ਹੁਣ ਅਸਾਨੀ ਨਾਲ ਮਿਲੇਗਾ 'ਲਾਲ ਸੋਨਾ', ਕੇਸਰ ਉਗਾ ਰਹੇ ਕਿਸਾਨਾਂ ਨੂੰ ਹੋਵੇਗਾ ਵੱਡਾ ਲਾਭ

Friday, Aug 28, 2020 - 03:36 PM (IST)

ਨਵੀਂ ਦਿੱਲੀ — ਜੰਮੂ-ਕਸ਼ਮੀਰ ਦੇ ਕਿਸਾਨਾਂ ਅਤੇ ਦੇਸ਼ ਦੇ ਆਮ ਨਾਗਰਿਕਾਂ ਨੂੰ ਇੱਕ ਵੱਡੀ ਸੌਗਾਤ ਮਿਲਣ ਵਾਲੀ ਹੈ। ਜੰਮੂ-ਕਸ਼ਮੀਰ ਦੇ ਐਲ.ਜੀ. ਮਨੋਜ ਸਿਨਹਾ ਦੇ ਨਿਰਦੇਸ਼ਾਂ 'ਤੇ ਹੁਣ ਕੇਸਰ(ਲਾਲ ਸੋਨਾ) ਦੀ ਕਾਸ਼ਤ ਵਧਾਉਣ ਲਈ ਜੀ.ਆਈ. ਟੈਗਿੰਗ ਦੀ ਸਹੂਲਤ ਸ਼ੁਰੂ ਕੀਤੀ ਗਈ ਹੈ। ਇਸ ਨਵੀਂ ਤਕਨਾਲੋਜੀ ਦੇ ਜ਼ਰੀਏ ਸੂਬਾ ਸਰਕਾਰ ਕੇਸਰ ਦੇ ਉਤਪਾਦਨ ਤੋਂ ਲੈ ਕੇ ਹੋਰ ਕਈ ਤਰ੍ਹਾਂ ਦੀਆਂ ਸਹੂਲਤਾਂ ਕਿਸਾਨਾਂ ਨੂੰ ਪ੍ਰਦਾਨ ਕਰੇਗੀ। ਕਸ਼ਮੀਰੀ ਕੇਸਰ ਦੇਸ਼ ਭਰ 'ਚ ਅਸਾਨੀ ਨਾਲ ਉਪਲੱਬਧ ਕਰਨ ਲਈ ਈ-ਮਾਰਕੀਟਿੰਗ ਦੀ ਸਹੂਲਤ ਦੇਸ਼ ਦੀਆਂ ਸਾਰੀਆਂ ਮੰਡੀਆਂ 'ਚ ਸ਼ੁਰੂ ਕੀਤੀ ਗਈ ਹੈ। ਜੰਮੂ-ਕਸ਼ਮੀਰ ਦੇ ਖੇਤੀਬਾੜੀ ਵਿਭਾਗ ਨੇ ਕੇਸਰ ਖਰੀਦਦਾਰਾਂ ਨੂੰ ਇਕ ਵੈਬਸਾਈਟ www.saffroneauctionindia.com 'ਤੇ ਈ-ਟ੍ਰੇਡਿੰਗ ਲਈ ਰਜਿਸਟਰ ਹੋਣ ਲਈ ਕਿਹਾ ਹੈ। ਇਸ ਵੈੱਬਸਾਈਟ 'ਤੇ ਕੇਸਰ ਦੀ ਫਸਲ ਦਾ ਪੂਰਾ ਰਿਕਾਰਡ ਹੋਵੇਗਾ। ਇਸ ਨਾਲ ਕਿਸਾਨਾਂ ਦਾ ਮੰਡੀਆਂ ਨਾਲ ਸਿੱਧਾ ਸੰਪਰਕ ਰਹੇਗਾ। ਦੇਸ਼ ਦਾ ਕੋਈ ਵੀ ਵਿਅਕਤੀ ਇਸ ਵੈੱਬਸਾਈਟ ਰਾਹੀਂ ਕੇਸਰ ਖਰੀਦ ਸਕਦਾ ਹੈ।

