀਸਦੀ ’ਤੇ ਪਹੁੰਚ ਗਈ ਜਦ ਕਿ ਜੂਨ ’ਚ ਇਹ 7.5 ਫੀਸਦੀ ਸੀ।

ਹਾਲਾਂਕਿ ਖਪਤਕਾਰ ਮੁੱਲ ਸੂਚਕ ਅੰਕ ਆਧਾਰਿਤ ਪ੍ਰਚੂਨ ਮਹਿੰਗਾਈ ਹਾਲੇ ਵੀ ਭਾਰਤੀ ਰਿਜ਼ਰਵ ਬੈਂਕ ਦੇ ਸੰਤੁਸ਼ਟੀ ਭਰਪੂਰ ਪੱਧਰ ਦੀ ਉੱਚ ਲਿਮਿਟ 6.0 ਫੀਸਦੀ ਤੋਂ ਉੱਪਰ ਬਣੀ ਹੋਈ ਹੈ। ਇਹ ਪਿਛਲੇ ਸੱਤ ਮਹੀਨਿਆਂ ਤੋਂ 6.0 ਫੀਸਦੀ ਤੋਂ ਉੱਪਰ ਹੈ। ਰਿਜ਼ਰਵ ਬੈਂਕ ਨੂੰ ਪ੍ਰਚੂਨ ਮਹਿੰਗਾਈ ਦੋ ਫੀਸਦੀ ਘੱਟ-ਵਧ ਨਾਲ ਚਾਰ ਫੀਸਦੀ ’ਤੇ ਰੱਖਣ ਦੀ ਜ਼ਿੰਮੇਵਾਰੀ ਮਿਲੀ ਹੋਈ ਹੈ। ਚਾਲੂ ਵਿੱਤੀ ਸਾਲ ਦੇ ਪਹਿਲੇ ਤਿੰਨ ਮਹੀਨਿਆਂ ’ਚ ਪ੍ਰਚੂਨ ਮਹਿੰਗਾਈ 7.0 ਫੀਸਦੀ ਤੋਂ ਉੱਪਰ ਰਹੀ ਹੈ।

ਇਹ ਵੀ ਪੜ੍ਹੋ :  ਕਿਰਾਏ 'ਤੇ ਮਕਾਨ ਨੂੰ ਲੈ ਕੇ ਬਦਲੇ GST ਨਿਯਮ, ਹੁਣ ਇਨ੍ਹਾਂ ਕਿਰਾਏਦਾਰਾਂ 'ਤੇ ਲੱਗੇਗਾ 18 ਫੀਸਦੀ ਟੈਕਸ

ਉਮੀਦ ਮੁਤਾਬਕ ਆਈ ਗਿਰਾਵਟ

ਇਸ ਤੋਂ ਪਹਿਲਾਂ ਉਮੀਦ ਪ੍ਰਗਟਾਈ ਗਈ ਸੀ ਕਿ ਜੁਲਾਈ ਮਹੀਨੇ ’ਚ ਪ੍ਰਚੂਨ ਮਹਿੰਗਾਈ ਦੀ ਦਰ 6.65 ਫੀਸਦੀ ’ਤੇ ਰਹਿ ਸਕਦੀ ਹੈ। ਖਾਣ ਵਾਲੇ ਪਦਾਰਥਾਂ ਦੀਆਂ ਕੀਮਤਾਂ ’ਚ ਗਿਰਾਵਟ ਅਤੇ ਈਂਧਨ ’ਤੇ ਟੈਕਸ ’ਚ ਕਮੀ ਕਾਰਨ ਮਹਿੰਗਾਈ ਘਟਣ ਦੇ ਆਸਾਰ ਪ੍ਰਗਟਾਏ ਗਏ ਸਨ। ਬਾਰਕਲੇਜ ਨੇ ਆਪਣੀ ਰਿਪੋਰਟ ’ਚ ਕਿਹਾ ਸੀ ਕਿ ਜੂਨ ’ਚ 7.01 ਫੀਸਦੀ ਦੇ ਮੁਕਾਬਲੇ ਜੁਲਾਈ ਚ 0.36 ਫੀਸਦੀ ਦੀ ਕਮੀ ਆ ਸਕਦੀ ਹੈ। ਇਸ ਤੋਂ ਪਹਿਲਾਂ ਅਪ੍ਰੈਲ ’ਚ ਪ੍ਰਚੂਨ ਮਹਿੰਗਾਈ ਦੀ ਦਰ 8 ਸਾਲਾਂ ਦੇ ਉੱਪਰਲੇ ਪੱਧਰ 7.79 ਫੀਸਦੀ ’ਤੇ ਪਹੁੰਚ ਗਈ ਸੀ।

