ਰਿਜ਼ਰਵ ਬੈਂਕ ਨੇ ਕਰਜ਼ਾ ਦੇਣ ਵਾਲੀਆਂ ਸੰਸਥਾਵਾਂ ਨੂੰ ਵਿਆਜ ''ਤੇ ਵਿਆਜ ਮੁਆਫੀ ਲਾਗੂ ਕਰਨ ਲਈ ਕਿਹਾ
Tuesday, Oct 27, 2020 - 06:03 PM (IST)
ਮੁੰਬਈ (ਭਾਸ਼ਾ) — ਭਾਰਤੀ ਰਿਜ਼ਰਵ ਬੈਂਕ (ਆਰ.ਬੀ.ਆਈ.) ਨੇ ਮੰਗਲਵਾਰ ਨੂੰ ਸਾਰੀਆਂ ਕਰਜ਼ਾ ਦੇਣ ਵਾਲੀਆਂ ਸੰਸਥਾਵਾਂ ਨੂੰ 2 ਕਰੋੜ ਰੁਪਏ ਤੱਕ ਦੇ ਕਰਜ਼ਿਆਂ ਲਈ ਹਾਲ ਹੀ ਵਿਚ ਐਲਾਨੀ ਵਿਆਜ ਮੁਆਫੀ ਸਕੀਮ ਨੂੰ ਲਾਗੂ ਕਰਨ ਲਈ ਕਿਹਾ ਹੈ। ਇਸ ਯੋਜਨਾ ਦੇ ਤਹਿਤ ਦੋ ਕਰੋੜ ਰੁਪਏ ਤੱਕ ਦੇ ਕਰਜ਼ੇ 'ਤੇ ਵਿਆਜ ਦੇ ਉੱਪਰ ਲੱਗਣ ਵਾਲੇ ਵਿਆਜ 1 ਮਾਰਚ, 2020 ਤੋਂ ਛੇ ਮਹੀਨਿਆਂ ਲਈ ਮੁਆਫ ਕੀਤੇ ਜਾਣਗੇ।
ਸਰਕਾਰ ਨੇ ਯੋਗ ਲੋਨ ਖਾਤਿਆਂ ਲਈ ਮਿਸ਼ਰਿਤ ਵਿਆਜ ਅਤੇ ਸਧਾਰਣ ਵਿਆਜ ਦੇ ਫਰਕ ਦਾ ਭੁਗਤਾਨ ਕਰਨ ਲਈ ਇੱਕ ਗਰਾਂਟ ਸਕੀਮ ਦੀ 23 ਅਕਤੂਬਰ ਨੂੰ ਘੋਸ਼ਣਾ ਕੀਤੀ ਸੀ। ਸਰਕਾਰ ਨੇ ਸਾਰੇ ਬੈਂਕਾਂ ਨੂੰ 5 ਨਵੰਬਰ ਤੱਕ ਮਿਸ਼ਰਿਤ ਵਿਆਜ ਅਤੇ ਸਾਧਾਰਣ ਵਿਆਜ ਦਰਮਿਆਨ ਅੰਤਰ ਕਰਜ਼ਾ ਲੈਣ ਵਾਲਿਆਂ ਦੇ ਖਾਤੇ ਵਿਚ ਜਮ੍ਹਾ ਕਰਵਾਉਣ ਲਈ ਕਿਹਾ ਸੀ।
ਰਿਜ਼ਰਵ ਬੈਂਕ ਨੇ ਇੱਕ ਨੋਟੀਫਿਕੇਸ਼ਨ ਵਿਚ ਕਿਹਾ, 'ਸਾਰੀਆਂ ਕਰਜ਼ਾ ਦੇਣ ਵਾਲੀਆਂ ਸੰਸਥਾਵਾਂ ਨੂੰ ਯੋਜਨਾ ਦੇ ਪ੍ਰਬੰਧਾਂ ਅਨੁਸਾਰ ਸੇਧ ਲੈਣ ਅਤੇ ਨਿਰਧਾਰਤ ਸਮੇਂ ਦੇ ਅੰਦਰ ਲੋੜੀਂਦੀ ਕਾਰਵਾਈ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ।'