ਬੈਂਕ ਗਾਹਕਾਂ ਨੂੰ ਵੱਡੀ ਰਾਹਤ, ਮਾਰਚ ਤਕ ਨਹੀਂ ਵਧੇਗੀ ਤੁਹਾਡੀ EMI!
Monday, Nov 26, 2018 - 02:24 PM (IST)

ਨਵੀਂ ਦਿੱਲੀ— ਮਾਰਚ ਤਕ ਹੋਮ ਤੇ ਆਟੋ ਲੋਨ ਦੀ ਆਈ. ਐੱਮ. ਆਈ. ਵਧਣ ਦਾ ਖਦਸ਼ਾ ਨਹੀਂ ਹੈ। ਰਿਜ਼ਰਵ ਬੈਂਕ ਇਸ ਵਿੱਤੀ ਸਾਲ ਦੇ ਬਾਕੀ ਦਿਨਾਂ 'ਚ ਵਿਆਜ ਦਰਾਂ ਜਿਉਂ ਦੀਆਂ ਤਿਉਂ ਰੱਖ ਸਕਦਾ ਹੈ। ਇਹ ਅਨੁਮਾਨ ਸਿੰਗਾਪੁਰ ਦੇ ਬੈਂਕ ਡੀ. ਬੀ. ਐੱਸ. ਨੇ ਇਕ ਰਿਪੋਰਟ 'ਚ ਜਤਾਇਆ ਹੈ। ਉਸ ਦਾ ਕਹਿਣਾ ਹੈ ਕਿ ਹਾਲ ਹੀ 'ਚ ਕੱਚੇ ਤੇਲ ਦੇ ਮੁੱਲ 'ਚ ਤੇਜ਼ ਗਿਰਾਵਟ ਆਈ ਹੈ। ਡਾਲਰ ਦੇ ਮੁਕਾਬਲੇ ਰੁਪਿਆ ਵੀ ਮਜਬੂਤ ਹੋਇਆ ਹੈ। ਇਸ ਲਈ ਫਿਲਹਾਲ ਰੈਪੋ ਰੇਟ ਵਧਣ ਦੀ ਸੰਭਾਵਨਾ ਘੱਟ ਹੀ ਹੈ। ਪਿਛਲੀ 5 ਅਕਤੂਬਰ ਦੀ ਬੈਠਕ 'ਚ ਰਿਜ਼ਰਵ ਬੈਂਕ (ਆਰ. ਬੀ. ਆਈ.) ਨੇ ਰੈਪੋ ਰੇਟ 6.5 ਫੀਸਦੀ 'ਤੇ ਬਰਕਰਾਰ ਰੱਖਣ ਦਾ ਫੈਸਲਾ ਕੀਤਾ ਸੀ।
ਬ੍ਰੈਂਟ ਕੱਚਾ ਤੇਲ ਤਕਰੀਬਨ ਦੋ ਮਹੀਨਿਆਂ 'ਚ 30 ਫੀਸਦੀ ਸਸਤਾ ਤੇ ਰੁਪਿਆ 5 ਫੀਸਦੀ ਮਜਬੂਤ ਹੋਇਆ ਹੈ। ਅਕਤੂਬਰ ਦੇ ਪਹਿਲੇ ਹਫਤੇ 'ਚ ਕੱਚਾ ਤੇਲ 86 ਡਾਲਰ ਦੇ ਪਾਰ ਚਲਾ ਗਿਆ ਸੀ। ਸ਼ੁੱਕਰਵਾਰ ਨੂੰ ਇਹ ਤਕਰੀਬਨ 59 ਡਾਲਰ ਪ੍ਰਤੀ ਬੈਰਲ 'ਤੇ ਆ ਡਿੱਗਿਆ। ਓਧਰ ਸ਼ੁੱਕਰਵਾਰ ਨੂੰ ਇਕ ਡਾਲਰ ਦੀ ਕੀਮਤ ਵੀ ਘੱਟ ਕੇ 70.69 ਰੁਪਏ ਹੋ ਗਈ, ਜੋ 9 ਅਕਤੂਬਰ ਨੂੰ 74.39 ਰੁਪਏ ਦੇ ਰਿਕਾਰਡ ਪੱਧਰ 'ਤੇ ਪਹੁੰਚ ਗਈ ਸੀ।