ਮਾਰਚ ਤੱਕ ਘਟ ਕੇ 5 ਫੀਸਦੀ ’ਤੇ ਆਵੇਗੀ

ਲਗਾਤਾਰ ਵਧ ਰਹੀ ਪ੍ਰਚੂਨ ਮਹਿੰਗਾਈ ਅਗਲੇ ਸਾਲ ਮਾਰਚ ਤੱਕ 2 ਫੀਸਦੀ ਘਟ ਕੇ 5 ਫੀਸਦੀ ਦੇ ਪੱਧਰ ’ਤੇ ਆ ਸਕਦੀ ਹੈ। ਐੱਸ. ਬੀ. ਆਈ. ਨੇ ਰਿਪੋਰਟ ’ਚ ਕਿਹਾ ਕਿ ਦੇਸ਼ ’ਚ ਪ੍ਰਚੂਨ ਮਹਿੰਗਾਈ ਦਰ ਲਗਾਤਾਰ ਛੇਵੇਂ ਮਹੀਨੇ 6 ਫੀਸਦੀ ਤੋਂ ਉੱਪਰ ਰਹੀ ਹੈ। ਹਾਲਾਂਕਿ ਪਿਛਲੇ ਤਿੰਨ ਮਹੀਨਿਆਂ ’ਚ ਸਰਕਾਰ ਅਤੇ ਆਰ. ਬੀ. ਆਈ. ਵਲੋਂ ਉਠਾਏ ਗਏ ਕਦਮਾਂ ਨਾਲ ਮਹਿੰਗਾਈ ਦੇ ਮੋਰਚੇ ’ਤੇ ਥੋੜੀ ਰਾਹਤ ਮਿਲੀ ਹੈ। ਇਨ੍ਹਾਂ ਕਦਮਾਂ ’ਚ ਪੈਟਰੋਲ-ਡੀਜ਼ਲ ’ਤੇ ਐਕਸਾਈਜ਼ ਡਿਊਟੀ ’ਚ ਕਟੌਤੀ, ਅਨਾਜ ਐਕਸਪੋਰਟ ’ਤੇ ਪਾਬੰਦੀ ਸ਼ਾਮਲ ਹਨ।

ਇਹ ਵੀ ਪੜ੍ਹੋ : ਜਾਨਸਨ ਐਂਡ ਜਾਨਸਨ ਦਾ ਵੱਡਾ ਫ਼ੈਸਲਾ, ਕੰਪਨੀ ਬੇਬੀ ਪਾਊਡਰ ਦੀ ਵਿਕਰੀ ਕਰੇਗੀ ਬੰਦ

