ਵਿੱਤੀ ਸਾਲ 2018 ''ਚ ਜੀਵਨ ਬੀਮਾ ਉਦਯੋਗ ਨੇ ਬਣਾਇਆ ਰਿਕਾਰਡ

01/18/2019 8:07:04 PM

ਬੇਂਗਲੁਰ— ਵਿੱਤੀ ਸਾਲ 2017-18 ਵਿਚ ਭਾਰਤ ਦੇ ਜੀਵਨ ਬੀਮਾ ਉਦਯੋਗ ਨੇ ਪ੍ਰੀਮੀਅਮ ਵਿਚ 4.6 ਲੱਖ ਕਰੋੜ ਰੁਪਏ ਦੀ ਕੁਲੈਕਸ਼ਨ ਕਰ ਕੇ ਇਕ ਉੱਚਾ ਰਿਕਾਰਡ ਬਣਾਇਆ ਹੈ, ਜੋ ਇਸ ਤੋਂ ਪਹਿਲਾਂ ਵਾਲੇ ਵਿੱਤੀ ਸਾਲ ਦੇ ਮੁਕਾਬਲੇ 10 ਫ਼ੀਸਦੀ ਜ਼ਿਆਦਾ ਹੈ। ਇਹ ਗੱਲ ਬੀਮਾ ਰੈਗੂਲੇਟਰ ਇੰਸ਼ੋਰੈਂਸ ਰੈਗੂਲੇਟਰ ਐਂਡ ਡਿਵੈੱਲਪਮੈਂਟ ਅਥਾਰਟੀ ਆਫ ਇੰਡੀਆ (ਆਈ. ਆਰ. ਡੀ. ਏ. ਆਈ.) ਨੇ ਆਪਣੀ ਸਾਲਾਨਾ ਰਿਪੋਰਟ ਵਿਚ ਕਹੀ ਹੈ।
ਰਿਪੋਰਟ ਵਿਚ ਇਹ ਵੀ ਕਿਹਾ ਗਿਆ ਹੈ ਕਿ ਦੇਸ਼ ਵਿਚ ਇਸ ਮਿਆਦ ਵਿਚ ਜੀਵਨ ਬੀਮਾ ਯੋਗਦਾਨ (ਜੀ. ਡੀ. ਪੀ. ਫ਼ੀਸਦੀ ਦੇ ਹਿਸਾਬ ਨਾਲ ਪ੍ਰੀਮੀਅਮ) 2.5 ਫ਼ੀਸਦੀ ਤੋਂ ਵਧ ਕੇ 2.8 ਫ਼ੀਸਦੀ ਹੋ ਗਿਆ ਹੈ। ਪਿਛਲੇ ਵਿੱਤੀ ਸਾਲ ਵਿਚ 23 ਨਿੱਜੀ ਬੀਮਾ ਕੰਪਨੀਆਂ ਵਲੋਂ ਕਾਰੋਬਾਰ ਵਿਚ 19.2 ਫ਼ੀਸਦੀ ਦਾ ਵਾਧਾ ਵੇਖਿਆ ਗਿਆ ਜੋ ਇਸ ਤੋਂ ਪਿਛਲੇ ਵਿੱਤੀ ਸਾਲ ਦੇ 17.4 ਫ਼ੀਸਦੀ ਤੋਂ ਜ਼ਿਆਦਾ ਹੈ। ਹਾਲਾਂਕਿ ਸਰਕਾਰੀ ਮਾਲਕੀ ਵਾਲੀ ਬੀਮਾ ਕੰਪਨੀ ਭਾਰਤੀ ਜੀਵਨ ਬੀਮਾ ਨਿਗਮ (ਐੱਲ. ਆਈ. ਸੀ.) ਦਾ ਵਾਧਾ 12.8 ਤੋਂ ਡਿੱਗ ਕੇ 5.9 ਫ਼ੀਸਦੀ ਰਿਹਾ।