ਕਸ਼ਮੀਰੀ ਕੇਸਰ ਹੁਣ ਆਮ ਭਾਰਤੀ ਲੋਕਾਂ ਦੀ ਪਹੁੰਚ 'ਚ ਹੋਵੇਗਾ

ਤੁਹਾਨੂੰ ਦੱਸ ਦੇਈਏ ਕਿ ਜੰਮੂ-ਕਸ਼ਮੀਰ ਵਿਚ ਕੇਸਰ ਉਗਾ ਰਹੇ ਕਿਸਾਨਾਂ ਨੂੰ ਮਾਲ ਵੇਚਣ ਲਈ ਵਿਚੋਲਿਆਂ ਨੂੰ ਕਮਿਸ਼ਨ ਦੇਣੀ ਪੈਂਦੀ ਸੀ। ਜੰਮੂ-ਕਸ਼ਮੀਰ ਦੇ 200 ਤੋਂ ਵੱਧ ਪਿੰਡਾਂ ਦੇ ਹਜ਼ਾਰਾਂ ਕਿਸਾਨ ਇਸ ਧੰਦੇ ਨਾਲ ਜੁੜੇ ਹੋਏ ਹਨ। ਅਜੋਕੇ ਸਮੇਂ ਵਿਚ ਬਹੁਤ ਸਾਰੇ ਕਿਸਾਨਾਂ ਨੇ ਸੂਬੇ ਦੀ ਮੌਜੂਦਾ ਸਥਿਤੀ ਦੇ ਮੱਦੇਨਜ਼ਰ ਕੇਸਰ ਦੀ ਕਾਸ਼ਤ ਬੰਦ ਕਰਨ ਦਾ ਫੈਸਲਾ ਕਰ ਲਿਆ ਸੀ। ਸਾਲ 2014 ਵਿਚ ਆਏ ਹੜ੍ਹਾਂ ਅਤੇ ਪੱਥਰਬਾਜ਼ੀ ਦੀਆਂ ਘਟਨਾਵਾਂ ਤੋਂ ਬਾਅਦ ਸੂਬੇ ਦੇ ਕਿਸਾਨਾਂ ਨੇ ਕੇਸਰ ਦੀ ਕਾਸ਼ਤ ਕਰਨੀ ਹੀ ਛੱਡ ਦਿੱਤੀ ਸੀ, ਪਰ ਹਾਲ ਹੀ ਦੇ ਦਿਨਾਂ ਵਿਚ ਸੂਬਾ ਸਰਕਾਰ ਦੇ ਭਰੋਸੇ ਤੋਂ ਬਾਅਦ ਕਿਸਾਨਾਂ ਨੇ ਫਿਰ ਕੇਸਰ ਦੀ ਕਾਸ਼ਤ ਕਰਨੀ ਸ਼ੁਰੂ ਕਰ ਦਿੱਤੀ ਹੈ।

ਇਹ ਵੀ ਦੇਖੋ: ਹੁਣ ਦੋਪਹੀਆ ਵਾਹਨ 'ਤੇ ਨਹੀਂ ਲੱਗੇਗੀ ਗਰਮੀ, ਇਹ ਹੈਲਮੇਟ ਰੱਖੇਗਾ ਤੁਹਾਡਾ ਸਿਰ ਠੰਡਾ