ਉਦਯੋਗਿਕ ਉਤਪਾਦਨ 12.3 ਫੀਸਦੀ ਵਧਿਆ

ਉਦਯੋਗਿਕ ਉਤਪਾਦਨ (ਆਈ. ਆਈ. ਪੀ.) ਵਿਚ ਜੂਨ 2022 ਦੌਰਾਨ 12.3 ਫੀਸਦੀ ਦਾ ਵਾਧਾ ਦਰਜ ਕੀਤਾ ਗਿਆ ਹੈ। ਨੈਸ਼ਨਲ ਸਟੈਟਿਕਸ ਆਫਿਸ (ਐੱਨ. ਐੱਸ. ਓ.) ਵਲੋਂ ਸ਼ੁੱਕਰਵਾਰ ਨੂੰ ਜਾਰੀ ਉਦਯੋਗਿਕ ਉਤਪਾਦਨ ਸੂਚਕ ਅੰਕ (ਆਈ. ਆਈ. ਪੀ.) ਮੁਤਾਬਕ ਜੂਨ ਦੇ ਮਹੀਨੇ ’ਚ ਉਦਯੋਗਿਕ ਉਤਪਾਦਨ 12.3 ਫੀਸਦੀ ਵਧ ਗਿਆ। ਇਕ ਸਾਲ ਪਹਿਲਾਂ ਜੂਨ 2021 ਦੌਰਾਨ ਆਈ. ਆਈ. ਪੀ. ’ਚ 13.8 ਫੀਸਦੀ ਦਾ ਵਾਧਾ ਹੋਇਆ ਸੀ। ਇਨ੍ਹਾਂ ਅੰਕੜਿਆਂ ਮੁਤਾਬਕ ਜੂਨ 2022 ’ਚ ਨਿਰਮਾਣ ਖੇਤਰ ਦਾ ਉਤਪਾਦਨ 12.5 ਫੀਸਦੀ ਵਧਿਆ। ਇਸ ਤੋਂ ਇਲਾਵਾ ਮਾਈਨਿੰਗ ਉਤਪਾਦਨ ’ਚ 7.5 ਫੀਸਦੀ ਅਤੇ ਬਿਜਲੀ ਉਤਪਾਦਨ ਚ 16.4 ਫੀਸਦੀ ਦਾ ਵਾਧਾ ਹੋਇਆ ਹੈ।

ਐਕਸਪੋਰਟ 2.14 ਫੀਸਦੀ ਵਧ ਕੇ 36.27 ਅਰਬ ਡਾਲਰ ’ਤੇ

ਐਕਸਪੋਰਟ ਜੁਲਾਈ ’ਚ 2.14 ਫੀਸਦੀ ਵਧ ਕੇ 36.27 ਅਰਬ ਡਾਲਰ ਰਹੀ। ਉੱਥੇ ਹੀ ਵਪਾਰ ਘਾਟਾ ਇਸੇ ਮਹੀਨੇ ’ਚ ਲਗਭਗ ਤਿੰਨ ਗੁਣਾ ਹੋ ਕੇ 30 ਅਰਬ ਡਾਲਰ ਪਹੁੰਚ ਗਿਆ। ਅਧਿਕਾਰਕ ਅੰਕੜਿਆਂ ਮੁਤਾਬਕ ਇੰਪੋਰਟ ਜੁਲਾਈ ਮਹੀਨੇ ’ਚ ਸਾਲਾਨਾ ਆਧਾਰ ’ਤੇ 43.61 ਫੀਸਦੀ ਵਧ ਕੇ 66.27 ਅਰਬ ਡਾਲਰ ਰਹੀ। ਵਪਾਰ ਘਾਟਾ ਜੁਲਾਈ 2021 ’ਚ 10.63 ਅਰਬ ਡਾਲਰ ਸੀ। ਇਸ ਮਹੀਨੇ ਦੀ ਸ਼ੁਰੂਆਤ ’ਚ ਜਾਰੀ ਅੰਕੜਿਆਂ ਮੁਤਾਬਕ ਜੁਲਾਈ ’ਚ ਐਕਸਪੋਰਟ 0.76 ਫੀਸਦੀ ਘਟ ਕੇ 35.24 ਅਰਬ ਡਾਲਰ ਰਹਿਣ ਦਾ ਅਨੁਮਾਨ ਲਗਾਇਆ ਸੀ। ਜੁਲਾਈ 2021 ’ਚ ਇਹ 35.51 ਅਰਬ ਡਾਲਰ ਸੀ।

ਇਹ ਵੀ ਪੜ੍ਹੋ : ਬਿਲ ਗੇਟਸ ਨੂੰ ਭਾਂਡੇ ਮਾਂਜਣਾ ਅਤੇ ਜੈੱਫ ਬੇਜੋਸ ਨੂੰ ਪਸੰਦ ਹੈ ਬੱਚਿਆਂ ਨਾਲ ਸਮਾਂ ਬਿਤਾਉਣਾ : ਰਿਪੋਰਟ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


author

Harinder Kaur

Content Editor

Related News