ਰਿਲਾਇੰਸ ਇੰਡਸਟ੍ਰੀਜ਼ ਦਾ ਸ਼ੁੱਧ ਲਾਭ 41.5 ਫੀਸਦੀ ਵਧ ਕੇ ਹੋਇਆ 18,549 ਕਰੋੜ ਰੁਪਏ

01/22/2022 6:47:31 PM

ਨਵੀਂ ਦਿੱਲੀ (ਏਜੰਸੀਆਂ) – ਰਿਲਾਇੰਸ ਇੰਡਸਟ੍ਰੀਜ਼ ਲਿਮਟਿਡ (ਆਰ. ਆਈ. ਐੱਲ.) ਨੇ ਤੀਜੀ ਤਿਮਾਹੀ ਦੀ ਆਮਦਨ ਦਾ ਐਲਾਨ ਕਰ ਦਿੱਤਾ ਹੈ। ਕੰਪਨੀ ਨੇ ਅਕਤੂਬਰ-ਦਸੰਬਰ ਤਿਮਾਹੀ ’ਚ 1.91 ਲੱਖ ਕਰੋੜ ਰੁਪਏ ਦਾ ਮਾਲੀਆ ਕਮਾਇਆ, ਜਿਸ ’ਚ ਕੰਪਨੀ ਦਾ ਸ਼ੁੱਧ ਮੁਨਾਫਾ 18,549 ਕਰੋੜ ਰੁਪਏ ਰਿਹਾ ਜੋ ਪਿਛਲੇ ਸਾਲ ਤੋਂ 41.5 ਫੀਸਦੀ ਹੈ। ਇਕ ਸਾਲ ਪਹਿਲਾਂ ਇਸੇ ਤਿਮਾਹੀ ’ਚ ਕੰਪਨੀ ਦਾ ਸ਼ੁੱਧ ਲਾਭ 13,101 ਕਰੋੜ ਰੁਪਏ ਸੀ। ਕੰਪਨੀ ਨੇ ਆਪਣੇ ਸਾਰੇ ਕਾਰੋਬਾਰਾਂ ’ਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ। ਅਕਤੂਬਰ-ਦਸੰਬਰ ਤਿਮਾਹੀ ’ਚ ਰਿਲਾਇੰਸ ਜੀਓ ਦਾ ਮਾਲੀਆ 19,347 ਕਰੋੜ ਰੁਪਏ ਰਿਹਾ ਹੈ।

30,000 ਕਰੋੜ ਕੁੱਲ ਕਮਾਈ ਦੀ ਉਮੀਦ

ਰਿਲਾਇੰਸ ਇੰਡਸਟ੍ਰੀਜ਼ ਲਿਮਟਿਡ ਦੀ ਕੁੱਲ ਕਮਾਈ ਦਸੰਬਰ ਤਿਮਾਹੀ ’ਚ 39 ਫੀਸਦੀ ਵਧਣ ਦਾ ਅਨੁਮਾਨ ਹੈ। ਮੋਤੀਲਾਲ ਓਸਵਾਲ ਦੇ ਪ੍ਰਮੁੱਖ ਇਕਵਿਟੀ ਰਣਨੀਤੀਕਾਰ ਹੇਮਾਂਗ ਜੈਨੀ ਦਾ ਕਹਿਣਾ ਹੈ ਕਿ ਟੈਕਸ ਸਮੇਤ ਹੋਰ ਦੇਣਦਾਰੀਆਂ ਨਜਿੱਠਣ ਤੋਂ ਪਹਿਲਾਂ ਕੰਪਨੀ ਦੀ ਕੁੱਲ ਕਮਾਈ ਸਾਲਾਨਾ ਆਧਾਰ ’ਤੇ 39 ਫੀਸਦੀ ਵਧ ਕੇ 30,000 ਕਰੋੜ ਰੁਪਏ ਪਹੁੰਚ ਸਕਦੀ ਹੈ। ਜੇ ਤਿਮਾਹੀ ਆਧਾਰ ’ਤੇ ਦੇਖਿਆ ਜਾਵੇ ਤਾਂ ਇਸ ’ਚ 15 ਫੀਸਦੀ ਉਛਾਲ ਦਾ ਅਨੁਮਾਨ ਹੈ। ਇਸ ’ਚ ਆਇਲ ਟੂ ਕੈਮੀਕਲ ਖੇਤਰ ਤੋਂ 15,000 ਕਰੋੜ ਰੁਪਏ ਮਿਲਣ ਦੀ ਉਮੀਦ ਹੈ ਜੋ ਸਾਲਾਨਾ ਆਧਾਰ ’ਤੇ 73 ਫੀਸਦੀ ਅਤੇ ਤਿਮਾਹੀ ਆਧਾਰ ’ਤੇ 21 ਫੀਸਦੀ ਬੜ੍ਹਤ ਹੋਵੇਗੀ। ਰਿਲਾਇੰਸ ਜੀਓ ਦਾ ਪ੍ਰਦਰਸ਼ਨ ਵੀ ਜ਼ੋਰਦਾਰ ਹੋਵੇਗਾ ਜੋ ਸਾਲਾਨਾ ਆਧਾਰ ’ਤੇ 17 ਫੀਸਦੀ ਵਧ ਕੇ 9.5 ਹਜ਼ਾਰ ਕਰੋੜ ਪਹੁੰਚ ਸਕਦਾ ਹੈ। ਪ੍ਰਚੂਨ ਖੇਤਰ ਦੀ ਕਮਾਈ ਵੀ ਪਿਛਲੇ ਸਾਲ ਤੋਂ 41 ਫੀਸਦੀ ਵਧ ਕੇ 3.6 ਹਜ਼ਾਰ ਕਰੋੜ ਪਹੁੰਚ ਸਕਦੀ ਹੈ। ਤਿਮਾਹੀ ਆਧਾਰ ’ਤੇ ਇਸ ’ਚ 31 ਫੀਸਦੀ ਦੇ ਵਾਧੇ ਦਾ ਅਨੁਮਾਨ ਹੈ।

