ਰਿਲਾਇੰਸ ਨੇ ਰਾਈਟ ਇਸ਼ੂ ਲਈ ਰਿਕਾਰਡ ਤਰੀਕ 14 ਮਈ ਕੀਤੀ ਤੈਅ

05/11/2020 2:01:39 AM

ਨਵੀਂ ਦਿੱਲੀ (ਭਾਸ਼ਾ)-ਰਿਲਾਇੰਸ ਇੰਡਸਟਰੀਜ਼ ਲਿਮਟਿਡ (ਆਰ. ਆਈ. ਐੱਲ.) ਨੇ 53,125 ਕਰੋੜ ਰੁਪਏ ਦੇ ਭਾਰਤ ਦੇ ਸਭ ਤੋਂ ਵੱਡੇ ਰਾਈਟ ਇਸ਼ੂ ਲਈ ਰਿਕਾਰਡ ਤਰੀਕ 14 ਮਈ ਤੈਅ ਕੀਤੀ ਹੈ। ਉਸ ਦਿਨ ਕਾਰੋਬਾਰ ਦੇ ਆਖਿਰ 'ਤੇ ਜੋ ਇਕਾਈ ਕੰਪਨੀ ਦੇ ਸ਼ੇਅਰਧਾਰਕਾਂ 'ਚ ਹੋਵੇਗੀ, ਉਹ ਇਸ ਇਸ਼ੂ 'ਚ ਸ਼ੇਅਰ ਦੇ ਅਪਲਾਈ ਕਰਨ ਦੀ ਪਾਤਰ ਹੋਵੇਗੀ। ਅਰਬਪਤੀ ਕਾਰੋਬਾਰੀ ਮੁਕੇਸ਼ ਅੰਬਾਨੀ ਦੀ ਕੰਪਨੀ ਨੇ 30 ਅਪ੍ਰੈਲ ਨੂੰ ਰਾਈਟਸ ਇਸ਼ੂ ਜ਼ਰੀਏ 53,125 ਕਰੋੜ ਰੁਪਏ ਜੁਟਾਉਣ ਦਾ ਐਲਾਨ ਕੀਤਾ ਸੀ। ਇਹ ਲੱਗਭੱਗ 3 ਦਹਾਕਿਆਂ 'ਚ ਆਰ. ਆਈ. ਐੱਲ. ਵੱਲੋਂ ਲਿਆਂਦਾ ਜਾ ਰਿਹਾ ਇਸ ਤਰ੍ਹਾਂ ਦਾ ਪਹਿਲਾ ਇਸ਼ੂ ਹੈ ।

ਇਸ ਇਸ਼ੂ ਤਹਿਤ ਹਰ ਇਕ 15 ਸ਼ੇਅਰ 'ਤੇ ਇਕ ਸ਼ੇਅਰ ਦੀ ਪੇਸ਼ਕਸ਼ ਕੀਤੀ ਜਾਵੇਗੀ। ਇਸ਼ੂ ਤਹਿਤ ਇਕ ਸ਼ੇਅਰ ਦੀ ਕੀਮਤ 1,257 ਰੁਪਏ ਹੋਵੇਗੀ, ਜੋ 30 ਅਪ੍ਰੈਲ ਦੇ ਬੰਦ ਭਾਅ ਦੇ ਮੁਕਾਬਲੇ 14 ਫੀਸਦੀ ਘੱਟ ਹੈ। ਆਰ. ਆਈ. ਐੱਲ. ਦੇ ਸ਼ੇਅਰ ਦੇ ਭਾਅ ਉਦੋਂ ਤੋਂ ਵਧ ਕੇ 1,561.80 (ਸ਼ੁੱਕਰਵਾਰ ਦਾ ਬੰਦ ਭਾਅ) ਰੁਪਏ 'ਤੇ ਆ ਗਏ ਹਨ ਪਰ ਰਾਈਟ ਇਸ਼ੂ ਦੀ ਕੀਮਤ ਜਿਉਂ ਦੀ ਤਿਉਂ ਬਣੀ ਰਹੇਗੀ।

ਕੰਪਨੀ ਨੇ ਸ਼ੇਅਰ ਬਾਜ਼ਾਰ ਨੂੰ ਦੱਸਿਆ,''ਅਸੀਂ ਤੁਹਾਨੂੰ ਸੂਚਿਤ ਕਰਦੇ ਹਾਂ ਕਿ ਕੰਪਨੀ ਦੇ ਨਿਰਦੇਸ਼ਕ ਮੰਡਲ ਵੱਲੋਂ ਗਠਿਤ ਰਾਈਟਸ ਇਸ਼ੂ ਕਮੇਟੀ ਨੇ ਰਾਈਟ ਐਂਟਾਈਟੈਲਮੈਂਟ ਪਾਉਣ ਦੇ ਹੱਕਦਾਰ ਇਕਵਿਟੀ ਸ਼ੇਅਰਧਾਰਕਾਂ ਦੇ ਨਿਰਧਾਰਣ ਲਈ ਰਿਕਾਰਡ 'ਤਰੀਕ' ਦੇ ਰੂਪ 'ਚ ਵੀਰਵਾਰ, 14 ਮਈ 2020 ਦੀ ਤਰੀਕ ਤੈਅ ਕੀਤੀ ਹੈ।'' ਕੰਪਨੀ ਨੇ ਦੱਸਿਆ ਕਿ ਰਾਈਟ ਇਸ਼ੂ ਦੇ ਖੁੱਲ੍ਹਣ ਅਤੇ ਬੰਦ ਹੋਣ ਦੀ ਤਰੀਕ ਦੇ ਬਾਰੇ ਵੱਖ ਤੋਂ ਦੱਸਿਆ ਜਾਵੇਗਾ।

ਆਮ ਤੌਰ 'ਤੇ ਨਕਦੀ ਦੀ ਕਮੀ ਨਾਲ ਜੂਝ ਰਹੀਆਂ ਕੰਪਨੀਆਂ ਰਾਈਟ ਇਸ਼ੂ ਲਿਆਉਂਦੀਆਂ ਹਨ। ਆਰ. ਆਈ. ਐੱਲ. ਕਰਜ਼ਾ ਚੁਕਾਉਣ ਲਈ ਇਹ ਇਸ਼ੂ ਲਿਆ ਰਹੀ ਹੈ। ਰਾਈਟ ਪੇਸ਼ਕਸ਼ ਜ਼ਰੀਏ ਕੰਪਨੀਆਂ ਮੌਜੂਦਾ ਸ਼ੇਅਰਧਾਰਕਾਂ ਨੂੰ ਘਟੀਆਂ ਦਰਾਂ 'ਤੇ ਨਵੇਂ ਸ਼ੇਅਰ ਖਰੀਦਣ ਦਾ ਅਧਿਕਾਰ ਦਿੰਦੀਆਂ ਹਨ ਪਰ ਉਨ੍ਹਾਂ 'ਤੇ ਅਜਿਹਾ ਕਰਨ ਦੀ ਪਾਬੰਦੀ ਨਹੀਂ ਹੁੰਦੀ। ਆਰ. ਆਈ. ਐੱਲ. ਨੇ ਆਖਰੀ ਵਾਰ 1991 'ਚ ਤਬਦੀਲੀਯੋਗ ਰਿਣਪਤਰ ਜਾਰੀ ਕਰ ਕੇ ਜਨਤਾ ਤੋਂ ਪੈਸਾ ਜੁਟਾਇਆ ਸੀ।


Karan Kumar

Content Editor

Related News