RBI ਨੇ ਡਿਫਾਲਟਰਾਂ ਦੇ ਰੁਪਏ ਵਾਪਸ ਆਉਣ ਦੀ ਉਮੀਦ ਛੱਡੀ, ਵੱਟੇ ਖਾਤੇ 'ਚ ਪਾਏ 68 ਹਜ਼ਾਰ ਕਰੋੜ ਰੁਪਏ

04/29/2020 11:19:12 AM

ਮੁੰਬਈ - ਰਿਜ਼ਰਵ ਬੈਂਕ ਨੇ ਦੇਸ਼ ਦੇ 50 ਸਭ ਤੋਂ ਵੱਡੇ ਡਿਫਾਲਟਰ ਜਿਨ੍ਹਾਂ ਨੇ ਬੈਂਕਾਂ ਤੋਂ ਕਰਜ਼ਾ ਲਿਆ ਹੈ, ਹੁਣ ਉਹ ਪੈਸੇ ਵਾਪਸ ਆਉਣ ਦੀ ਉਮੀਦ ਛੱਡ ਦਿੱਤੀ ਹੈ। ਬੈਂਕਾਂ ਨੇ ਇਨ੍ਹਾਂ ਲੋਕਾਂ ਦੇ ਕੋਲ ਕਰਜ਼ੇ ਦੇ ਰੂਪ ਵਿਚ ਫੱਸੇ 68,607 ਕਰੋੜ ਰੁਪਏ ਨੂੰ ਤਕਨੀਕੀ ਤੌਰ 'ਤੇ ਰਾਈਟ ਆਫ(ਵੱਟੇ ਖਾਤੇ ਵਿਚ ਪਾਏ) ਕਰ ਦਿੱਤੇ ਹਨ। ਇਸ ਸੂਚੀ ਵਿਚ ਭਗੌੜਾ ਹੀਰਾ ਵਪਾਰੀ ਮੇਹੁਲ ਚੋਕਸੀ ਪਹਿਲੇ ਨੰਬਰ 'ਤੇ ਹੈ, ਜਦੋਂਕਿ ਭਗੌੜੇ ਸ਼ਰਾਬ ਕਾਰੋਬਾਰੀ ਵਿਜੇ ਮਾਲਿਆ ਦਾ ਨਾਮ ਵੀ ਇਸ ਵਿਚ ਸ਼ਾਮਲ ਹੈ।

ਦਰਅਸਲ, ਇਹ ਖੁਲਾਸਾ ਰਿਜ਼ਰਵ ਬੈਂਕ ਆਫ ਇੰਡੀਆ (ਆਰ.ਬੀ.ਆਈ.) ਵਲੋਂ ਆਰ.ਟੀ.ਆਈ. ਕਾਰਜਕਰਤਾ ਸਾਕੇਤ ਗੋਖਲੇ ਦੀ ਇੱਕ ਰਿੱਟ 'ਤੇ ਦਿੱਤੇ ਗਏ ਜਵਾਬ ਤੋਂ ਹੋਇਆ ਹੈ। ਗੋਖਲੇ ਨੇ ਸੂਚਨਾ ਦੇ ਅਧਿਕਾਰ ਕਾਨੂੰਨ (ਆਰਟੀਆਈ) ਦੇ ਤਹਿਤ ਆਰ.ਬੀ.ਆਈ. ਤੋਂ ਦੇਸ਼ ਦੇ 50 ਚੋਟੀ ਦੇ ਵਿਲਫੁੱਲ ਡਿਫਾਲਟਰ (ਜਾਣਬੁੱਝ ਕੇ ਕਰਜ਼ੇ ਦਾ ਭੁਗਤਾਨ ਨਾ ਕਰਨ ਵਾਲੇ) ਬਾਰੇ ਜਾਣਕਾਰੀ ਮੰਗੀ ਸੀ। ਇਸ ਦੇ ਨਾਲ ਹੀ ਇਨ੍ਹਾਂ ਦੇ ਕਰਜ਼ੇ ਦੀ 16 ਫਰਵਰੀ ਤੱਕ ਦੀ ਮੌਜੂਦਾ ਸਥਿਤੀ ਬਾਰੇ ਪੁੱਛਿਆ ਗਿਆ ਸੀ। ਗੋਖਲੇ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਆਰ.ਟੀ.ਆਈ. ਇਸ ਕਾਰਨ ਦਾਇਰ ਕੀਤੀ ਸੀ ਕਿਉਂਕਿ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਅਤੇ ਵਿੱਤ ਰਾਜ ਮੰਤਰੀ ਅਨੁਰਾਗ ਠਾਕੁਰ ਨੇ 16 ਫਰਵਰੀ ਨੂੰ ਬਜਟ ਸੈਸ਼ਨ ਦੌਰਾਨ ਇੱਕ Starred Questions ਹੇਠ ਕਾਂਗਰਸ ਦੇ ਸੰਸਦ ਮੈਂਬਰ ਰਾਹੁਲ ਗਾਂਧੀ ਵੱਲੋਂ ਪੁੱਛੇ ਜਾਣ 'ਤੇ ਇਹ ਜਾਣਕਾਰੀ ਦੇਣ ਤੋਂ ਇਨਕਾਰ ਕਰ ਦਿੱਤਾ ਸੀ।