ਨਤੀਜੇ ਵਜੋਂ ਐੱਲ. ਆਈ. ਸੀ. ਦਾ ਮਾਰਕੀਟ ਸ਼ੇਅਰ 71.8 ਫ਼ੀਸਦੀ ਤੋਂ ਡਿੱਗ ਕੇ 69.4 ਫ਼ੀਸਦੀ 'ਤੇ ਆ ਗਿਆ, ਜਦੋਂ ਕਿ ਨਿੱਜੀ ਖੇਤਰ ਦੀਆਂ ਬੀਮਾ ਕੰਪਨੀਆਂ ਨੇ ਆਪਣਾ ਮਾਰਕੀਟ ਸ਼ੇਅਰ 28.2 ਫ਼ੀਸਦੀ ਤੋਂ ਵਧਾ ਕੇ 30.6 ਫ਼ੀਸਦੀ ਕਰ ਲਿਆ ਹੈ। ਇਸ ਸਾਲ ਨਿੱਜੀ ਕੰਪਨੀਆਂ ਦੇ ਕੁਲ ਪ੍ਰੀਮੀਅਮ 1.4 ਲੱਖ ਕਰੋੜ ਦੇ ਮੁਕਾਬਲੇ ਐੱਲ. ਆਈ. ਸੀ. ਦਾ ਕੁਲ ਪ੍ਰੀਮੀਅਮ 3.2 ਲੱਖ ਕਰੋੜ ਰੁਪਏ ਰਿਹਾ। ਹਾਲਾਂਕਿ ਐੱਲ. ਆਈ. ਸੀ. ਨੇ ਨਿੱਜੀ ਕੰਪਨੀਆਂ ਦੇ ਮੁਕਾਬਲੇ ਜ਼ਿਆਦਾ ਸਸਤੀਆਂ ਪਾਲਿਸੀਆਂ ਵੇਚ ਕੇ ਆਪਣੇ ਮਾਰਕੀਟ ਸ਼ੇਅਰ ਦੇ ਵਾਧੇ ਨੂੰ ਬਣਾਈ ਰੱਖਿਆ ਹੈ।ਸਾਲ 2017-18 ਵਿਚ ਐੱਲ. ਆਈ. ਸੀ. ਨੇ ਪ੍ਰੀਮੀਅਮ ਰੀਨਿਊ ਕਰਨ ਨਾਲ 1.8 ਲੱਖ ਕਰੋੜ ਰੁਪਏ ਜੁਟਾਏ ਹਨ। ਸਿੰਗਲ ਪ੍ਰੀਮੀਅਮ ਪਾਲਿਸੀ ਵੇਚਣ ਵਿਚ ਐੱਲ. ਆਈ. ਸੀ. ਦੀ ਕਾਰਗੁਜ਼ਾਰੀ ਚੰਗੀ ਰਹੀ। ਨਵੀਆਂ ਪਾਲਿਸੀਆਂ ਵੇਚ ਕੇ ਐੱਲ. ਆਈ. ਸੀ. ਨੇ 1.3 ਕਰੋੜ ਰੁਪਏ ਜੁਟਾਏ, ਜਦੋਂ ਕਿ ਨਿੱਜੀ ਕੰਪਨੀਆਂ ਨੇ ਜ਼ਿਆਦਾ ਸਿੰਗਲ ਪਾਲਿਸੀਆਂ ਵੇਚੀਆਂ ਅਤੇ 59,482 ਕਰੋੜ ਰੁਪਏ ਇਕੱਠੇ ਕੀਤੇ। ਨਵੇਂ ਕਾਰੋਬਾਰ ਪ੍ਰੀਮੀਅਮ ਤੋਂ ਸੰਕੇਤ ਮਿਲਦਾ ਹੈ ਕਿ ਅੱਗੇ ਚੱਲ ਕੇ ਸਿੰਗਲ ਪ੍ਰੀਮੀਅਮ ਉਤਪਾਦ ਐੱਲ. ਆਈ. ਸੀ. ਦੀ ਕੁਲ ਆਮਦਨ ਵਿਚ 33.5 ਫ਼ੀਸਦੀ ਦਾ ਯੋਗਦਾਨ ਪਾਉਣਗੇ।


Related News