ਹੋਮ-ਕਾਰ ਲੋਨ ਗਾਹਕਾਂ ਨੂੰ ਝਟਕਾ, ਮਹਿੰਗਾਈ ਨੇ RBI ਦਾ ਮੁਸ਼ਕਲ ਕੀਤਾ ਇਹ ਰਾਹ

01/14/2020 11:55:03 AM

ਨਵੀਂ ਦਿੱਲੀ— ਗੱਡੀ ਜਾਂ ਘਰ ਲਈ ਕਰਜ਼ਾ ਹੋਰ ਸਸਤਾ ਹੋਣ ਦਾ ਇੰਤਜ਼ਾਰ ਕਰ ਰਹੇ ਹੋ ਤਾਂ ਹੁਣ ਲੋਨ ਦਰਾਂ 'ਚ ਕਟੌਤੀ ਦਾ ਦੌਰ ਸਮਾਪਤ ਹੋ ਸਕਦਾ ਹੈ। ਭਾਰਤੀ ਰਿਜ਼ਰਵ ਬੈਂਕ (ਆਰ. ਬੀ. ਆਈ.) ਪ੍ਰਚੂਨ ਮਹਿੰਗਾਈ ਦਰ ਨੂੰ ਕੰਟਰੋਲ ਕਰਨ ਲਈ ਵਿਆਜ ਦਰਾਂ 'ਚ ਕਟੌਤੀ ਨਾ ਕਰਨ ਸਮੇਤ ਕੁਝ ਸਖਤ ਕਦਮ ਉਠਾ ਸਕਦਾ ਹੈ। ਇਸ ਦਾ ਕਾਰਨ ਹੈ ਕਿ ਦਸੰਬਰ ਮਹੀਨੇ 'ਚ ਪ੍ਰਚੂਨ ਮਹਿੰਗਾਈ ਦਰ 5 ਸਾਲਾਂ ਦੇ ਰਿਕਾਰਡ ਪੱਧਰ 'ਤੇ ਪਹੁੰਚ ਗਈ ਹੈ।

 

ਪਿਆਜ਼ ਤੇ ਟਮਾਟਰ ਸਮੇਤ ਕਈ ਸਬਜ਼ੀਆਂ ਦੀਆਂ ਕੀਮਤਾਂ ਵਧਣ ਕਾਰਨ ਦਸੰਬਰ 'ਚ ਪ੍ਰਚੂਨ ਮਹਿੰਗਾਈ ਦਰ 7.35 ਫੀਸਦੀ ਦਰਜ ਕੀਤੀ ਗਈ। ਇਹ ਆਰ. ਬੀ. ਆਈ. ਦੇ ਅਨੁਮਾਨ ਤੋਂ ਕਿਤੇ ਜ਼ਿਆਦਾ ਹੈ। ਮਾਹਰਾਂ ਤੇ ਅਰਥਸ਼ਾਸਤਰੀਆਂ ਦਾ ਮੰਨਣਾ ਹੈ ਕਿ ਮਹਿੰਗਾਈ ਦਰ ਵਧਣ ਦਾ ਸਿੱਧਾ ਅਸਰ 6 ਫਰਵਰੀ 2020 ਨੂੰ ਰਿਜ਼ਰਵ ਬੈਂਕ ਦੀ ਮਾਨਿਟਰੀ ਪਾਲਿਸੀ ਦੀ ਸਮੀਖਿਆ 'ਤੇ ਦਿਖਾਈ ਦੇ ਸਕਦਾ ਹੈ। ਦਸੰਬਰ 'ਚ ਵੀ ਆਰ. ਬੀ. ਆਈ. ਨੇ ਮਹਿੰਗਾਈ ਵਧਣ ਦੀ ਸੰਭਾਵਨਾ ਕਾਰਨ ਦਰਾਂ 'ਚ ਕੋਈ ਬਦਲਾਵ ਨਹੀਂ ਕੀਤਾ ਸੀ।
 

