ਸਬਜ਼ੀ ਦੀਆਂ ਕੀਮਤਾਂ ਵਧਣ ਕਰਕੇ ਰਿਜ਼ਰਵ ਬੈਂਕ ਨੇ ਦੂਜੀ ਛਿਮਾਹੀ ਲਈ ਮਹਿੰਗਾਈ ਦਾ ਅਨੁਮਾਨ ਵਧਾਇਆ

12/05/2019 6:01:37 PM

ਮੁੰਬਈ — ਭਾਰਤੀ ਰਿਜ਼ਰਵ ਬੈਂਕ ਨੇ ਚਾਲੂ ਵਿੱਤੀ ਸਾਲ ਦੀ ਦੂਜੀ ਛਿਮਾਹੀ ਲਈ ਆਪਣੇ ਮਹਿੰਗਾਈ ਦੇ ਅਨੁਮਾਨ ਨੂੰ ਵਧਾ ਕੇ 5.1-4.7 ਫੀਸਦੀ ਕਰ ਦਿੱਤਾ ਹੈ। ਮੁੱਖ ਤੌਰ 'ਤੇ ਪਿਆਜ਼ ਅਤੇ ਟਮਾਟਰ ਵਰਗੀਆਂ ਸਬਜ਼ੀਆਂ ਦੀਆਂ ਕੀਮਤਾਂ ਵਿਚ ਵਾਧੇ ਨੂੰ ਦੇਖਦੇ ਹੋਏ ਕੇਂਦਰੀ ਬੈਂਕ ਨੇ ਮਹਿੰਗਾਈ ਦੇ ਅਨੁਮਾਨ ਨੂੰ ਵਧਾਇਆ ਹੈ। ਰਿਜ਼ਰਵ ਬੈਂਕ ਨੇ ਇਸ ਤੋਂ ਪਹਿਲਾਂ ਚਾਲੂ ਵਿੱਤੀ ਸਾਲ ਦੀ ਦੂਜੀ ਛਿਮਾਹੀ ਵਿਚ ਪ੍ਰਚੂਨ ਮਹਿੰਗਾਈ 3.5 ਤੋਂ 3.7 ਪ੍ਰਤੀਸ਼ਤ ਰਹਿਣ ਦਾ ਅੰਦਾਜ਼ਾ ਲਗਾਇਆ ਸੀ। ਰਿਜ਼ਰਵ ਬੈਂਕ ਨੇ ਵੀਰਵਾਰ ਨੂੰ ਮੌਜੂਦਾ ਵਿੱਤੀ ਸਾਲ ਦੀ ਪੰਜਵੀਂ ਦੋ-ਮਹੀਨੇਵਾਰ ਮੁਦਰਾ ਸਮੀਖਿਆ ਵਿਚ ਕਿਹਾ, “'ਆਉਣ ਵਾਲੇ ਸਮੇਂ 'ਚ ਮਹਿੰਗਾਈ ਦੇ ਨਜ਼ਰੀਏ ਨੂੰ ਕਈ ਕਾਰਕ ਪ੍ਰਭਾਵਤ ਕਰਨਗੇ। ਸਬਜ਼ੀਆਂ ਦੀਆਂ ਕੀਮਤਾਂ 'ਚ ਤੇਜ਼ੀ ਆਉਣ ਵਾਲੇ ਮਹੀਨਿਆਂ ਵਿਚ ਜਾਰੀ ਰਹਿ ਸਕਦੀ ਹੈ। ਹਾਲਾਂਕਿ, ਸਾਉਣੀ ਦੀ ਫਸਲ ਦੀ ਆਮਦ ਵਿਚ ਵਾਧਾ ਅਤੇ ਦਰਾਮਦਾਂ ਰਾਹੀਂ ਸਪਲਾਈ ਵਧਾਉਣ ਦੀਆਂ ਸਰਕਾਰ ਦੀਆਂ ਕੋਸ਼ਿਸ਼ਾਂ ਨਾਲ ਫਰਵਰੀ 2020 ਦੀ ਸ਼ੁਰੂਆਤ ਵਿਚ ਸਬਜ਼ੀਆਂ ਦੀਆਂ ਕੀਮਤਾਂ ਵਿਚ ਕਮੀ ਆਵੇਗੀ। ”ਕੇਂਦਰੀ ਬੈਂਕ ਨੇ ਕਿਹਾ ਕਿ ਦੁੱਧ, ਦਾਲਾਂ ਅਤੇ ਖੰਡ ਵਰਗੀਆਂ ਖਾਣ ਪੀਣ ਦੀਆਂ ਵਸਤੂਆਂ ਦੀਆਂ ਕੀਮਤਾਂ 'ਤੇ ਜਿਹੜਾ ਸ਼ੁਰੂਆਤੀ ਦਬਾਅ ਦਿਖਾਈ ਦੇ ਰਿਹਾ ਹੈ ਉਹ ਅਜੇ ਕਾਇਮ ਰਹੇਗਾ। ਇਸਦਾ ਅਸਰ ਖੁਰਾਕੀ ਮੁਦਰਾਸਫਿਤੀ ਉੱਤੇ ਪਵੇਗਾ। ਅਕਤੂਬਰ ਵਿਚ ਪ੍ਰਚੂਨ ਮਹਿੰਗਾਈ ਦਰ ਵਧ ਕੇ 4.6 ਪ੍ਰਤੀਸ਼ਤ ਹੋ ਗਈ। ਮੁੱਖ ਤੌਰ 'ਤੇ ਖੁਰਾਕੀ ਵਸਤੂਆਂ ਮਹਿੰਗੀਆਂ ਹੋਣ ਕਾਰਨ ਪ੍ਰਚੂਨ ਮੁਦਰਾਸਫਿਤੀ ਵਧੀ ਹੈ। ਖਪਤਕਾਰ ਮੁੱਲ ਸੂਚਕਾਂਕ (ਸੀਪੀਆਈ) ਨੂੰ ਪ੍ਰਭਾਵਿਤ ਕਰਨ ਵਿਚ ਖੁਰਾਕੀ ਮਹਿੰਗਾਈ ਦਾ ਵੱਡਾ ਯੋਗਦਾਨ ਰਿਹਾ। ਖੁਰਾਕੀ ਮਹਿੰਗਾਈ ਦਰ ਅਕਤੂਬਰ ਮਹੀਨੇ ਵਿਚ ਵੱਧ ਕੇ 6.9 ਪ੍ਰਤੀਸ਼ਤ ਹੋ ਗਈ ਜਿਹੜੀ ਕਿ 39 ਮਹੀਨਿਆਂ ਦਾ ਉੱਚ ਪੱਧਰ ਹੈ। ਖ਼ਾਸ ਕਰਕੇ ਸਤੰਬਰ ਵਿਚ ਪਿਆਜ਼ ਦੀਆਂ ਕੀਮਤਾਂ ਜਿਥੇ 45.3 ਫੀਸਦੀ ਚੜ੍ਹ ਗਈਆਂ ਉਥੇ ਅਕਤੂਬਰ ਵਿਚ ਇਸ 'ਚ 19.6 ਫੀਸਦੀ ਦਾ ਵਾਧਾ ਹੋਇਆ। ਇਸਦੇ ਨਾਲ ਹੀ ਫਲ, ਦੁੱਧ, ਦਾਲਾਂ ਅਤੇ ਅਨਾਜ ਦੀਆਂ ਕੀਮਤਾਂ ਵਿਚ ਵਾਧਾ ਹੋਇਆ ਹੈ। ਇਨ੍ਹਾਂ ਦੇ ਵਾਧੇ ਪਿੱਛੇ ਕਈ ਕਾਰਨ ਸਾਹਮਣੇ ਆਉਂਦੇ ਹਨ। ਦੁੱਧ ਦੇ ਮਾਮਲੇ 'ਚ ਚਾਰੇ ਦੀਆਂ ਕੀਮਤਾਂ ਵਿਚ ਵਾਧਾ ਹੋਣਾ ਹੈ। ਦਾਲਾਂ ਦੇ ਉਤਪਾਦਨ 'ਚ ਕਮੀ ਦਾ ਕਾਰਨ ਬਿਜਾਈ ਯੋਗ ਘੱਟ ਰਿਹਾ ਖੇਤਰਫਲ ਦੱਸਿਆ ਜਾ ਰਿਹਾ ਹੈ। 
 


Related News