ਭਾੜੇ ਵਿਚ ਰਿਕਾਰਡ ਵਾਧੇ ਨਾਲ ਵਪਾਰ ਨੂੰ ਵੱਜੀ ਵੱਡੀ ਢਾਹ, ਕੰਟੇਨਰਾਂ ਦੀ ਕਮੀ ਬਣੀ ਭਾਰੀ ਮੁਸ਼ਕਲਾਂ ਦਾ ਕਰਨਾ

Saturday, Oct 24, 2020 - 12:46 PM (IST)

ਭਾੜੇ ਵਿਚ ਰਿਕਾਰਡ ਵਾਧੇ ਨਾਲ ਵਪਾਰ ਨੂੰ ਵੱਜੀ ਵੱਡੀ ਢਾਹ, ਕੰਟੇਨਰਾਂ ਦੀ ਕਮੀ ਬਣੀ ਭਾਰੀ ਮੁਸ਼ਕਲਾਂ ਦਾ ਕਰਨਾ

ਮੁੰਬਈ(ਇੰਟ.) – ਪਿਛਲੇ ਕੁਝ ਮਹੀਨਿਆਂ ਦੌਰਾਨ ਸਮੁੰਦਰੀ ਰਸਤੇ ਮਾਲ ਨੂੰ ਭੇਜਣ ਦੇ ਭਾੜੇ ਵਿਚ ਭਾਰੀ ਵਾਧਾ ਹੋਣ ਕਾਰਣ ਬਰਾਮਦ ਅਤੇ ਦਰਾਮਦ ਦੋਹਾਂ ਤਰ੍ਹਾਂ ਦੇ ਵਪਾਰ ਨੂੰ ਵੱਡੀ ਢਾਹ ਵੱਜੀ ਹੈ। ਭਾੜੇ ਦੀਆਂ ਦਰਾਂ ਵਿਚ 60 ਫੀਸਦੀ ਤੋਂ ਵੀ ਵੱਧ ਦਾ ਰਿਕਾਰਡ ਵਾਧਾ ਦਰਜ ਕੀਤਾ ਗਿਆ ਹੈ।

ਵੱਖ-ਵੱਖ ਸ਼ਿਪਿੰਗ ਕੰਪਨੀਆਂ ਨੇ ਆਪਣੇ ਮਾਲ ਭਾੜੇ ਦੀਆਂ ਦਰਾਂ ਵਿਚ ਅਚਾਨਕ ਹੀ ਇਹ ਵਾਧਾ ਕਰ ਦਿੱਤਾ ਗਿਆ ਹੈ। ਇਸ ਕਾਰਣ ਬਰਾਮਦਕਾਰਾਂ ਦੇ ਨਾਲ-ਨਾਲ ਦਰਾਮਦਕਾਰਾਂ ਨੂੰ ਵੀ ਮੁਸ਼ਕਲ ਪੇਸ਼ ਆ ਰਹੀ ਹੈ। ਪਿਛਲੇ ਕੁਝ ਮਹੀਨਿਆਂ ਦੌਰਾਨ ਦਰਾਮਦ ਵਿਚ ਕਮੀ ਹੋਣ ਦੇ ਨਾਲ-ਨਾਲ ਵਪਾਰੀਆਂ ਨੂੰ ਕੰਟੇਨਰਾਂ ਦੀ ਕਮੀ ਦਾ ਵੀ ਸਾਹਮਣਾ ਕਰਨਾ ਪੈ ਰਿਹਾ ਹੈ।

ਲਗਭਗ ਸਮੁੱਚੀ ਦੁਨੀਆ ਦੀ ਇੰਡਸਟਰੀ 'ਤੇ ਇਸ ਦਾ ਅਸਰ ਪਿਆ ਹੈ।

ਸਿਰਫ ਅਕਤੂਬਰ ਮਹੀਨੇ ਵਿਚ ਹੀ ਭਾੜੇ ਦੀਆਂ ਦਰਾਂ ਵਿਚ 20 ਤੋਂ 30 ਫੀਸਦੀ ਤੱਕ ਦਾ ਵਾਧਾ ਹੋ ਗਿਆ ਹੈ। ਹਵਾਈ ਜਹਾਜ਼ਾਂ ਰਾਹੀਂ ਮਾਲ ਭੇਜਣ ਦੀਆਂ ਦਰਾਂ ਵਿਚ ਵੀ 30 ਤੋਂ 40 ਫੀਸਦੀ ਤੱਕ ਦਾ ਵਾਧਾ ਦਰਜ ਕੀਤਾ ਗਿਆ ਹੈ। ਕੋਰੋਨਾ ਵਾਇਰਸ ਕਾਰਣ ਇਹ ਸਥਿਤੀ ਪੈਦਾ ਹੋਈ ਹੈ।