RBI ਦੇ ਕੰਟਰੋਲ ਟੀਚੇ ਤੋਂ ਬਾਹਰ ਹੋਈ ਮਹਿੰਗਾਈ
ਇਕਰਾ ਦੀ ਪ੍ਰਿੰਸੀਪਲ ਇਕਨੋਮਿਸਟ ਅਦਿੱਤੀ ਨਾਇਰ ਦਾ ਮੰਨਣਾ ਹੈ ਕਿ ਦਸੰਬਰ ਦੀ ਪ੍ਰਚੂਨ ਮਹਿੰਗਾਈ ਦੇ ਅੰਕੜੇ ਅਨੁਮਾਨ ਤੋਂ ਕਾਫੀ ਜ਼ਿਆਦਾ ਹਨ, ਜਦੋਂ ਕਿ ਖਦਸ਼ਾ ਸੀ ਕਿ ਇਹ 6 ਫੀਸਦੀ ਤੋਂ ਥੋੜ੍ਹਾ ਉਪਰ ਰਹੇਗੀ ਪਰ ਇਸ ਨੇ 7 ਫੀਸਦੀ ਦਾ ਪੱਧਰ ਵੀ ਕਰ ਲਿਆ। ਇਸ ਦਾ ਮਤਲਬ ਹੈ ਕਿ ਇਸ ਦਾ ਜਲਦ ਹੇਠਾਂ ਆਉਣਾ ਮੁਸ਼ਕਲ ਹੈ। ਇਸ ਲਈ ਲੱਗਦਾ ਹੈ ਕਿ 6 ਫਰਵਰੀ ਨੂੰ ਰਿਜ਼ਰਵ ਬੈਂਕ ਦੀ ਮਾਨਿਟਰੀ ਪਾਲਿਸੀ ਕਮੇਟੀ ਲਈ ਕੋਈ ਫੈਸਲਾ ਲੈਣਾ ਕਾਫੀ ਮੁਸ਼ਕਲ ਹੋਵੇਗਾ।
ਜ਼ਿਕਰਯੋਗ ਹੈ ਕਿ ਰਿਜ਼ਰਵ ਬੈਂਕ ਗਵਰਨਰ ਸ਼ਕਤੀਕਾਂਤ ਦਾਸ ਦੀ ਅਗਵਾਈ ਵਾਲੀ ਮਾਨਿਟਰੀ ਪਾਲਿਸੀ ਕਮੇਟੀ (ਐੱਮ. ਪੀ. ਸੀ.) ਨੇ ਪਿਛਲੇ ਸਾਲ ਫਰਵਰੀ ਤੋਂ ਦਰਾਂ 'ਚ 1.35 ਫੀਸਦੀ ਦੀ ਕਟੌਤੀ ਕੀਤੀ ਸੀ, ਜਦੋਂ ਕਿ ਦਸੰਬਰ 'ਚ ਇਹ ਸਿਲਸਿਲਾ ਰੋਕ ਦਿੱਤਾ ਸੀ। ਆਰ. ਬੀ. ਆਈ. ਨੇ ਮਹਿੰਗਾਈ 2 ਤੇ 6 ਫੀਸਦੀ ਵਿਚਕਾਰ ਸੀਮਤ ਰੱਖਣ ਦਾ ਟੀਚਾ ਰੱਖਿਆ ਸੀ। ਹੁਣ ਮਹਿੰਗਾਈ ਦਰ 7 ਫੀਸਦੀ ਤੋਂ ਵੱਧ ਹੋ ਜਾਣ ਕਾਰਨ ਦਰਾਂ 'ਚ ਲੰਮੇ ਸਮੇਂ ਤੱਕ ਕਮੀ ਨਾ ਹੋਣ ਦੀ ਸੰਭਾਵਨਾ ਬਣਦੀ ਦਿਖਾਈ ਦੇ ਰਹੀ ਹੈ, ਯਾਨੀ ਲੋਨ ਹੋਰ ਸਸਤੇ ਨਹੀਂ ਹੋਣਗੇ। ਉੱਥੇ ਹੀ, ਐੱਸ. ਬੀ. ਆਈ. ਰਿਸਰਚ ਨੇ ਜਨਵਰੀ 'ਚ ਮਹਿੰਗਾਈ ਦਰ 8 ਫੀਸਦੀ ਤੋਂ ਵੀ ਪਾਰ ਹੋ ਜਾਣ ਦੀ ਸੰਭਾਵਨਾ ਜਤਾਈ ਹੈ।


Related News