ਰਿਲਾਇੰਸ ਇੰਡਸਟ੍ਰੀਜ਼ ਨੇ ਰਾਈਟਸ ਇਸ਼ੂ ਦੇ ਨਿਵੇਸ਼ਕਾਂ ਨੂੰ ਅੰਤਿਮ ਭੁਗਤਾਨ ਲਈ ਕਿਹਾ

Sunday, Nov 14, 2021 - 03:38 PM (IST)

ਰਿਲਾਇੰਸ ਇੰਡਸਟ੍ਰੀਜ਼ ਨੇ ਰਾਈਟਸ ਇਸ਼ੂ ਦੇ ਨਿਵੇਸ਼ਕਾਂ ਨੂੰ ਅੰਤਿਮ ਭੁਗਤਾਨ ਲਈ ਕਿਹਾ

ਨਵੀਂ ਦਿੱਲੀ (ਭਾਸ਼ਾ) – ਰਿਲਾਇੰਸ ਇੰਡਸਟ੍ਰੀਜ਼ ਲਿਮਟਿਡ (ਆਰ. ਆਈ. ਐੱਲ.) ਨੇ ਰਾਈਟਸ ਇਸ਼ੂ ’ਚ ਕੰਪਨੀ ਦੇ 42.26 ਕਰੋੜ ਸ਼ੇਅਰ ਲਿਆਉਣ ਵਾਲੇ ਨਿਵੇਸ਼ਕਾਂ ਨੂੰ ਦੂਜਾ ਅਤੇ ਆਖਰੀ ਭੁਗਤਾਨ ਕਰਨ ਨੂੰ ਕਿਹਾ ਹੈ। ਆਰ. ਆਈ. ਐੱਲ. ਨੇ ਸ਼ੇਅਰ ਬਾਜ਼ਾਰ ਨੂੰ ਦਿੱਤੀ ਗਈ ਸੂਚਨਾ ’ਚ ਦੱਸਿਆ ਕਿ 15 ਮਈ 2020 ਨੂੰ ਰਾਈਟਸ ਇਸ਼ੂ ਦੇ ਮਾਧਿਅਮ ਰਾਹੀਂ 10 ਰੁਪਏ ਪ੍ਰਤੀ ਸ਼ੇਅਰ ਦੇ ਜਾਰੀ ਮੁੱਲ ਵਾਲੇ 42,26,26,894 ਇਕਵਿਟੀ ਸ਼ੇਅਰ ਅਲਾਟ ਕੀਤੇ ਗਏ ਸਨ।

ਕੰਪਨੀ ਨੇ ਅੰਸ਼ਿਕ ਭੁਗਤਾਨ ਹੋ ਚੁੱਕੇ ਇਨ੍ਹਾਂ ਸ਼ੇਅਰਾਂ ਲਈ ਦੂਜਾ ਅਤੇ ਆਖਰੀ ਭੁਗਤਾਨ ਕਰਨ ਦਾ ਨਿਵੇਸ਼ਕਾਂ ਨੂੰ ਨੋਟਿਸ ਜਾਰੀ ਕੀਤਾ ਹੈ। ਰਾਈਟਸ ਇਸ਼ੂ ਦੌਰਾਨ ਰਿਲਾਇੰਸ ਨੇ 1257 ਰੁਪਏ ਪ੍ਰਤੀ ਸ਼ੇਅਰ ਮੁੱਲ ਵਾਲੇ 42.26 ਕਰੋੜ ਇਕਵਿਟੀ ਸ਼ੇਅਰ ਜਾਰੀ ਕੀਤੇ ਸਨ। ਉਸ ਸਮੇਂ ਨਿਵੇਸ਼ਕਾਂ ਨੇ ਇਨ੍ਹਾਂ ਸ਼ੇਅਰਾਂ ਲਈ ਸ਼ੁਰੂਆਤੀ ਭੁਗਤਾਨ ਕੀਤਾ ਸੀ। ਹੁਣ 628.50 ਪ੍ਰਤੀ ਸ਼ੇਅਰ ਦੇ ਹਿਸਾਬ ਨਾਲ ਭੁਗਤਾਨ ਦੀ ਦੂਜੀ ਅਤੇ ਆਖਰੀ ਕਿਸ਼ਤ ਜਮ੍ਹਾ ਕਰਨ ਨੂੰ ਕਿਹਾ ਗਿਆ ਹੈ। ਰਿਲਾਇੰਸ ਨੇ ਕੁੱਲ 53,125 ਕਰੋੜ ਰੁਪਏ ਮੁੱਲ ਦੇ ਰਾਈਟਸ ਇਸ਼ੂ ਜਾਰੀ ਕੀਤੇ ਸਨ। ਇਹ ਪਿਛਲੇ ਇਕ ਦਹਾਕੇ ’ਚ ਦੁਨੀਆ ਦੀ ਕਿਸੇ ਵੀ ਗੈਰ-ਵਿੱਤੀ ਕੰਪਨੀ ਵਲੋਂ ਜਾਰੀ ਸਭ ਤੋਂ ਵੱਡਾ ਰਾਈਟਸ ਇਸ਼ੂ ਸੀ।

