ਸਰਕਾਰ ਦੂਰਸੰਚਾਰ ਕੰਪਨੀਆਂ ਲਈ ਰਾਹਤ ਪੈਕੇਜ ਦਾ ਕਰ ਸਕਦੀ ਹੈ ਐਲਾਨ
Monday, Aug 02, 2021 - 11:19 AM (IST)
ਨਵੀਂ ਦਿੱਲੀ- ਸਰਕਾਰ ਵਿੱਤੀ ਬੋਝ ਨਾਲ ਜੂਝ ਰਹੀਆਂ ਦੂਰਸੰਚਾਰ ਕੰਪਨੀਆਂ ਲਈ ਜਲਦ ਹੀ ਰਾਹਤ ਪੈਕੇਜ ਦਾ ਐਲਾਨ ਕਰ ਸਕਦੀ ਹੈ। ਰਿਪੋਰਟਾਂ ਮੁਤਾਬਕ, ਪੀ. ਐੱਮ. ਓ. ਨੇ ਰਾਹਤ ਪੈਕੇਜ ਲਈ ਦਖ਼ਲ ਦਿੱਤਾ ਹੈ। ਇਸ ਮੁੱਦੇ 'ਤੇ ਸ਼ਨੀਵਾਰ ਨੂੰ ਦੂਰਸੰਚਾਰ ਵਿਭਾਗ ਦੇ ਅਧਿਕਾਰੀਆਂ ਨਾਲ ਮੀਟਿੰਗ ਵੀ ਕੀਤੀ ਗਈ ਹੈ। ਇਸ ਮੀਟਿੰਗ ਵਿਚ ਦੂਰਸੰਚਾਰ ਖੇਤਰ ਦੀ ਸਿਹਤ ਬਾਰੇ ਵਿਚਾਰ-ਵਟਾਂਦਰਾ ਕੀਤਾ ਗਿਆ।
ਸੂਤਰਾਂ ਅਨੁਸਾਰ ਸਰਕਾਰ ਦੂਰਸੰਚਾਰ ਕੰਪਨੀਆਂ ਨੂੰ ਰਾਹਤ ਦੇਣ ਲਈ ਕਈ ਬਦਲਾਂ 'ਤੇ ਵਿਚਾਰ ਕਰ ਰਹੀ ਹੈ। ਕੰਪਨੀਆਂ ਲਈ 2-3 ਸਾਲਾਂ ਲਈ ਸਪੈਕਟ੍ਰਮ ਕਿਸ਼ਤਾਂ ਵਿਚ ਢਿੱਲ ਦੇਣਾ ਸੰਭਵ ਹੈ। ਇਸ ਦੇ ਨਾਲ ਹੀ ਏ. ਜੀ. ਆਰ. ਦੀ ਨਵੀਂ ਪਰਿਭਾਸ਼ਾ ਨੂੰ ਪ੍ਰਵਾਨਗੀ ਦੇਣਾ ਵੀ ਸੰਭਵ ਹੈ।
ਇਸ ਵਿਚਕਾਰ ਟੈਲੀਕਾਮ ਕੰਪਨੀਆਂ ਨਾਲ ਜੁੜੀ ਅਹਿਮ ਜਾਣਕਾਰੀ ਸਾਹਮਣੇ ਆਈ ਹੈ। ਟੈਲੀਕਾਮ ਰੈਗੂਲੇਟਰ ਟਰਾਈ ਦੇ ਮਈ ਮਹੀਨੇ ਦੇ ਅੰਕੜਿਆਂ ਵਿਚ ਦੇਸ਼ ਦੇ ਸਾਰੇ ਸਰਕਲਾਂ ਵਿਚ ਭਾਰਤੀ ਏਅਰਟੈੱਲ ਦੇ ਗਾਹਕਾਂ ਦੀ ਗਿਣਤੀ ਵਿਚ ਵੀ ਇਕੋ-ਜਿਹੀ ਗਿਰਾਵਟ ਦੇਖਣ ਨੂੰ ਮਿਲੀ ਹੈ। ਸਰਕਲ ਵੱਡਾ ਹੋਵੇ ਜਾਂ ਛੋਟਾ, ਗਾਹਕਾਂ ਦੀ ਗਿਣਤੀ ਵਿਚ 1.3 ਫ਼ੀਸਦੀ ਕਮੀ ਆਈ ਹੈ। ਟਰਾਈ ਵੱਲੋਂ ਮਈ ਦੇ ਲਈ ਜਾਰੀ ਕੀਤੇ ਗਏ ਅੰਕੜਿਆਂ ਅਨੁਸਾਰ, ਭਾਰਤੀ ਏਅਰਟੈੱਲ ਦੇ ਮਈ ਵਿਚ 46.13 ਲੱਖ ਗਾਹਕ ਘਟੇ ਹਨ। 26 ਸਰਕਲਾਂ ਵਿਚ ਗਾਹਕਾਂ ਦੀ ਗਿਣਤੀ ਵਿਚ ਇਕੋ-ਜਿਹੀ ਕਮੀ ਆਈ ਹੈ। ਤੁਹਾਨੂੰ ਦੱਸ ਦੇਈਏ ਕਿ ਕੰਪਨੀਆਂ ਖੁਦ ਟਰਾਈ ਨੂੰ ਡਾਟਾ ਦਿੰਦੀਆਂ ਹਨ।