ਸਟੈਂਪ ਡਿਊਟੀ ’ਚ ਕਟੌਤੀ ਤੋਂ ਬਾਅਦ ਇਸ ਸ਼ਹਿਰ 'ਚ ਦੁੱਗਣੀ ਤੋਂ ਵੱਧ ਹੋਈ ਘਰਾਂ ਦੀ ਰਜਿਸਟ੍ਰੇਸ਼ਨ
Sunday, Oct 17, 2021 - 12:07 PM (IST)
ਨਵੀਂ ਦਿੱਲੀ (ਭਾਸ਼ਾ) – ਕੋਲਕਾਤਾ ’ਚ ਜੁਲਾਈ-ਸਤੰਬਰ ਦੌਰਾਨ ਘਰਾਂ ਦੀ ਰਜਿਸਟ੍ਰੇਸ਼ਨ ਦੁੱਗਣੀ ਤੋਂ ਵੀ ਜ਼ਿਆਦਾ ਹੋ ਕੇ 15,160 ਇਕਾਈ ’ਤੇ ਪਹੁੰਚ ਗਈ। ਸੂਬਾ ਸਰਕਾਰ ਵਲੋਂ ਸਟੈਂਪ ਡਿਊਟੀ ’ਚ ਕਟੌਤੀ ਦੇ ਫੈਸਲੇ ਨਾਲ ਰਜਿਸਟ੍ਰੇਸ਼ਨ ’ਚ ਵਾਧਾ ਦੇਖਿਆ ਗਿਆ ਹੈ। ਨਾਈਟ ਫ੍ਰੈਂਕ ਨੇ ਆਪਣੀ ਰਿਪੋਰਟ ’ਚ ਇਹ ਜਾਣਕਾਰੀ ਦਿੱਤੀ। ਜਾਇਦਾਦ ਸਲਾਹਕਾਰ ਕੰਪਨੀ ਨਾਈਟ ਫ੍ਰੈਂਕ ਨੇ ਕਿਹਾ ਕਿ ਜੁਲਾਈ-ਸਤੰਬਰ 2021 ਦੌਰਾਨ ਕੋਲਕਾਤਾ ਮਹਾਨਗਰ ਖੇਤਰ ’ਚ ਕੁੱਲ 15,160 ਰਿਹਾਇਸ਼ੀ ਵਿਕਰੀ ਡੀਡ ਦੀ ਰਜਿਸਟ੍ਰੇਸ਼ਨ ਹੋਈ ਜੋ ਇਸ ਤੋਂ ਪਿਛਲੇ ਸਾਲ ਦੀ ਇਸੇ ਮਿਆਦ ਦੀ ਤੁਲਨਾ ’ਚ 122 ਫੀਸਦੀ ਵੱਧ ਹੈ।
ਅੰਕੜਿਆਂ ਮੁਤਾਬਕ ਜੁਲਾਈ, ਅਗਸਤ ਅਤੇ ਸਤੰਬਰ ’ਚ ਘਰਾਂ ਦੀ ਰਜਿਸਟ੍ਰੇਸ਼ਨ ਸਾਲਾਨਾ ਆਧਾਰ ’ਤੇ ਕ੍ਰਮਵਾਰ 39 ਫੀਸਦੀ, 268 ਫੀਸਦੀ ਅਤੇ 80 ਫੀਸਦੀ ਵਧ ਗਈ। ਅਗਸਤ ’ਚ 7,316 ਇਕਾਈਆਂ ਦੀ ਰਜਿਸਟ੍ਰੇਸ਼ਨ ਹੋਈ, ਜੋ ਇਸ ਸਾਲ ਕਿਸੇ ਇਕ ਮਹੀਨੇ ’ਚ ਵਿਕਰੀ ਦਾ ਸਭ ਤੋਂ ਉੱਚਾ ਪੱਧਰ ਹੈ।