ਗੋਖਲੇ ਨੇ ਕਿਹਾ ਜਿਹੜੀ ਜਾਣਕਾਰੀ ਸਰਕਾਰ ਨੇ ਮੁਹੱਈਆ ਨਹੀਂ ਕਰਵਾਈ, ਆਰਬੀਆਈ ਦੇ ਕੇਂਦਰੀ ਲੋਕ ਸੂਚਨਾ ਅਧਿਕਾਰੀ ਅਭੈ ਕੁਮਾਰ ਨੇ 24 ਅਪ੍ਰੈਲ ਨੂੰ ਦਿੱਤੀ। ਆਰ.ਬੀ.ਆਈ. ਨੇ ਕਿਹਾ ਕਿ 30 ਸਤੰਬਰ, 2019 ਤੱਕ ਇਨ੍ਹਾਂ ਜਾਣਬੁੱਝ ਕੇ ਡਿਫਾਲਟਰਾਂ ਦਾ 68,607 ਕਰੋੜ ਰੁਪਏ ਦਾ ਬਕਾਇਆ ਸੀ। ਇਸ ਰਕਮ ਨੂੰ ਤਕਨੀਕੀ ਤੌਰ ਤੇ ਰਾਈਟ ਆਫ ਕਰ ਦਿੱਤਾ ਗਿਆ। ਹਾਲਾਂਕਿ ਆਰ.ਬੀ.ਆਈ. ਨੇ ਸੁਪਰੀਮ ਕੋਰਟ ਦੇ 16 ਦਸੰਬਰ, 2015 ਦੇ ਫੈਸਲੇ ਦਾ ਹਵਾਲਾ ਦਿੰਦੇ ਹੋਏ, ਵਿਦੇਸ਼ੀ ਡਿਫਾਲਟਰਾਂ ਦੇ ਨਾਮ ਲੈਣ ਤੋਂ ਇਨਕਾਰ ਕਰ ਦਿੱਤਾ।

ਵਿਲਫੁੱਲ ਡਿਫਾਲਟਰ (willful defaulter)

ਕੋਈ ਵੀ ਵਿਅਕਤੀ ਜਾਂ ਕੰਪਨੀ ਜਿਸਦੇ ਕੋਲ ਲੋਨ ਦਾ ਭੁਗਤਾਨ ਕਰਨ ਰਕਮ ਤਾਂ ਹੋਵੇ ਪਰ ਉਹ ਆਪਣੀ ਮਰਜ਼ੀ ਨਾਲ ਬੈਂਕ ਦਾ ਕਰਜ਼ਾ ਵਾਪਸ ਨਾ ਕਰਨ। ਜੇਕਰ ਬੈਂਕ ਇਨ੍ਹਾਂ ਵਿਰੁੱਧ ਅਦਾਲਤ ਜਾਏ ਤਾਂ ਅਜਿਹੇ ਵਿਅਕਤੀ ਜਾਂ ਕੰਪਨੀ ਨੂੰ ਵਿਲਫੁਲ ਡਿਫਾਲਟਰ ਕਿਹਾ ਜਾਂਦਾ ਹੈ।