ਫੈੱਡਰੇਸ਼ਨ ਆਫ ਇੰਡੀਅਨ ਐਕਸਪੋਰਟ ਆਰਗੇਨਾਈਜ਼ੇਸ਼ਨ (ਐੱਫ.ਆਈ.ਈ.ਓ.) ਦੇ ਮੁਖੀ ਸ਼ਰਦ ਕੁਮਾਰ ਨੇ ਦੱਸਿਆ ਕਿ ਬਰਾਮਦਕਾਰਾਂ ਨੂੰ ਸਮੁੰਦਰੀ ਰਸਤੇ ਮਾਲ ਭੇਜਣ ਵਿਚ ਬਹੁਤ ਮੁਸ਼ਕਲ ਪੇਸ਼ ਆ ਰਹੀ ਹੈ। ਯੂਰਪ ਦੀਆਂ ਵੱਖ-ਵੱਖ ਬੰਦਰਗਾਹਾਂ 'ਤੇ ਮਾਲ ਪਹੁੰਚਾਉਣ ਲਈ ਭਾੜਾ 60 ਫੀਸਦੀ ਤੱਕ ਵਧ ਗਿਆ ਹੈ। ਲਾਤੀਨੀ ਅਮਰੀਕੀ ਦੇਸ਼ਾਂ ਦੀਆਂ ਬੰਦਰਗਾਹਾਂ 'ਤੇ ਮਾਲ ਪਹੁੰਚਾਉਣ ਲਈ ਭਾੜੇ ਦੀ ਅਦਾਇਗੀ 50 ਫੀਸਦੀ ਤੋਂ ਵੱਧ ਕਰਨੀ ਪੈ ਰਹੀ ਹੈ। ਅਮਰੀਕਾ ਲਈ ਵੀ ਭਾੜੇ ਦੀ ਦਰ ਵਿਚ ਭਾਰੀ ਵਾਧਾ ਹੋਇਆ ਹੈ।

ਅਕਤੂਬਰ ਮਹੀਨੇ ਵਿਚ ਜਿਹੜਾ ਭਾੜਾ ਪਹਿਲਾਂ 300 ਡਾਲਰ ਤੱਕ ਹੁੰਦਾ ਸੀ, ਉਹ ਇਸ ਸਮੇਂ ਹੁਣ 800 ਡਾਲਰ ਪ੍ਰਤੀ 40 ਫੁੱਟ ਕੰਟੇਨਰ ਲਈ ਹੋ ਗਿਆ ਹੈ। ਮੱਧ ਪੂਰਬ, ਯੂਰਪ, ਉੱਤਰੀ ਅਤੇ ਦੱਖਣੀ ਅਮਰੀਕੀ ਬੰਦਰਗਾਹਾਂ ਅਤੇ ਨਾਲ ਲੱਗਦੇ ਦੇਸ਼ਾਂ ਲਈ ਵੀ ਮਾਲ ਭਾੜੇ ਦੀਆਂ ਦਰਾਂ ਵਿਚ ਰਿਕਾਰਡ ਵਾਧਾ ਹੋਇਆ ਹੈ। ਵਾਧੇ ਦੇ ਨਾਲ-ਨਾਲ ਕੰਟੇਨਰਾਂ ਦੀ ਕਮੀ ਨਾਲ ਵੀ ਵਪਾਰੀਆਂ ਨੂੰ ਜੂਝਣਾ ਪੈ ਰਿਹਾ ਹੈ। ਇਸ ਕਾਰਣ ਸਥਿਤੀ ਹੋਰ ਵੀ ਭਿਆਨਕ ਹੋ ਗਈ ਹੈ। ਮੁੰਦਰਾ ਅਤੇ ਨਹਾਵਾ ਸਹੇਵਾ ਵਰਗੀਆਂ ਭਾਰਤ ਦੀਆਂ ਦੋ ਪ੍ਰਸਿੱਧ ਬੰਦਰਗਾਹਾਂ ਦੀ ਵੀ ਹਾਲਤ ਇਹੋ ਜਿਹੀ ਹੀ ਹੈ। ਇਥੋਂ ਬਾਹਰ ਮਾਲ ਭੇਜਣ ਲਈ ਵਪਾਰੀਆਂ ਨੂੰ ਆਪਣੀ ਜੇਬ ਹੋਰ ਵੀ ਢਿੱਲੀ ਕਰਨੀ ਪੈ ਰਹੀ ਹੈ। ਵੱਖ-ਵੱਖ ਬੰਦਰਗਾਹਾਂ 'ਤੇ ਮਾਲ ਦੇ ਢੇਰ ਲੱਗੇ ਹੋਏ ਹਨ। ਇਕ ਪਾਸੇ ਕੰਟੇਨਰਾਂ ਦੀ ਕਮੀ ਅਤੇ ਦੂਜੇ ਪਾਸੇ ਦਰਾਂ ਵਿਚ ਭਾਰੀ ਵਾਧੇ ਕਾਰਣ ਮਾਲ ਬੰਦਰਗਾਹਾਂ ਤੋਂ ਦੂਜੇ ਦੇਸ਼ਾਂ ਨੂੰ ਨਹੀਂ ਜਾ ਰਿਹਾ।

