ਚੋਣ ਬਾਂਡ ਯੋਜਨਾ ਮਾਮਲੇ ’ਚ ਸੀਤਾਰਾਮਨ ਨੂੰ ਰਾਹਤ, ਕਰਨਾਟਕ ਹਾਈ ਕੋਰਟ ਨੇ ਜਾਰੀ ਕੀਤੇ ਇਹ ਆਦੇਸ਼
Tuesday, Oct 01, 2024 - 10:31 AM (IST)
ਬੈਂਗਲੁਰੂ (ਭਾਸ਼ਾ) - ਕਰਨਾਟਕ ਹਾਈ ਕੋਰਟ ਨੇ ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਾਮਨ ਅਤੇ ਹੋਰਾਂ ਨੂੰ ਚੋਣ ਬਾਂਡ ਯੋਜਨਾ ਨਾਲ ਸਬੰਧਤ ਕਥਿਤ ਬੇਨਿਯਮੀਆਂ ਦੀ ਜਾਂਚ ’ਤੇ ਰੋਕ ਲਾ ਕੇ ਰਾਹਤ ਦਿੱਤੀ ਹੈ। ਚੋਣ ਬਾਂਡ ਯੋਜਨਾ ਹੁਣ ਰੱਦ ਹੋ ਚੁਕੀ ਹੈ।
ਜਸਟਿਸ ਐੱਮ. ਨਾਗਪ੍ਰਸੰਨਾ ਨੇ ਭਾਜਪਾ ਨੇਤਾ ਨਲਿਨ ਕੁਮਾਰ ਕਤੀਲ ਵੱਲੋਂ ਦਾਇਰ ਇਕ ਪਟੀਸ਼ਨ ’ਤੇ ਸੋਮਵਾਰ ਇਹ ਅੰਤਰਿਮ ਹੁਕਮ ਦਿੱਤਾ, ਜਿਸ ’ਚ ਉਸ ਨੂੰ ਦੋਸ਼ੀ ਵਜੋਂ ਨਾਮਜ਼ਦ ਕਰਨ ਵਾਲੀ ਐੱਫ. ਆਈ. ਆਰ. ਨੂੰ ਚੁਣੌਤੀ ਦਿੱਤੀ ਗਈ ਸੀ। ਮਾਮਲੇ ਦੀ ਅਗਲੀ ਸੁਣਵਾਈ 22 ਅਕਤੂਬਰ ਨੂੰ ਹੋਵੇਗੀ। ਚੋਣ ਬਾਂਡ ਸਕੀਮ ਨਾਲ ਸਬੰਧਤ ਸ਼ਿਕਾਇਤ ਪਿੱਛੋਂ ਇੱਥੇ ਵਿਸ਼ੇਸ਼ ਅਦਾਲਤ ਦੇ ਨਿਰਦੇਸ਼ਾਂ ’ਤੇ ਸ਼ਨੀਵਾਰ ਸੀਤਾਰਾਮਨ ਤੇ ਹੋਰਾਂ ਵਿਰੁੱਧ ਮਾਮਲਾ ਦਰਜ ਕੀਤਾ ਗਿਆ ਸੀ।
ਪੁਲਸ ਅਨੁਸਾਰ ਕੇਂਦਰੀ ਮੰਤਰੀ ਸੀਤਾਰਾਮਨ, ਇਨਫੋਰਸਮੈਂਟ ਡਾਇਰੈਕਟੋਰੇਟ (ਈ. ਡੀ.) ਦੇ ਅਧਿਕਾਰੀਆਂ, ਸੂਬਾ ਅਤੇ ਰਾਸ਼ਟਰੀ ਪੱਧਰ ’ਤੇ ਭਾਜਪਾ ਦੇ ਅਹੁਦੇਦਾਰਾਂ ਵਿਰੁੱਧ ਐੱਫ. ਆਈ. ਆਰ. ਦਰਜ ਕੀਤੀ ਗਈ ਸੀ।
ਇਹ ਸ਼ਿਕਾਇਤ ਜਨਧਿਕਾਰ ਸੰਘਰਸ਼ ਪ੍ਰੀਸ਼ਦ (ਜੇ. ਐੱਸ. ਪੀ.) ਦੇ ਸਹਿ ਪ੍ਰਧਾਨ ਆਦਰਸ਼ ਆਰ. ਅਈਅਰ ਨੇ ਦਾਇਰ ਕੀਤੀ ਸੀ ਜਿਸ ’ਚ ਦੋਸ਼ ਲਾਇਆ ਗਿਆ ਸੀ ਕਿ ਮੁਲ਼ਜਮਾਂ ਨੇ ਚੋਣ ਬਾਂਡ ਦੀ ਆੜ ’ਚ ਜਬਰੀ ਉਗਰਾਹੀ ਕੀਤੀ ਤੇ 8,000 ਕਰੋੜ ਰੁਪਏ ਤੋਂ ਵੱਧ ਦਾ ਲਾਭ ਉਠਾਇਆ।