ਇਹ ਹਨ ਦੇਸ਼ ਦੇ ਤਿੰਨ ਵੱਡੇ ਡਿਫਾਲਟਰ


ਮੇਹੁਲ ਚੋਕਸੀ 'ਤੇ 5492 ਕਰੋੜ ਰੁਪਏ ਬਕਾਇਆ 

ਪੰਜਾਬ ਨੈਸ਼ਨਲ ਬੈਂਕ ਦੇ 14,000 ਕਰੋੜ ਰੁਪਏ ਦੇ ਘਪਲੇ ਦੇ ਦੋਸ਼ੀ ਮੇਹੁਲ ਚੋਕਸੀ ਨੇ ਆਪਣੇ ਭਤੀਜੇ ਨੀਰਵ ਮੋਦੀ ਨਾਲ ਮਿਲ ਕੇ ਦੇਸ਼ ਤੋਂ ਫਰਾਰ ਹੋਣ ਤੋਂ ਬਾਅਦ ਕੈਰੇਬੀਅਨ ਦੇਸ਼ ਐਂਟੀਗੁਆ ਅਤੇ ਬਾਰਬਾਡੋਸ ਦੀ ਨਾਗਰਿਕਤਾ ਲੈ ਲਈ। ਚੌਕਸੀ ਦੀ ਕੰਪਨੀ ਗੀਤਾਂਜਲੀ ਜੈਮਜ਼ ਲਿਮਟਿਡ 'ਤੇ 5492 ਕਰੋੜ ਰੁਪਏ ਦਾ ਕਰਜ਼ਾ ਰਾਈਟ ਆਫ ਕੀਤਾ ਗਿਆ ਹੈ। ਉਸ ਦੇ ਸਮੂਹ ਦੀ ਜਿਲੀ ਇੰਡੀਆ ਲਿਮਟਿਡ ਉੱਤੇ 1447 ਕਰੋੜ ਰੁਪਏ ਅਤੇ ਨਕਸ਼ਤਰਾ ਬ੍ਰਾਂਡਜ਼ ਲਿਮਟਿਡ ਉੱਤੇ 1109 ਕਰੋੜ ਰੁਪਏ ਦਾ ਕਰਜ਼ਾ ਹੈ। ਤਿੰਨਾਂ ਕੰਪਨੀਆਂ ਦੇ ਸਾਂਝੇ ਤੌਰ ਤੇ ਚੌਕਸੀ ਉੱਤੇ 8100 ਕਰੋੜ ਰੁਪਏ ਤੋਂ ਵੱਧ ਦੇ ਬਕਾਏ ਹਨ। ਚੌਕਸੀ ਦਾ ਭਤੀਜਾ ਨੀਰਵ ਮੋਦੀ ਇਸ ਸਮੇਂ ਲੰਡਨ ਵਿਚ ਹੈ।

ਜਤਿਨ ਮਹਿਤਾ 'ਤੇ 4076 ਕਰੋੜ ਰੁਪਏ ਬਕਾਇਆ

ਜਤਿਨ ਮਹਿਤਾ ਵੀ ਇਕ ਹੀਰਾ ਵਪਾਰੀ ਹੈ। ਮਹਿਤਾ ਅਤੇ ਉਸ ਦੀ ਕੰਪਨੀ ਵਿਨਸਮ ਡਾਇਮੰਡਸ ਅਤੇ ਜਵੈਲਰੀ ਦੇ ਖਿਲਾਫ ਸੀ.ਬੀ.ਆਈ. ਵਲੋਂ ਵੱਖ-ਵੱਖ ਬੈਂਕ ਧੋਖਾਧੜੀਆਂ ਨੂੰ ਲੈ ਕੇ ਜਾਂਚ ਕੀਤੀ ਜਾ ਰਹੀ ਹੈ।

ਸੰਦੀਪ ਝੁੰਨਝੁਨਵਾਲਾ ਅਤੇ ਸੰਜੇ ਝੁੰਨਝੁਨਵਾਲਾ: 4314 ਕਰੋੜ ਰੁਪਏ ਬਕਾਇਆ

ਆਰ.ਈ.ਆਈ. ਐਗਰੋ ਲਿਮਟਿਡ ਦੇ ਦੋਵੇਂ ਨਿਰਦੇਸ਼ਕਾਂ 'ਤੇ 4314 ਕਰੋੜ ਰੁਪਏ ਦਰਜ ਹਨ। ਦੋਵੇਂ ਲਗਭਗ ਇੱਕ ਸਾਲ ਤੋਂ ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਦੇ ਰਾਡਾਰ ਉੱਤੇ ਰਹੇ ਹਨ।