ਪਹਿਲੀ ਛਿਮਾਹੀ ’ਚ 3.18 ਲੱਖ ਕਰੋੜ ਦੀ ਕਮਾਈ

ਆਰ. ਆਈ. ਐੱਲ. ਨੂੰ ਚਾਲੂ ਵਿੱਤੀ ਸਾਲ ਦੀ ਪਹਿਲੀ ਛਿਮਾਹੀ (ਅਪ੍ਰੈਲ-ਸਤੰਬਰ) ਵਿਚ ਕੁੱਲ 3,18,476 ਕਰੋੜ ਰੁਪਏ ਦੀ ਕਮਾਈ ਹੋਈ ਹੈ। ਕੋਟਕ ਸਕਿਓਰਿਟੀਜ਼ ਦੇ ਇਕਵਿਟੀ ਰਿਸਰਚ (ਰਿਟੇਲ) ਮੁਖੀ ਸ਼੍ਰੀਕਾਂਤ ਚੌਹਾਨ ਨੇ ਕਿਹਾ ਕਿ ਰਿਲਾਇੰਸ ਦਾ ਕੁੱਲ ਆਪ੍ਰੇਟਿੰਗ ਮਾਲੀਆ ਤੀਜੀ ਤਿਮਾਹੀ ’ਚ 7.8 ਫੀਸਦੀ ਅਤੇ ਸਾਲਾਨਾ ਆਧਾਰ ’ਤੇ 30.1 ਫੀਸਦੀ ਵਧਿਆ ਹੈ।

ਤਿਮਾਹੀ ਦੌਰਾਨ ਸ਼ੇਅਰ ’ਚ ਆਈ ਗਿਰਾਵਟ

ਅਕਤੂਬਰ ਤੋਂ ਲੈ ਕੇ ਦਸੰਬਰ ਤੱਕ ਦੀ ਤਿਮਾਹੀ ’ਚ ਰਿਲਾਇੰਸ ਦਾ ਸ਼ੇਅਰ ਲਗਭਗ 6 ਫੀਸਦੀ ਤੱਕ ਡਿਗਿਆ। 1 ਅਕਤੂਬਰ ਨੂੰ ਸ਼ੇਅਰ ਦਾ ਰੇਟ 2,523.7 ਰੁਪਏ ਸੀ ਜਦ ਕਿ 31 ਦਸੰਬਰ ਦੀ ਕਲੋਜਿੰਗ ’ਤੇ ਸਟਾਕ ਦੀ ਕੀਮਤ 2,368 ਰੁਪਏ ਸੀ।


Harinder Kaur

Content Editor

Related News