RBI ਗਵਰਨਰ ਸ਼ਕਤੀਕਾਂਤ ਦਾਸ ਦੀ ਸਿਹਤ 'ਚ ਸੁਧਾਰ, ਹਸਪਤਾਲ ਤੋਂ ਮਿਲੀ ਛੁੱਟੀ
Wednesday, Nov 27, 2024 - 05:50 AM (IST)
ਚੇਨਈ - ਭਾਰਤੀ ਰਿਜ਼ਰਵ ਬੈਂਕ ਦੇ ਗਵਰਨਰ ਸ਼ਕਤੀਕਾਂਤ ਦਾਸ ਨੂੰ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ ਹੈ। ਬੀਤੀ ਰਾਤ (25 ਨਵੰਬਰ) ਉਨ੍ਹਾਂ ਦੀ ਤਬੀਅਤ ਅਚਾਨਕ ਵਿਗੜ ਜਾਣ ਕਾਰਨ ਉਨ੍ਹਾਂ ਨੂੰ ਚੇਨਈ ਦੇ ਅਪੋਲੋ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਸੀ। ਇਸ ਗੱਲ ਦੀ ਪੁਸ਼ਟੀ ਤਾਮਿਲਨਾਡੂ ਪੁਲਸ ਨੇ ਕੀਤੀ ਹੈ। ਦੱਸਿਆ ਗਿਆ ਕਿ ਦਾਸ ਨੂੰ ਛਾਤੀ ਵਿੱਚ ਹਲਕੀ ਤਕਲੀਫ਼ ਕਾਰਨ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ।
ਇਸ ਤੋਂ ਬਾਅਦ 26 ਨਵੰਬਰ ਦੀ ਸਵੇਰ ਨੂੰ ਹਸਪਤਾਲ ਪ੍ਰਸ਼ਾਸਨ ਵੱਲੋਂ ਸੂਚਨਾ ਜਾਰੀ ਕੀਤੀ ਗਈ ਕਿ ਉਹ ਜ਼ੇਰੇ ਇਲਾਜ ਹਨ। ਪੀਟੀਆਈ ਨੇ ਦੱਸਿਆ ਸੀ ਕਿ ਉਨ੍ਹਾਂ ਨੂੰ ਐਸੀਡਿਟੀ ਦੀ ਸਮੱਸਿਆ ਹੈ ਅਤੇ ਇਸ ਲਈ ਉਨ੍ਹਾਂ ਨੂੰ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ। ਖ਼ਬਰਾਂ ਵਿੱਚ ਇਹ ਵੀ ਕਿਹਾ ਗਿਆ ਸੀ ਕਿ ਉਹ ਕੁਝ ਘੰਟਿਆਂ ਵਿੱਚ ਘਰ ਵਾਪਸ ਆ ਜਾਣਗੇ।
ਅਜਿਹੇ 'ਚ ਚੇਨਈ ਦੇ ਅਪੋਲੋ ਹਸਪਤਾਲ ਪ੍ਰਸ਼ਾਸਨ ਨੇ ਸ਼ਕਤੀਕਾਂਤ ਦਾਸ ਦੀ ਸਿਹਤ ਦੀ ਹਾਲਤ 'ਤੇ ਰਿਪੋਰਟ ਜਾਰੀ ਕੀਤੀ ਸੀ। ਦੱਸਿਆ ਗਿਆ ਕਿ ਰਿਜ਼ਰਵ ਬੈਂਕ ਗਵਰਨਰ ਦੀ ਸਿਹਤ 'ਚ ਸੁਧਾਰ ਹੋ ਰਿਹਾ ਹੈ। ਉਨ੍ਹਾਂ ਨੂੰ ਬੀਤੀ ਰਾਤ ਐਸਿਡਿਟੀ ਦੀ ਸਮੱਸਿਆ ਕਾਰਨ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਸੀ। ਅਪੋਲੋ ਹਸਪਤਾਲ ਨੇ ਇਹ ਵੀ ਕਿਹਾ ਸੀ ਕਿ ਉਹ ਡਾਕਟਰਾਂ ਦੀ ਨਿਗਰਾਨੀ ਹੇਠ ਹਨ ਅਤੇ ਜਲਦੀ ਹੀ ਘਰ ਪਰਤ ਜਾਣਗੇ। ਇਸ ਦੌਰਾਨ ਚੇਨਈ ਦੇ ਅਪੋਲੋ ਹਸਪਤਾਲ ਦੇ ਸੂਤਰਾਂ ਨੇ ਦੱਸਿਆ ਕਿ ਸ਼ਕਤੀਕਾਂਤ ਦਾਸ ਨੂੰ ਇਲਾਜ ਪੂਰਾ ਕਰਨ ਤੋਂ ਬਾਅਦ ਅੱਜ ਸ਼ਾਮ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ।