ਇਕਨੋਮੀ 'ਚ ਸੁਸਤੀ ਬੈਂਕਾਂ ਲਈ ਖਤਰੇ ਦੀ ਘੰਟੀ, NPA ਵਧਣ ਦਾ ਖਦਸ਼ਾ

12/28/2019 1:06:38 PM

ਮੁੰਬਈ— ਇਕਨੋਮੀ 'ਚ ਸੁਸਤੀ ਬੈਂਕਾਂ ਲਈ ਖਤਰੇ ਦੀ ਘੰਟੀ ਵਜਾ ਸਕਦੀ ਹੈ। ਲੰਬੇ ਸਮੇਂ ਤੋਂ ਇਕਨੋਮੀ 'ਚ ਬਰਕਰਾਰ ਸੁਸਤੀ ਵਿਚਕਾਰ ਭਾਰਤੀ ਰਿਜ਼ਰਵ ਬੈਂਕ ਨੇ ਚਿਤਾਵਨੀ ਭਰੇ ਲਹਿਜੇ 'ਚ ਕਿਹਾ ਹੈ ਕਿ ਬੈਂਕਾਂ ਦੇ ਫਸੇ ਕਰਜ਼ ਯਾਨੀ ਐੱਨ. ਪੀ. ਏ. 'ਚ ਹੋਰ ਵਾਧਾ ਹੋ ਸਕਦਾ ਹੈ। ਇਹ ਬੈਂਕਾਂ ਦੀ ਸਿਹਤ ਲਈ ਠੀਕ ਨਹੀਂ ਹੋਵੇਗਾ।
 

ਭਾਰਤੀ ਰਿਜ਼ਰਵ ਬੈਂਕ ਨੇ ਸੰਭਾਵਨਾ ਜਤਾਈ ਹੈ ਕਿ ਐੱਨ. ਪੀ. ਏ. ਸਤੰਬਰ 2019 ਦੇ 9.3 ਫੀਸਦੀ ਤੋਂ ਵੱਧ ਕੇ ਸਤੰਬਰ 2020 'ਚ 9.9 ਫੀਸਦੀ 'ਤੇ ਪਹੁੰਚ ਸਕਦਾ ਹੈ। ਇਸ ਦਾ ਕਾਰਨ ਅਰਥਵਿਵਸਥਾ 'ਚ ਸੁਸਤੀ, ਲੋਨ ਦੀ ਪੇਮੈਂਟ ਹੋਣ 'ਚ ਨਾਕਾਮੀ ਤੇ ਕ੍ਰੈਡਿਟ ਗ੍ਰੋਥ 'ਚ ਕਮੀ ਹੈ।
ਇਕਨੋਮੀ 'ਚ ਮੰਦੀ ਹੋਰ ਵਧੀ ਤਾਂ ਐੱਨ. ਪੀ. ਏ. 10.5 ਫੀਸਦੀ ਤਕ ਵੀ ਪਹੁੰਚ ਸਕਦਾ ਹੈ। ਇਸ ਨਾਲ ਸਰਕਾਰੀ ਹੀ ਨਹੀਂ ਪ੍ਰਾਈਵੇਟ ਬੈਂਕਾਂ ਦੇ ਵੀ ਹਾਲਾਤ ਵਿਗੜਗੇ। ਸਾਲਾਨਾ ਆਧਾਰ 'ਤੇ ਪੀ. ਐੱਸ. ਯੂ. ਯਾਨੀ ਸਰਕਾਰੀ ਬੈਂਕਾਂ ਦਾ ਐੱਨ. ਪੀ. ਏ. 12.7 ਫੀਸਦੀ ਤੋਂ ਵੱਧ ਕੇ 13.2 ਫੀਸਦੀ ਤਕ ਪਹੁੰਚਣ ਦੀ ਸੰਭਾਵਨਾ ਹੈ। ਉੱਥੇ ਹੀ, ਪ੍ਰਾਈਵੇਟ ਬੈਂਕਾਂ ਦੇ ਮਾਮਲੇ 'ਚ ਇਹ ਅੰਕੜਾ 3.9 ਫੀਸਦੀ ਤੋਂ ਵੱਧ ਕੇ 4.2 ਫੀਸਦੀ 'ਤੇ ਪਹੁੰਚ ਸਕਦਾ ਹੈ।

ਭਾਰਤੀ ਰਿਜ਼ਰਵ ਬੈਂਕ (ਆਰ. ਬੀ. ਆਈ.) ਦੀ ਵਿੱਤੀ ਸਥਿਰਤਾ ਰਿਪੋਰਟ ਮੁਤਾਬਕ, 2020 'ਚ ਗ੍ਰਾਸ ਐੱਨ. ਪੀ. ਏ. ਹੋਰ ਵਧਣ ਦੀ ਸੰਭਾਵਨਾ ਹੈ। ਆਰ. ਬੀ. ਆਈ. ਨੇ ਕਿਹਾ ਕਿ ਵੱਡੀਆਂ ਕਾਰਪੋਰੇਟ ਕੰਪਨੀਆਂ ਕੋਲ ਫਿਲਹਾਲ ਨਕਦੀ ਦੀ ਕਮੀ ਨਹੀਂ ਹੈ। ਇਸ ਕਾਰਨ ਉਨ੍ਹਾਂ ਨੂੰ ਲੋਨ ਦੀ ਜ਼ਰੂਰਤ ਨਹੀਂ ਹੈ, ਜੋ ਮੌਜੂਦਾ ਸਥਿਤੀ 'ਚ ਕ੍ਰੈਡਿਟ ਗ੍ਰੋਥ 'ਚ ਕਮੀ ਦਾ ਇਕ ਵੱਡਾ ਕਾਰਨ ਹੈ। ਰਿਪੋਰਟ ਮੁਤਾਬਕ, ਸਤੰਬਰ 2019 ਤਕ ਸਰਕਾਰੀ ਬੈਂਕਾਂ ਦੀ ਕ੍ਰੈਡਿਟ ਗ੍ਰੋਥ ਘੱਟ ਕੇ 8.7 ਫੀਸਦੀ ਰਹੀ, ਜਦੋਂ ਕਿ ਪ੍ਰਾਈਵੇਟ ਬੈਂਕਾਂ ਦੇ ਮਾਮਲੇ 'ਚ ਇਹ ਅੰਕੜਾ 16.5 ਫੀਸਦੀ ਰਿਹਾ।


Related News