ਮੁਕੇਸ਼ ਅੰਬਾਨੀ ਧੜਾਧੜ ਕਰ ਰਹੇ ਨਿਵੇਸ਼, ਹੁਣ ਖ਼ਰੀਦਿਆ ਨਿਊਯਾਰਕ ਦਾ ਆਲੀਸ਼ਾਨ ਹੋਟਲ
Monday, Jan 10, 2022 - 05:27 PM (IST)
ਨਵੀਂ ਦਿੱਲੀ (ਭਾਸ਼ਾ) - ਰਿਲਾਇੰਸ ਇੰਡਸਟਰੀਜ਼ ਨਿਊਯਾਰਕ ਵਿਚ ਪ੍ਰੀਮੀਅਮ ਲਗਜ਼ਰੀ ਹੋਟਲ ਮੈਂਡਰਿਨ ਓਰੀਐਂਟਲ ਦਾ ਐਕਵਾਇਰ ਕਰਨ ਜਾ ਰਹੀ ਹੈ। ਇਹ ਸੌਦਾ ਕਰੀਬ 9.81 ਕਰੋੜ ਡਾਲਰ ਵਿਚ ਹੋਵੇਗਾ। ਮੈਂਡਰਿਨ ਓਰੀਐਂਟਲ ਆਪਣੇ ਬਾਲਰੂਮ, ਪੰਜ-ਸਿਤਾਰਾ ਸਪਾ ਅਤੇ ਖਾਣ-ਪੀਣ ਦੇ ਸਥਾਨਾਂ ਲਈ ਜਾਣਿਆ ਜਾਂਦਾ ਹੈ। ਆਇਰਲੈਂਡ ਦੇ ਐਕਟਰ ਲਿਆਮ ਨੀਸਨ ਅਤੇ ਅਮਰੀਕੀ ਐਕਟਰੈੱਸ ਲੂਸੀ ਲਿਊ ਇੱਥੇ ਨਿਯਮਿਤ ਰੂਪ ਨਾਲ ਆਉਣ ਵਾਲੇ ਮਹਿਮਾਨਾਂ ਵਿਚ ਸ਼ਾਮਿਲ ਹਨ। ਰਿਲਾਇੰਸ ਇੰਡਸਟਰੀਜ਼ ਇਹ ਐਕਵਾਇਰ ਆਪਣੀ ਇਕ ਸਹਿਯੋਗੀ ਜ਼ਰੀਏ ਕਰੇਗੀ। ਮੈਂਡਰਿਨ ਓਰੀਐਂਟਲ ਹੋਟਲ 2003 ’ਚ ਬਣਿਆ ਸੀ। ਇਹ 80 ਕੋਲੰਬਸ ਸਰਕਿਲ ਵਿਚ ਸਥਿਤ ਹੈ ਅਤੇ ਇਸ ਦੀ ਪਛਾਣ ਵਕਾਰੀ ਲਗਜ਼ਰੀ ਹੋਟਲਾਂ ਵਿਚ ਹੈ। ਇਹ ਪ੍ਰਿਸਟੀਨ ਸੈਂਟਰਲ ਪਾਰਕ ਅਤੇ ਕੋਲੰਬਸ ਸਰਕਿਲ ਕੋਲ ਹੈ।
ਇਹ ਵੀ ਪੜ੍ਹੋ : ਰਿਲਾਇੰਸ ਰਿਟੇਲ ਨੇ Dunzo 'ਚ 25.8 ਫੀਸਦੀ ਦੀ ਖ਼ਰੀਦੀ ਹਿੱਸੇਦਾਰੀ , ਈਸ਼ਾ ਅੰਬਾਨੀ ਨੇ ਦਿੱਤਾ ਇਹ ਬਿਆਨ
ਇਸ ਹੋਟਲ ’ਚ 248 ਕਮਰੇ ਅਤੇ ਸੁਇਟ ਹਨ। ਮੈਂਡਰਿਨ ਓਰੀਐਂਟਲ ਨਿਊਯਾਰਕ 35 ਤੋਂ 54 ਮੰਜ਼ਿਲਾਂ ਉੱਤੇ ਹੈ। ਮੁਕੇਸ਼ ਅੰਬਾਨੀ ਦੀ ਅਗਵਾਈ ਵਾਲੀ ਰਿਲਾਇੰਸ ਇੰਡਸਟਰੀਜ਼ ਨੇ ਸ਼ਨੀਵਾਰ ਨੂੰ ਸ਼ੇਅਰ ਬਾਜ਼ਾਰਾਂ ਨੂੰ ਭੇਜੀ ਸੂਚਨਾ ਵਿੱਚ ਕਿਹਾ,‘‘ਰਿਲਾਇੰਸ ਇੰਡਸਟਰੀਜ਼ ਦੀ ਪੂਰਨ ਮਾਲਕੀ ਵਾਲੀ ਸਹਿਯੋਗੀ ਰਿਲਾਇੰਸ ਇੰਡਸਟ੍ਰੀਅਲ ਇਨਵੈਸਟਮੈਂਟਸ ਐਂਡ ਹੋਲਡਿੰਗਸ ਲਿਮਟਿਡ (ਆਰ. ਆਈ. ਆਈ. ਐੱਚ. ਐੱਲ.) ਨੇ ਕੋਲੰਬਸ ਸੈਂਟਰ ਕਾਰਪੋਰੇਸ਼ਨ (ਕੇਮੈਨ) ਦੀ ਸੰਪੂਰਨ ਜਾਰੀ ਸ਼ੇਅਰ ਪੂੰਜੀ ਦੇ ਐਕਵਾਇਰ ਲਈ ਸਮਝੌਤਾ ਕੀਤਾ ਹੈ। ਕੇਮੈਨ ਆਇਰਲੈਂਡ ਵਿਚ ਸਥਾਪਤ ਇਸ ਕੰਪਨੀ ਕੋਲ ਮੈਂਡਰਿਨ ਓਰੀਐਂਟਲ ਦੀ 73.37 ਫੀਸਦੀ ਹਿੱਸੇਦਾਰੀ ਹੈ। ਇਹ ਸੌਦਾ 9.81 ਕਰੋੜ ਡਾਲਰ ਤੋਂ ਜ਼ਿਆਦਾ ਵਿਚ ਹੋਵੇਗਾ। ਇਕ ਸਾਲ ਤੋਂ ਵੀ ਘੱਟ ਸਮੇਂ ਵਿਚ ਰਿਲਾਇੰਸ ਵੱਲੋਂ ਕਿਸੇ ਚਰਚਿਤ ਹੋਟਲ ਦਾ ਇਹ ਦੂਜਾ ਐਕਵਾਇਰ ਹੈ। ਪਿਛਲੇ ਸਾਲ ਅਪ੍ਰੈਲ ’ਚ ਰਿਲਾਇੰਸ ਨੇ ਬ੍ਰਿਟੇਨ ਵਿਚ ਸਟੋਕ ਪਾਰਕ ਲਿਮਟਿਡ ਦਾ ਐਕਵਾਇਰ ਕੀਤਾ ਸੀ।
ਇਹ ਵੀ ਪੜ੍ਹੋ : ਕੇਂਦਰ ਸਰਕਾਰ EPFO Pension 'ਚ ਕਰ ਸਕਦੀ ਹੈ ਵਾਧਾ, ਜਾਣੋ ਕਿਹੜੇ ਮੁਲਾਜ਼ਮਾਂ ਨੂੰ ਮਿਲੇਗਾ ਲਾਭ
ਮੁਕੇਸ਼ ਅੰਬਾਨੀ ਦੀ ਅਗਵਾਈ ਵਾਲੇ ਰਿਲਾਇੰਸ ਸਮੂਹ ਕੋਲ ਕਰੀਬ 2.6 ਲੱਖ ਕਰੋੜ ਰੁਪਏ ਦੀ ਨਕਦੀ ਹੈ। ਅੰਬਾਨੀ ਇਸ ਨਕਦੀ ਦਾ ਇਸਤੇਮਾਲ ਕਰ ਕੇ ‘ਬਦਲਾਅ’ ਦੀ ਤਿਆਰੀ ਕਰ ਰਹੇ ਹਨ। ਉਹ ਸਮੂਹ ਦੇ ਡਿਜੀਟਲ ਅਤੇ ਪ੍ਰਚੂਨ ਕਾਰੋਬਾਰ ਨੂੰ ਰਿਲਾਇੰਸ ਲਈ ਇਕ ਵੱਡਾ ਸੈਕਟਰ ਬਣਾਉਣਾ ਚਾਹੁੰਦੇ ਹਨ। ਇਸ ਨਾਲ ਰਿਲਾਇੰਸ ਸਮੂਹ ਦੀ ਮੁਨਾਫੇ ਲਈ ਆਪਣੇ ਪ੍ਰੰਪਰਾਗਤ ਤੇਲ ਸੋਧ ਕਾਰੋਬਾਰ ਉੱਤੇ ਨਿਰਭਰਤਾ ਘੱਟ ਹੋਵੇਗੀ। ਇਹ ਸੌਦਾ ਮਾਰਚ, 2022 ਤੱਕ ਪੂਰਾ ਹੋਣ ਦੀ ਉਮੀਦ ਹੈ। ਇਸ ਲਈ ਕੁੱਝ ਪ੍ਰੰਪਰਾਗਤ ਰੈਗੂਲੇਟਰੀ ਅਤੇ ਮਨਜ਼ੂਰੀਆਂ ਲਈਆਂ ਜਾਣੀਆਂ ਹਨ। ਕੰਪਨੀ ਨੇ ਕਿਹਾ ਹੈ ਕਿ ਹੋਟਲ ’ਚ ਹਿੱਸੇਦਾਰੀ ਰੱਖਣ ਵਾਲੇ ਹੋਰ ਹਿੱਸੇਦਾਰਾਂ ਦੇ ਵਿਕਰੀ ਪ੍ਰਕਿਰਿਆ ’ਚ ਸ਼ਾਮਲ ਹੋਣ ਉੱਤੇ ਆਰ. ਆਈ. ਆਈ. ਐੱਚ. ਐੱਲ. ਇਸ ਵਿਚ ਬਕਾਇਆ 26.63 ਫੀਸਦੀ ਹਿੱਸੇਦਾਰੀ ਵੀ ਖਰੀਦੇਗੀ। ਇਸ ਲਈ ਵੀ ਮੁਲਾਂਕਣ ਕੇਮੈਨ ਦੀ ਕੰਪਨੀ ਵੱਲੋਂ ਕੀਤੇ ਐਕਵਾਇਰ ਦੇ ਬਰਾਬਰ ਹੋਵੇਗਾ।
ਇਹ ਵੀ ਪੜ੍ਹੋ : ਮੁਕੇਸ਼ ਅੰਬਾਨੀ ਦਾ ਵੱਡਾ ਕਦਮ, ਫੇਰਾਡੀਅਨ ਲਿਮਟਿਡ ਦੀ 10 ਅਰਬ ਡਾਲਰ 'ਚ ਪ੍ਰਾਪਤੀ ਕਰੇਗੀ ਰਿਲਾਇੰਸ
ਮੁਕੇਸ਼ ਅੰਬਾਨੀ ਲਗਾਤਾਰ ਕਰ ਰਹੇ ਨਿਵੇਸ਼
ਫਿਲਹਾਲ ਰਿਲਾਇੰਸ ਦਾ ਈ. ਆਈ. ਐੱਚ. ਲਿ. ਵਿਚ ਨਿਵੇਸ਼ ਹੈ। ਇਸ ਤੋਂ ਇਲਾਵਾ ਉਹ ਕਨਵੈਨਸ਼ਨ ਸੈਂਟਰ, ਹੋਟਲ ਅਤੇ ਪ੍ਰਬੰਧਿਤ ਰਿਹਾਇਸ਼ੀ ਖੇਤਰ ਦਾ ਵਿਕਾਸ ਕਰ ਰਹੀ ਹੈ। ਮੈਂਡਰਿਨ ਓਰੀਐਂਟਲ ਪਿਛਲੇ ਸਾਲ 1 ਅਪ੍ਰੈਲ ਨੂੰ ਦੁਬਾਰਾ ਖੁੱਲ੍ਹ ਗਿਆ ਸੀ। ਹਾਲਾਂਕਿ, ਹੋਰ ਪ੍ਰਮੁੱਖ ਹੋਟਲਾਂ ਦੀ ਤਰ੍ਹਾਂ ਇੱਥੇ ਵੀ ਜ਼ਿਆਦਾ ਖਰਚ ਕਰਨ ਵਾਲੇ ਮਹਿਮਾਨਾਂ ਅਤੇ ਵਿਦੇਸ਼ਾਂ ਤੋਂ ਕਾਰੋਬਾਰੀ ਯਾਤਰਾ ਲਈ ਆਉਣ ਵਾਲੇ ਗਾਹਕਾਂ ਦੀ ਕਮੀ ਹੈ।
