ਗੋਲਡ ਇੰਪੋਰਟ ਡਿਊਟੀ ’ਚ ਕਟੌਤੀ ਨਾਲ ਸਮੱਗਲਿੰਗ ਰੋਕਣ, ਗਹਿਣਾ ਬਰਾਮਦ ਵਧਾਉਣ ’ਚ ਮਦਦ ਮਿਲੇਗੀ : ਗੋਇਲ
Wednesday, Jul 24, 2024 - 10:05 AM (IST)
ਨਵੀਂ ਦਿੱਲੀ- ਵਣਜ ਅਤੇ ਉਦਯੋਗ ਮੰਤਰੀ ਪਿਊਸ਼ ਗੋਇਲ ਨੇ ਕਿਹਾ ਕਿ ਬਜਟ ’ਚ ਸੋਨੇ ’ਤੇ ਇੰਪੋਰਟ ਡਿਊਟੀ ’ਚ ਕਟੌਤੀ ਦੇ ਐਲਾਨ ਨਾਲ ਘਰੇਲੂ ਨਿਰਮਾਣ ਨੂੰ ਉਤਸ਼ਾਹਿਤ ਕਰਨ ਅਤੇ ਗਹਿਣਾ ਬਰਾਮਦ ਨੂੰ ਵਧਾਉਣ ’ਚ ਮਦਦ ਮਿਲੇਗੀ। ਉਨ੍ਹਾਂ ਇਹ ਵੀ ਕਿਹਾ ਕਿ ਏਂਜਲ ਟੈਕਸ ਹਟਾਉਣ ਦਾ ਫੈਸਲਾ ਦੇਸ਼ ’ਚ ਸਟਾਰਟਅਪ ਇਕੋਲੋਜੀ ਨੂੰ ਹੋਰ ਮਜ਼ਬੂਤ ਕਰੇਗਾ। ਗੋਇਲ ਨੇ ਇਕ ਪ੍ਰੈੱਸ ਕਾਨਫਰੰਸ ’ਚ ਕਿਹਾ,‘‘ਸੋਨੇ ਦੀ ਇੰਪੋਰਟ ਡਿਊਟੀ ’ਚ 6 ਫੀਸਦੀ ਦੀ ਕਟੌਤੀ ਨਾਲ ਸੋਨੇ ਅਤੇ ਚਾਂਦੀ ਦੇ ਗਹਿਣੇ ਦੇ ਨਿਰਮਾਣ ਨੂੰ ਬੜ੍ਹਾਵਾ ਮਿਲੇਗਾ। ਇਸ ਨਾਲ ਸਮੱਗਲਿੰਗ ’ਤੇ ਵੀ ਨਕੇਲ ਕੱਸੇਗੀ। ਉਨ੍ਹਾਂ ਕਿਹਾ ਕਿ ਸੋਨੇ ਦੀਆਂ ਕੀਮਤਾਂ ਉੱਚੀਆਂ ਹਨ ਅਤੇ ਵਿਆਹ ਦਾ ਮੌਸਮ ਆ ਰਿਹਾ ਹੈ ਅਤੇ ਇਸ ਕਦਮ ਨਾਲ ਲੋਕਾਂ ਨੂੰ ਮਦਦ ਮਿਲੇਗੀ।
ਗੋਇਲ ਨੇ ਇਹ ਵੀ ਕਿਹਾ ਕਿ ਬਜਟ ਨੇ ਸਮਾਜ ਦੇ ਸਾਰੇ ਵਰਗਾਂ ਨੂੰ ਛੂਹਿਆ ਹੈ। ਉਨ੍ਹਾਂ ਕਿਹਾ ਕਿ ਪੂੰਜੀਗਤ ਖਰਚ ’ਤੇ ਧਿਆਨ ਕੇਂਦਰਿਤ ਕਰਨ ਨਾਲ ਅਰਥਵਿਵਸਥਾ ’ਤੇ ਕਈ ਗੁਣਾ ਪ੍ਰਭਾਵ ਪੈਂਦਾ ਹੈ ਕਿਉਂਕਿ ਇਸ ਨਾਲ ਲਾਜਿਸਟਿਕਸ ਲਾਗਤ ’ਚ ਕਟੌਤੀ, ਨਿਰਮਾਣ ਅਤੇ ਬਰਾਮਦ ਨੂੰ ਬੜ੍ਹਾਵਾ ਦੇਣ ’ਚ ਮਦਦ ਮਿਲੇਗੀ। ਪ੍ਰਤੱਖ ਵਿਦੇਸ਼ੀ ਨਿਵੇਸ਼ (ਐੱਫ. ਡੀ. ਆਈ.) ’ਚ ਐਲਾਨ ਦੇ ਬਾਰੇ ’ਚ ਪੁੱਛੇ ਜਾਣ ’ਤੇ ਗੋਇਲ ਨੇ ਕਿਹਾ ਕਿ ਮੰਤਰਾਲਾ ਨੇ ਸਕੱਤਰਾਂ ਦੀ ਕਮੇਟੀ ਦੇ ਸਾਹਮਣੇ ਇਸ ਖੇਤਰ ’ਚ ਕਈ ਸੁਝਾਅ ਰੱਖੇ ਹਨ। ਪ੍ਰਕਿਰਿਆ ਅਤੇ ਪ੍ਰਕਰਿਆਵਾਂ ਅਤੇ ਪ੍ਰਵਾਨਗੀ ਦੀ ਰਫਤਾਰ ਦੇ ਸੰਦਰਭ ’ਚ ਹੋਰ ਸਰਲੀਕਰਣ ਲਿਆਉਣ ਦਾ ਵਿਚਾਰ ਹੈ। ਕੁੱਝ ਖੇਤਰਾਂ ’ਚ ਮੰਤਰਾਲਾ ਸਵੈ : ਮਨਜ਼ੂਰ ਰਸਤੇ ਰਾਹੀਂ ਐੱਫ. ਡੀ. ਆਈ. ਦੀ ਆਗਿਆ ਦੇਣ ’ਤੇ ਵਿਚਾਰ ਕਰ ਸਕਦਾ ਹੈ। ਇਸ ਤੋਂ ਇਲਾਵਾ, ਈ-ਕਾਮਰਸ ਹੱਬ ਦੇ ਸਬੰਧ ’ਚ ਮੰਤਰਾਲਾ ਨੇ ਕਿਹਾ ਕਿ ਵਣਜ ਵਿਭਾਗ 10-15 ਅਜਿਹੇ ਹੱਬ ਨਾਲ ਸ਼ੁਰੂਆਤ ਕਰ ਸਕਦਾ ਹੈ।