ਦਿੱਲੀ ਏਅਰਪੋਰਟ ''ਤੇ ਉਤਰਦੇ ਸਮੇਂ ਜ਼ਮੀਨ ਨਾਲ ਟਕਰਾਇਆ ਇੰਡੀਗੋ ਜਹਾਜ਼ ਦਾ ਪਿਛਲਾ ਹਿੱਸਾ
Tuesday, Jun 13, 2023 - 05:55 PM (IST)
 
            
            ਮੁੰਬਈ (ਭਾਸ਼ਾ) - ਦਿੱਲੀ ਦੇ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਉਤਰਦੇ ਸਮੇਂ ਇੰਡੀਗੋ ਦੇ ਜਹਾਜ਼ ਦਾ ਪਿਛਲਾ ਹਿੱਸਾ ਜ਼ਮੀਨ ਨਾਲ ਟਕਰਾ ਗਿਆ ਸੀ। ਇਸ ਘਟਨਾ ਦਾ ਪਤਾ ਲੱਗਣ ਤੋਂ ਬਾਅਦ ਹਵਾਬਾਜ਼ੀ ਸੁਰੱਖਿਆ ਰੈਗੂਲੇਟਰ ਡੀਜੀਸੀਏ ਨੇ ਇਸ ਘਟਨਾ ਦੀ ਜਾਂਚ ਕਰਨ ਦੇ ਹੁਕਮ ਦਿੱਤੇ ਹਨ। ਡਾਇਰੈਕਟੋਰੇਟ ਜਨਰਲ ਆਫ ਸਿਵਲ ਐਵੀਏਸ਼ਨ (ਡੀਜੀਸੀਏ) ਦੇ ਇਕ ਸੀਨੀਅਰ ਅਧਿਕਾਰੀ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ ਹੈ। ਉਨ੍ਹਾਂ ਨੇ ਕਿਹਾ ਕਿ ਡੀਜੀਸੀਏ ਦੇ ਹੁਕਮਾਂ 'ਤੇ ਏਅਰਲਾਈਨ ਨੇ ਚਾਲਕ ਦਲ ਦੇ ਮੈਂਬਰਾਂ ਨੂੰ ਵੀ ਉਡਾਣ ਭਰਨ ਤੋਂ ਰੋਕ ਦਿੱਤਾ ਹੈ।
ਇੰਡੀਗੋ ਨੇ ਇਕ ਬਿਆਨ 'ਚ ਇਸ ਘਟਨਾ ਦੀ ਪੁਸ਼ਟੀ ਕੀਤੀ ਹੈ। ਅਧਿਕਾਰੀ ਨੇ ਦੱਸਿਆ, ''11 ਜੂਨ ਨੂੰ ਕੋਲਕਾਤਾ ਤੋਂ ਦਿੱਲੀ ਜਾ ਰਹੀ ਇੰਡੀਗੋ ਏਅਰਕ੍ਰਾਫਟ ਏ321 ਨਿਓ ਓਪਰੇਟਿੰਗ ਫਲਾਈਟ ਨੰਬਰ 6ਈ-6183 ਦਿੱਲੀ 'ਚ ਲੈਂਡ ਕਰਦੇ ਸਮੇਂ ਜ਼ਮੀਨ ਨਾਲ ਟਕਰਾ ਗਈ ਸੀ।'' ਦਿੱਲੀ 'ਚ ਉਤਰਨ ਤੱਕ ਫਲਾਈਟ ਆਮ ਵਾਂਗ ਸੀ। ਚਾਲਕ ਦਲ ਨੇ ਰਨਵੇ 27 'ਤੇ ਪਹੁੰਚਦੇ ਸਮੇਂ ਮਹਿਸੂਸ ਕੀਤਾ ਕਿ ਉਹ ਆਮ ਨਾਲੋਂ ਜ਼ਿਆਦਾ ਸਮਾਂ ਚੱਲ ਰਹੇ ਸਨ। ਉਨ੍ਹਾਂ ਨੇ ਕਿਹਾ ਕਿ ਜ਼ਮੀਨ ਨਾਲ ਟਕਰਾਉਣ ਕਾਰਨ ਜਹਾਜ਼ ਦਾ ਪਿਛਲਾ ਹਿੱਸਾ ਨੁਕਸਾਨਿਆ ਗਿਆ ਹੈ।

 
                     
                             
                             
                             
                             
                             
                             
                             
                             
                             
                             
                             
                             
                             
                             
                             
                             
                             
                             
                            