ਰਿਜ਼ਰਵ ਬੈਂਕ ਦੇ 2022 ਵਿਚ ਵਿਆਜ ਦਰਾਂ ਵਿਚ 100 ਆਧਾਰ ਅੰਕਾਂ ਦੇ ਵਾਧੇ ਦੀ ਸੰਭਾਵਨਾ
Friday, Jan 14, 2022 - 09:25 AM (IST)
ਨਵੀਂ ਦਿੱਲੀ (ਅਨਸ) - ਭਾਰਤੀ ਰਿਜ਼ਰਵ ਬੈਂਕ (ਆਰ. ਬੀ. ਆਈ.) ਨਜ਼ਦੀਕੀ ਭਵਿੱਖ ਵਿਚ ਨੀਤੀਗਤ ਦਰਾਂ ਵਿਚ 100 ਆਧਾਰ ਅੰਕਾਂ ਤੱਕ ਵਾਧਾ ਕਰ ਸਕਦਾ ਹੈ। ਆਨੰਦ ਰਾਠੀ ਸ਼ੇਅਰ ਅਤੇ ਸਟਾਕ ਬ੍ਰੋਕਰਸ ਨੇ ਇਕ ਰਿਪੋਰਟ ਵਿਚ ਕਿਹਾ ਹੈ ਸਾਡੇ ਗੁਆਂਢੀ ਦੇਸ਼ਾਂ ਪਾਕਿਸਤਾਨ ਅਤੇ ਸ਼੍ਰੀਲੰਕਾ ਨੇ ਨੀਤੀਗਤ ਦਰਾਂ ਵਿਚ ਵਾਧਾ ਕੀਤਾ ਹੈ। ਅਸੀ ਉਮੀਦ ਕਰਦੇ ਹਾਂ ਕਿ ਭਾਰਤ ਵੀ ਜਲਦ ਹੀ ਵਿਆਜ ਦਰਾਂ ਵਧਾਉਣਾ ਸ਼ੁਰੂ ਕਰ ਦੇਵੇਗਾ ਅਤੇ ਆਰ. ਬੀ. ਆਈ. 2022 ਵਿਚ ਨੀਤੀਗਤ ਦਰ ਨੂੰ 100 ਆਧਾਰ ਅੰਕ ਤੱਕ ਵਧਾ ਸਕਦਾ ਹੈ ਅਤੇ ਘੱਟ ਤੋਂ ਘੱਟ ਛੋਟੀ ਮਿਆਦ ਵਿਚ ਇਕਵਿਟੀ ਅਤੇ ਬਾਂਡ ਦੋਵਾਂ ਬਾਜ਼ਾਰਾਂ ਉੱਤੇ ਇਸ ਦਾ ਨਕਾਰਾਤਮਕ ਪ੍ਰਭਾਵ ਹੋ ਸਕਦਾ ਹੈ।
ਪ੍ਰਚੂਨ ਮਹਿੰਗਾਈ ਲਗਾਤਾਰ ਤੀਜੇ ਮਹੀਨੇ ਵਧ ਕੇ ਦਸੰਬਰ 2021 ਦੌਰਾਨ 5.6 ਫੀਸਦੀ ਰਹੀ ਪਰ ਆਮ ਧਾਰਨਾ ਦੀ ਆਸ਼ਾ ਤੋਂ ਘੱਟ ਸੀ। ਖੁਰਾਕੀ ਮਹਿੰਗਾਈ ਨਵੰਬਰ 2021 ਵਿਚ 1.9 ਫੀਸਦੀ ਤੋਂ ਵਧ ਕੇ 4 ਫੀਸਦੀ ਹੋ ਗਈ। ਪ੍ਰਮੁੱਖ ਖੇਤਰਾਂ ਵਿਚ ਮਹਿੰਗਾਈ ਵਿਚ ਹਾਲਾਂਕਿ ਵਾਧਾ ਹੋਇਆ ਪਰ ਦਸੰਬਰ 2021 ਵਿਚ ਇਹ ਥੋੜ੍ਹੀ ਨਰਮ ਹੋ ਕੇ 6 ਫੀਸਦੀ ਹੋ ਗਈ। ਰਿਪੋਰਟ ਵਿਚ ਕਿਹਾ ਗਿਆ ਹੈ ਕਿ ਕੁਲ ਘਰੇਲ੍ਰੂ ਉਤਪਾਦ (ਜੀ. ਡੀ. ਪੀ.) ਅਤੇ ਉਦਯੋਗਿਕ ਵਿਕਾਸ ਦਰ ਦੇ ਅਸਥਿਰ ਹੋਣ ਦੇ ਬਾਵਜੂਦ ਵੱਧਦੀ ਮਹਿੰਗਾਈ ਨੂੰ ਵੇਖਦੇ ਹੋਏ ਆਰ. ਬੀ. ਆਈ. ਨਜ਼ਦੀਕੀ ਭਵਿੱਖ ਵਿਚ 2022 ਵਿਚ ਨੀਤੀ ਦਰ ਨੂੰ 100 ਬੀ. ਪੀ. ਐੱਸ. ਤੱਕ ਵਧਾਉਣਾ ਸ਼ੁਰੂ ਕਰ ਸਕਦਾ ਹੈ।
ਇਸ ਵਿਚ ਕਿਹਾ ਗਿਆ ਹੈ ਕਿ 100 ਦੇਸ਼ਾਂ ਵਿਚੋਂ ਲੱਗਭੱਗ 40 ਫੀਸਦੀ ਨੇ ਪਹਿਲਾਂ ਹੀ ਨੀਤੀਗਤ ਦਰਾਂ ਵਿਚ ਔਸਤਨ 150 ਬੀ. ਪੀ. ਐੱਸ. ਦਾ ਵਾਧਾ ਕੀਤਾ ਹੈ। ਸਾਰਿਆਂ ਦੇਸ਼ਾਂ ਦੀ ਤੁਲਣਾ ਵਿਚ ਭਾਰਤ ਵਿਚ ਮਹਿੰਗਾਈ ਉੱਚ ਪੱਧਰ ਉੱਤੇ ਹੈ। ਮਹਿੰਗਾਈ ਇਕ ਪ੍ਰਮੁੱਖ ਕੌਮਾਂਤਰੀ ਚਿੰਤਾ ਬਣ ਗਈ ਹੈ ਅਤੇ ਮਹਿੰਗਾਈ ਦਰ ਵਿਚ ਵਾਧੇ ਨੂੰ ਵੇਖਦੇ ਹੋਏ ਕੇਂਦਰੀ ਬੈਂਕ ਕੋਈ ਕਦਮ ਉਠਾ ਸਕਦਾ ਹੈ।