ਉਸ ਸਮੇਂ ਆਰ. ਆਈ. ਐੱਲ. ਨੇ ਆਪਣੇ ਮੌਜੂਦਾ ਸ਼ੇਅਰਧਾਰਕਾਂ ਨੂੰ 1: 15 ਦੇ ਅਨੁਪਾਤ ’ਚ ਨਵੇਂ ਸ਼ੇਅਰਾਂ ਦੀ ਪੇਸ਼ਕਸ਼ ਕੀਤੀ ਸੀ। ਅੰਸ਼ਿਕ ਭੁਗਤਾਨ ਵਾਲੇ ਇਕਵਿਟੀ ਸ਼ੇਅਰਾਂ ਦੇ ਧਾਰਕਾਂ ਨੂੰ ਅੰਤਿਮ ਭੁਗਤਾਨ ਲਈ ਕਹਿਣ ਨੂੰ 10 ਨਵੰਬਰ 2021 ਦੀ ਤਰੀਕ ਮਿੱਥੀ ਗਈ ਸੀ। ਦੂਜਾ ਭੁਗਤਾਨ ਹੁੰਦੇ ਹੀ ਅੰਸ਼ਿਕ ਭੁਗਤਾਨ ਵਾਲੇ ਸ਼ੇਅਰ ਰਿਲਾਇੰਸ ਇੰਡਸਟ੍ਰੀਜ਼ ਦੇ ਪੂਰੀ ਤਰ੍ਹਾਂ ਭੁਗਤਾਨ ਕੀਤੇ ਸ਼ੇਅਰਾਂ ’ਚ ਬਦਲ ਜਾਣਗੇ, ਜਿਨ੍ਹਾਂ ਦਾ ਬੀ. ਐੱਸ. ਈ. ਅਤੇ ਐੱਨ. ਐੱਸ. ਈ. ਦੋਹਾਂ ਸ਼ੇਅਰ ਬਾਜ਼ਾਰਾਂ ’ਚ ਕਾਰੋਬਾਰ ਹੁੰਦਾ ਹੈ। ਇਸ ਭੁਗਤਾਨ ਪ੍ਰਕਿਰਿਆ ’ਚ ਨਿਵੇਸ਼ਕਾਂ ਦੀ ਮਦਦ ਲਈ ਰਿਲਾਇੰਸ ਨੇ ਵਟਸਐਪ ਚੈਟਬੋਟ ਨੂੰ ਵੀ ਸਰਗਰਮ ਕਰ ਦਿੱਤਾ ਹੈ। ਰਿਲਾਇੰਸ ਮੁਤਾਬਕ ਭੁਗਤਾਨ 15 ਨਵੰਬਰ ਤੱਕ ਕੀਤੇ ਜਾ ਸਕਦੇ ਹਨ।


author

Harinder Kaur

Content Editor

Related News