ਕੇਸਰ ਦੀ ਕੀਮਤ ਸੋਨੇ ਦੇ ਬਰਾਬਰ

ਸੂਬਾ ਸਰਕਾਰ ਕੇਸਰ ਦੀ ਕੀਮਤ ਇਕ ਲੱਖ ਰੁਪਏ ਪ੍ਰਤੀ ਕਿੱਲੋ ਤੋਂ ਵਧਾ ਕੇ ਢਾਈ ਤੋਂ ਤਿੰਨ ਲੱਖ ਰੁਪਏ ਪ੍ਰਤੀ ਕਿਲੋ ਕਰਨ 'ਤੇ ਵਿਚਾਰ ਕਰ ਰਹੀ ਹੈ। ਇਸ ਨਾਲ ਇੱਥੇ ਦੇ ਕਿਸਾਨਾਂ ਨੂੰ ਵੱਡਾ ਫਾਇਦਾ ਹੋਣ ਜਾ ਰਿਹਾ ਹੈ। ਜ਼ਿਕਰਯੋਗ ਹੈ ਕਿ ਕੇਸਰ ਭਾਰਤ ਵਿਚ ਬਹੁਤ ਸਾਰੇ ਨਾਵਾਂ ਨਾਲ ਜਾਣਿਆ ਜਾਂਦਾ ਹੈ। ਇਸ ਨੂੰ ਕੁੰਕੁਮ, ਜਾਫਰਾਨ, ਸੈਫਰਾਨ ਅਤੇ ਕੇਸਰ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ। ਕੇਸਰ ਬਹੁਤ ਮਹਿੰਗਾ ਹੁੰਦਾ ਹੈ। ਇਸ ਲਈ ਇਸ ਨੂੰ ਲਾਲ ਸੋਨਾ ਵੀ ਕਿਹਾ ਜਾਂਦਾ ਹੈ। ਭਾਰਤ ਵਿਚ ਜੰਮੂ-ਕਸ਼ਮੀਰ ਦੇ ਕਿਸ਼ਤਵਾੜ, ਬਡਗਾਂਵ, ਸ੍ਰੀਨਗਰ ਅਤੇ ਪੰਪੋਰ ਦੇ ਇਲਾਕਿਆਂ 'ਚ ਕੇਸਰ ਦੀ ਕਾਸ਼ਤ ਕੀਤੀ ਜਾਂਦੀ ਹੈ। ਉਤਰਾਖੰਡ ਅਤੇ ਹਿਮਾਚਲ ਪ੍ਰਦੇਸ਼ ਦੇ ਕੁਝ ਹਿੱਸਿਆਂ ਵਿਚ ਵੀ ਕੇਸਰ ਦੀ ਕਾਸ਼ਤ ਸ਼ੁਰੂ ਹੋ ਗਈ ਹੈ।

ਇਹ ਵੀ ਦੇਖੋ: ਸਰਕਾਰ ਦੀ ਇਸ ਯੋਜਨਾ ਨੂੰ 6 ਸਾਲ ਹੋਏ ਪੂਰੇ, ਮਿਲਦਾ ਹੈ 2 ਲੱਖ ਦਾ ਬੀਮਾ ਤੇ ਕਈ ਮੁਫ਼ਤ ਸੇਵਾਵਾਂ

ਕਸ਼ਮੀਰੀ ਕੇਸਰ ਦੀ ਗੁਣਵੱਤਾ ਸਰਬੋਤਮ 

ਦੁਨੀਆਂ ਵਿਚ ਕੇਸਰ ਦੀ ਕੀਮਤ ਇਸ ਦੀ ਕੁਆਲਟੀ 'ਤੇ ਨਿਰਭਰ ਕਰਦੀ ਹੈ। ਵਿਸ਼ਵ ਦੇ ਬਾਜ਼ਾਰਾਂ ਵਿਚ ਕਸ਼ਮੀਰੀ ਕੇਸਰ ਦੀ ਕੀਮਤ 3 ਲੱਖ ਤੋਂ ਲੈ ਕੇ 5 ਲੱਖ ਰੁਪਏ ਪ੍ਰਤੀ ਕਿੱਲੋ ਤੱਕ ਹੈ। ਕੇਸਰ ਦੇ ਪੌਦਿਆਂ ਵਿਚ ਅਕਤੂਬਰ ਦੇ ਪਹਿਲੇ ਹਫ਼ਤੇ ਫੁੱਲ ਆਉਣੇ ਸ਼ੁਰੂ ਹੁੰਦੇ ਹਨ ਅਤੇ ਇਹ ਨਵੰਬਰ ਵਿਚ ਤਿਆਰ ਹੋ ਜਾਂਦਾ ਹੈ। ਇਸ ਸਾਲ ਨਵੰਬਰ ਤੋਂ ਹੀ ਕਿਸਾਨ ਆਨਲਾਈਨ ਮੰਡੀਆਂ ਵਿਚ ਸੰਪਰਕ ਕਰਕੇ ਇਸ ਨੂੰ ਵੇਚ ਸਕਣਗੇ।

ਇਹ ਵੀ ਦੇਖੋ: ਕੋਰੋਨਾ ਨੂੰ ਹਰਾਉਣ ਤੋਂ ਬਾਅਦ ਸਰੀਰ ਵਿਚ ਕਿੰਨੇ ਦਿਨ ਰਹਿੰਦੀਆਂ ਹਨ ਐਂਟੀਬਾਡੀ, ਰਿਸਰਚ 'ਚ ਸਾਹਮਣੇ ਆਏ ਤੱਥ


Harinder Kaur

Content Editor

Related News