ਪਿਛਲੇ ਸਾਲ ਅਪ੍ਰੈਲ ’ਚ ਰਿਲਾਇੰਸ ਨੇ ਬ੍ਰਿਟੇਨ ਵਿਚ ਸਟੋਕ ਪਾਰਕ ਲਿਮਟਿਡ ਦਾ ਐਕਵਾਇਰ ਕੀਤਾ ਸੀ।
ਇਸ ਤੋਂ ਪਹਿਲਾਂ ਰਿਲਾਇੰਸ ਇੰਡਸਟਰੀ ਲਿਮਟਿਡ ਦੀ ਇਕਾਈ ਰਿਲਾਇੰਸ ਨਿਊ ਐਨਰਜੀ ਸੋਲਰ ਲਿਮਟਿਡ ਨੇ ਬ੍ਰਿਟਿਸ਼ ਕੰਪਨੀ ਫੇਰਾਡੀਅਨ ਲਿਮਟਿਡ ਦੀ 100 ਫ਼ੀਸਦੀ ਹਿੱਸੇਦਾਰੀ ਦੀ ਪ੍ਰਾਪਤੀ ਲਈ 10 ਕਰੋੜ ਪਾਊਂਡ ਦੇ ਕਰਾਰ 'ਤੇ ਹਸਤਾਖ਼ਰ ਕੀਤੇ ਹਨ।
ਕੁਝ ਸਮਾਂ ਪਹਿਲਾਂ ਹੀ ਰਿਲਾਇੰਸ ਇੰਡਸਟਰੀਜ਼ ਲਿਮਟਿਡ ਦੀ ਰਿਟੇਲ ਸ਼ਾਖ਼ਾ ਰਿਲਾਇੰਲ ਰਿਟੇਲ ਨੇ ਡੰਜ਼ੋ ਦੀ 25.8 ਫ਼ੀਸਦੀ ਹਿੱਸੇਦਾਰੀ 20 ਕਰੋੜ ਡਾਲਰ (ਲਗਭਗ 1,488 ਕਰੋੜ ਰੁਪਏ) ਵਿਚ ਖ਼ਰੀਦੀ ਹੈ ਤਾਂ ਜੋ ਕਰਿਆਨੇ ਦੇ ਸਾਮਾਨ ਦੀ ਆਨਲਾਈਨ ਡਿਲੀਵਰੀ ਕਾਰੋਬਾਰ ਵਿਚ ਆਪਣੀ ਮੌਜੂਦਗੀ ਨੂੰ ਮਜ਼ਬੂਤ ਕੀਤਾ ਜਾ ਸਕੇ।
ਪਿਛਲੇ ਸਾਲ ਅਗਸਤ ਮਹੀਨੇ ਵਿਚ ਮੁਕੇਸ਼ ਅੰਬਾਨੀ ਨੇ ਬਿਲ ਗੇਟਸ ਦੇ ਨਾਲ ਮਿਲ ਕੇ ਨਿਵੇਸ਼ ਕੀਤਾ।
ਇਸ ਤੋਂ ਇਲਾਵਾ ਕੰਪਨੀ ਗ੍ਰੀਨ ਐਨਰਜੀ ਪ੍ਰੋਜੈਕਟ ਲਈ ਵੀ ਨਿਵੇਸ਼ ਕਰ ਰਹੀ ਹੈ।
ਇਹ ਵੀ ਪੜ੍ਹੋ : ਹੋਮ ਲੋਨ ਲੈਣ ਵਾਲਿਆਂ ਤੇ ਰਿਅਲ ਅਸਟੇਟ ਸੈਕਟਰ ਨੂੰ ਬਜਟ 'ਚ ਮਿਲ ਸਕਦਾ ਹੈ ਇਹ ਤੋਹਫ਼ਾ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।