RBI ਦੀ ਇਸ ਬੈਂਕ 'ਤੇ ਪਾਬੰਦੀ, ਸਿਰਫ 1000 ਰੁ: ਕਢਾ ਸਕਣਗੇ ਖਾਤਾਧਾਰਕ

Saturday, Oct 03, 2020 - 07:26 PM (IST)

RBI ਦੀ ਇਸ ਬੈਂਕ 'ਤੇ ਪਾਬੰਦੀ, ਸਿਰਫ 1000 ਰੁ: ਕਢਾ ਸਕਣਗੇ ਖਾਤਾਧਾਰਕ

ਨਵੀਂ ਦਿੱਲੀ—  ਪੰਜਾਬ ਐਂਡ ਮਹਾਰਾਸ਼ਟਰ ਕੋ-ਆਪਰੇਟਿਵ (ਪੀ. ਐੱਮ. ਸੀ.) ਬੈਂਕ ਦੀ ਤਰਜ 'ਤੇ ਆਰ. ਬੀ. ਆਈ. ਦੀ ਪਾਬੰਦੀ ਕਾਰਨ ਇਕ ਸਹਿਕਾਰੀ ਬੈਂਕ ਇਸ ਵਕਤ ਕਾਫ਼ੀ ਚਰਚਾ 'ਚ ਹੈ, ਜਿਸ 'ਤੇ ਭਾਰਤੀ ਰਿਜ਼ਰਵ ਬੈਂਕ (ਆਰ. ਬੀ. ਆਈ.) ਨੇ ਮਈ 2019 ਤੋਂ ਲਾਈ ਕਈ ਤਰ੍ਹਾਂ ਦੀ ਪਾਬੰਦੀ ਹੋਰ ਅੱਗੇ ਲਈ ਵਧਾ ਦਿੱਤੀ ਹੈ ਅਤੇ ਖਾਤਾਧਾਰਕ ਹੁਣ ਵੀ ਸਿਰਫ 1,000 ਰੁਪਏ ਹੀ ਕਢਾ ਸਕਦੇ ਹਨ।

ਇਹ ਸਹਿਕਾਰੀ ਬੈਂਕ ਮਹਾਰਾਸ਼ਟਰ ਦੇ ਪੁਣੇ ਦਾ ਹੈ। ਆਰ. ਬੀ. ਆਈ. ਨੇ ਮਹਾਰਾਸ਼ਟਰ ਦੇ ਪੁਣੇ 'ਚ ਸਥਿਤ ਸ਼ਿਵਾਜੀ ਰਾਓ ਭੋਸਲੇ ਸਹਿਕਾਰੀ ਬੈਂਕ ਲਿਮਟਿਡ 'ਤੇ ਲਾਗੂ ਪਾਬੰਦੀ ਨੂੰ ਦੋ ਮਹੀਨਿਆਂ ਲਈ ਵਧਾ ਦਿੱਤਾ ਹੈ।

ਹੁਣ ਇਸ ਸਹਿਕਾਰੀ ਬੈਂਕ 'ਤੇ ਲੱਗੀ ਪਾਬੰਦੀ 4 ਦਸੰਬਰ 2020 ਤੱਕ ਲਾਗੂ ਰਹੇਗੀ। ਆਰ. ਬੀ. ਆਈ. ਦੇ ਹੁਕਮਾਂ ਅਨੁਸਾਰ ਇਸ ਸਹਿਕਾਰੀ ਬੈਂਕ ਦੇ ਕੰਮਕਾਜ 'ਤੇ ਚਾਰ ਮਈ 2019 ਤੋਂ ਪਾਬੰਦੀ ਲੱਗੀ ਹੋਈ ਹੈ। ਇਹ ਪਾਬੰਦੀ 6 ਮਹੀਨਿਆਂ ਲਈ ਲਾਈ ਗਈ ਸੀ, ਜਿਸ ਨੂੰ ਵਧਾ ਕੇ 4 ਅਕਤੂਬਰ ਤੱਕ ਕਰ ਦਿੱਤਾ ਗਿਆ ਸੀ ਅਤੇ ਹੁਣ ਇਸ ਸਾਲ ਇਸ ਨੂੰ ਵਧਾ ਕੇ 4 ਦਸੰਬਰ 2020 ਤੱਕ ਕਰ ਦਿੱਤਾ ਗਿਆ ਹੈ।

ਰਿਜ਼ਰਵ ਬੈਂਕ ਨੇ ਬੈਂਕਿੰਗ ਨਿਗਰਾਨ ਨਿਯਮ 1949 ਦੀ ਧਾਰਾ 35ਏ ਦੀ ਉਪਧਾਰਾ (1) ਅਤੇ ਧਾਰਾ 56 ਤਹਿਤ ਸ਼ਿਵਾਜੀ ਰਾਓ ਭੋਸਲੇ ਸਹਿਕਾਰੀ ਬੈਂਕ 'ਤੇ ਇਹ ਪਾਬੰਦੀਆਂ ਲਾਈਆਂ ਹਨ। ਇਨ੍ਹਾਂ ਪਾਬੰਦੀਆਂ ਤਹਿਤ ਆਰ. ਬੀ. ਆਈ. ਨੇ ਕਿਸੇ ਨਿਕਾਸੀ, ਜਮ੍ਹਾ ਲੈਣ, ਕਰਜ਼ ਦੇਣ, ਕੋਈ ਨਿਵੇਸ਼ ਕਰਨ ਜਾਂ ਹੋਰ ਕਿਸੇ ਤਰ੍ਹਾਂ ਦੇ ਭੁਗਤਾਨ 'ਤੇ ਰੋਕ ਲਾ ਦਿੱਤੀ ਹੈ। ਹਾਲਾਂਕਿ, ਬੈਂਕ ਦੇ ਗਾਹਕ 1,000 ਰੁਪਏ ਤੱਕ ਕਢਾ ਸਕਦੇ ਹਨ।


author

Sanjeev

Content Editor

Related News