ਮਾਲਿਆ ਦੀ ਕਿੰਗਫਿਸ਼ਰ ਏਅਰਲਾਇੰਸ

ਸਟੇਟ ਬੈਂਕ ਆਫ ਇੰਡੀਆ ਦੇ ਸਮੂਹ ਵਾਲੇ ਬੈਂਕਾਂ ਕੋਲੋਂ 9 ਹਜ਼ਾਰ ਕਰੋੜ ਰੁਪਏ ਤੋਂ ਜ਼ਿਆਦਾ ਦਾ ਕਰਜ਼ਾ ਲੈ ਕੇ ਦਬਾਉਣ ਵਾਲੇ ਭਗੌੜੇ ਸ਼ਰਾਬ ਕਾਰੋਬਾਰੀ ਵਿਜੇ ਮਾਲਿਆ ਦੀ ਬੰਦ ਹੋ ਚੁੱਕੀ ਕੰਪਨੀ ਕਿੰਗਫਿਸ਼ਰ ਏਅਰ ਲਾਈਨਜ਼ ਲਿਮਟਿਡ ਦਾ ਨਾਮ ਵੀ ਹੈ। ਸੂਚੀ ਵਿਚ 9ਵੇਂ ਨੰਬਰ 'ਤੇ ਮੌਜੂਦ ਇਸ ਕੰਪਨੀ 'ਤੇ 1943 ਕਰੋੜ ਰੁਪਏ ਬਕਾਇਆ ਹੈ।

ਅਹਿਮਦਾਬਾਦ ਦੀ ਫਾਰਐਵਰ ਜਵੈਲਰੀ ਐਂਡ ਹੀਰਾ ਪ੍ਰਾਈਵੇਟ ਲਿਮਟਿਡ 'ਤੇ 1962 ਕਰੋੜ ਰੁਪਏ ਬਕਾਇਆ ਹਨ। 605 ਤੋਂ 984 ਕਰੋੜ ਰੁਪਏ ਤੱਕ ਦਾ ਕਰਜ਼ ਹਜਮ ਕਰਨ ਵਾਲੀ 25 ਕੰਪਨੀਆਂ ਸੂਚੀ ਵਿਚ ਹਨ। ਵਿੱਲਫੁੱਲ ਡਿਫਾਲਟਰਾਂ ਦੀ ਸਿਖਰ ਸੂਚੀ-50 ਵਿਚ 6 ਲੋਕ ਹੀਰਾ ਕਾਰੋਬਾਰ ਜਾਂ ਗਹਿਣਾ ਉਦਯੋਗ ਨਾਲ ਜੁੜੇ ਹਨ।

ਕਾਨਪੁਰ ਦੀ ਰੋਟੋਮੈਕ ਅਤੇ ਰੁਚੀ ਸੋਇਆ

ਕਰਜ਼ਦਾਰਾਂ ਦੀ ਸੂਚੀ ਵਿਚ 2000 ਕਰੋੜ ਰੁਪਏ ਤੋਂ ਜ਼ਿਆਦਾ ਹਜਮ ਕਰਨ ਵਾਲਿਆਂ ਵਿਚ ਕਾਨਪੁਰ ਦੀ ਪੈੱਨ ਨਿਰਮਾਤਾ ਕੰਪਨੀ ਰੋਟੋਮੈਕ ਗਲੋਬਲ ਪ੍ਰਾਈਵੇਟ ਲਿਮਟਿਡ ਦਾ ਨਾਮ ਹੈ। ਕੋਠਾਰੀ ਗਰੁੱਪ ਦੇ ਰੋਟੋਮੈਕ 'ਤੇ 2850 ਕਰੋੜ ਰੁਪਏ ਬਕਾਇਆ ਹਨ। ਇਸ ਦੇ ਨਾਲ ਹੀ ਇੰਦੌਰ ਸਥਿਤ ਰੁਚੀ ਸੋਇਆ ਇੰਡਸਟਰੀਜ਼ 'ਤੇ 2212 ਕਰੋੜ ਦਾ ਕਰਜ਼ਾ ਹੈ। ਹੁਣ ਇਸ ਕੰਪਨੀ ਦੀ ਮਾਲਕੀ ਪਤੰਜਲੀ ਕੋਲ ਹੈ। ਪੰਜਾਬ ਦੀ ਕੁਦੋਸ ਕੈਮੀ (2326 ਕਰੋੜ ਰੁਪਏ ਦਾ ਕਰਜ਼ਾ) ਅਤੇ ਗਵਾਲੀਅਰ ਦੇ ਜ਼ੂਮ ਡਿਵੈਲਪਰਜ਼ ਪ੍ਰਾਈਵੇਟ. ਲਿਮਟਿਡ (2012 ਕਰੋੜ ਦਾ ਕਰਜ਼ਾ) ਵੀ ਸ਼ਾਮਲ ਹੈ।


 


Harinder Kaur

Content Editor

Related News