ਡੀ. ਬੀ. ਐੱਸ. ਮੁਤਾਬਕ, ਕੱਚੇ ਤੇਲ ਦੀਆਂ ਕੀਮਤਾਂ 'ਚ ਨਰਮੀ ਬਣੇ ਰਹਿਣ ਦੀ ਸੰਭਾਵਨਾ ਹੈ। ਇਸ ਨਾਲ ਚਾਲੂ ਖਾਤਾ ਘਾਟਾ, ਰੈਵੇਨਿਊ ਘਾਟਾ ਅਤੇ ਮਹਿੰਗਾਈ ਦਰ ਵਧਣ ਦਾ ਰਿਸਕ ਘੱਟ ਹੋ ਗਿਆ ਹੈ। ਖੇਤੀ ਉਤਪਾਦਨ ਜ਼ਿਆਦਾ ਹੋਣ ਅਤੇ ਫਲ-ਸਬਜ਼ੀਆਂ ਦੀਆਂ ਕੀਮਤਾਂ 'ਚ ਗਿਰਾਵਟ ਨਾਲ ਖੁਰਾਕੀ ਪਦਾਰਥਾਂ ਦੀ ਮਹਿੰਗਾਈ ਨੂੰ ਕੰਟਰੋਲ ਕਰਨ 'ਚ ਮਦਦ ਮਿਲੇਗੀ। ਹਾਲਾਂਕਿ ਸਰਕਾਰ ਦੀ ਨਵੀਂ ਖਰੀਦ ਨੀਤੀ ਨਾਲ ਅਗਲੇ ਸਾਲ ਖੇਤੀ ਉਪਜ ਦੀਆਂ ਕੀਮਤਾਂ 'ਚ ਤੇਜ਼ੀ ਦੇਖਣ ਨੂੰ ਮਿਲ ਸਕਦੀ ਹੈ।
ਡੀ. ਬੀ. ਐੱਸ. ਨੇ ਇਸ ਵਿੱਤੀ ਸਾਲ ਲਈ ਮਹਿੰਗਾਈ ਦਰ ਦਾ ਅਨੁਮਾਨ ਵੀ 4.4 ਫੀਸਦੀ ਤੋਂ ਘਟਾ ਕੇ 4 ਫੀਸਦੀ ਕਰ ਦਿੱਤਾ ਹੈ। ਰਿਜ਼ਰਵ ਬੈਂਕ ਵਿਆਜ ਦਰਾਂ ਤੈਅ ਕਰਨ 'ਚ ਮਹਿੰਗਾਈ ਦਰ ਨੂੰ ਧਿਆਨ 'ਚ ਰੱਖਦਾ ਹੈ। ਅਕਤੂਬਰ 'ਚ ਇਹ 3.31 ਫੀਸਦੀ ਦਰਜ ਹੋਈ ਸੀ, ਜੋ ਸਤੰਬਰ 2017 ਦੇ ਬਾਅਦ ਸਭ ਤੋਂ ਘੱਟ ਹੈ। ਰਿਜ਼ਰਵ ਬੈਂਕ ਦਾ ਟੀਚਾ ਮਹਿੰਗਾਈ ਨੂੰ 4 ਫੀਸਦੀ ਤਕ ਕੰਟਰੋਲ 'ਚ ਰੱਖਣ ਦਾ ਹੈ। ਹਾਲਾਂਕਿ ਅਗਲੇ ਸਾਲ ਮਹਿੰਗਾਈ ਦਰ 4.2 ਫੀਸਦੀ ਤਕ ਜਾ ਸਕਦੀ ਹੈ। ਅਜਿਹੇ 'ਚ ਅਗਲੇ ਵਿੱਤੀ ਸਾਲ 'ਚ ਰਿਜ਼ਰਵ ਬੈਂਕ ਵਿਆਜ ਦਰਾਂ 'ਚ ਵਾਧਾ ਕਰ ਸਕਦਾ ਹੈ।