ਕੋਰੋਨਾ ਤੋਂ ਬਾਅਦ ਦਰਾਂ ਵਿਚ ਦੁੱਗਣਾ ਹੋਇਆ ਵਾਧਾ

* ਕੋਰੋਨਾ ਵਾਇਰਸ ਦੇ ਸ਼ੁਰੂ ਹੋਣ ਤੋਂ ਪਹਿਲਾਂ ਮਾਲ ਭਾੜੇ ਦੀਆਂ ਦਰਾਂ 450 ਤੋਂ 500 ਡਾਲਰ ਪ੍ਰਤੀ 20 ਫੁੱਟ ਕੰਟੇਨਰ ਲਈ ਹੁੰਦੀਆਂ ਸਨ, ਜੋ ਹੁਣ ਜੋ ਹੁਣ ਦੁੱਗਣੇ ਤੋਂ ਵੀ ਵਧ ਕੇ 1200 ਡਾਲਰ ਤੱਕ ਪਹੁੰਚ ਗਈਆਂ ਹਨ।

* ਮਾਲ ਭਾੜੇ ਦੀਆਂ ਦਰਾਂ ਵਿਚ ਵਾਧੇ ਦਾ ਅਸਰ ਸਮੁੱਚੀ ਇੰਡਸਟਰੀ 'ਤੇ ਪੈ ਰਿਹਾ ਹੈ। ਇਸ ਵਿਚ ਇੰਜੀਨੀਅਰਿੰਗ, ਆਟੋ ਪਾਰਟਸ, ਕੈਮੀਕਲਜ਼ ਅਤੇ ਫਾਰਮਾਸਿਊਟੀਕਲ ਇੰਡਸਟਰੀ ਸ਼ਾਮਲ ਹੈ।

* ਕੰਪਨੀਆਂ ਇਹ ਦੋਸ਼ ਲਗਾ ਰਹੀਆਂ ਹਨ ਕਿ ਵੱਡੇ ਸਰਮਾਏਦਾਰਾਂ ਨੇ ਦਰਾਂ ਵਿਚ ਵਾਧਾ ਕਰ ਕੇ ਛੋਟੇ ਤੇ ਦਰਮਿਆਨੇ ਵਪਾਰੀਆਂ ਲਈ ਮੁਸ਼ਕਲਾਂ ਖੜੀਆਂ ਕਰ ਦਿੱਤੀਆਂ ਹਨ ਜਦੋਂ ਕਿ ਉਕਤ ਸਰਮਾਏਦਾਰਾਂ ਦਾ ਕਹਿਣਾ ਹੈ ਕਿ ਮੰਗ ਤੇ ਸਪਲਾਈ ਵਿਚ ਫਰਕ ਹੋਣ ਕਾਰਣ ਦਰਾਂ ਵਿਚ ਵਾਧਾ ਕਰਨਾ ਪਿਆ ਹੈ।

* ਚੀਨ ਤੋਂ ਆਉਣ ਵਾਲੇ ਸਮੁੰਦਰੀ ਜਹਾਜ਼ਾਂ ਦੀ ਗਿਣਤੀ ਵਿਚ ਵੀ ਕਮੀ ਹੋਈ ਹੈ। ਇਸ ਦਾ ਕਾਰਣ ਕੰਟੇਨਰਾਂ ਦਾ ਆਸਾਨੀ ਨਾਲ ਉਪਲਬਧ ਨਾ ਹੋਣਾ ਦੱਸਿਆ ਜਾਂਦਾ ਹੈ। ਇਸ ਦੇ ਨਾਲ ਹੀ ਕੋਰੋਨਾ ਵਾਇਰਸ ਕਾਰਣ ਜਾਂਚ ਪੜਤਾਲ ਦਾ ਕੰਮ ਵੱਧ ਜਾਣ ਕਾਰਣ ਵੀ ਚੀਨ ਤੋਂ ਜਹਾਜ਼ ਪੱਛੜ ਕੇ ਆ ਰਹੇ ਹਨ। ਜੂਨ ਮਹੀਨੇ ਤੋਂ ਇਹ ਸਥਿਤੀ ਵਧੇਰੇ ਵਿਗੜੀ ਹੈ।

* ਅਪ੍ਰੈਲ ਤੋਂ ਸਤੰਬਰ ਦੇ ਮਹੀਨੇ ਤੱਕ ਭਾਰਤ ਦੀ ਬਰਾਮਦ ਵਿਚ 17 ਫੀਸਦੀ ਤੱਕ ਦੀ ਕਮੀ ਹੋਈ, ਜਦੋਂ ਕਿ ਦਰਾਮਦ ਵਿਚ 35 ਫੀਸਦੀ ਕਮੀ ਦਰਜ ਕੀਤੀ ਗਈ।


author

Harinder Kaur

Content Editor

Related News