RBI ਦੇ ਕਰਮਚਾਰੀ 4,5 ਸਤੰਬਰ ਨੂੰ ਕਰਨਗੇ ਸਮੂਹਿਕ ਹੜਤਾਲ

08/21/2018 3:29:51 PM

ਨਵੀਂ ਦਿੱਲੀ — ਰਿਜ਼ਰਵ ਬੈਂਕ ਦੇ ਅਧਿਕਾਰੀਆਂ ਅਤੇ ਕਰਮਚਾਰੀ ਯੂਨੀਅਨ ਦੇ ਸਾਂਝੇ ਫੋਰਮ ਨੇ ਸੋਮਵਾਰ ਨੂੰ ਕਿਹਾ ਕਿ ਉਨ੍ਹਾਂ ਦੇ ਮੈਂਬਰ ਪੈਨਸ਼ਨ ਨਾਲ ਸੰਬੰਧਤ ਲੰਮੇ ਸਮੇਂ ਤੋਂ ਚਲੀ ਆ ਰਹੀਆਂ ਆਪਣੀਆਂ ਮੰਗਾਂ ਨੂੰ ਲੈ ਕੇ 4 ਅਤੇ 5 ਸਤੰਬਰ ਨੂੰ ਸਮੂਹਿਕ ਰੂਪ ਨਾਲ ਬੈਂਕ ਬੰਦ ਰੱਖਣ ਦਾ ਐਲਾਨ ਕੀਤਾ ਹੈ। ਇਥੇ ਜਾਰੀ ਪ੍ਰੈੱਸ ਰਿਲੀਜ਼ ਅਨੁਸਾਰ ਸਾਂਝੇ ਫੋਰਮ ਦੇ ਮੈਂਬਰ ਰਿਜ਼ਰਵ ਬੈਂਕ ਦੇ ਦਫ਼ਤਰ ਸਾਹਮਣੇ ਖਾਮੋਸ਼(ਸ਼ਾਂਤ) ਪ੍ਰਦਰਸ਼ਨ ਕਰਨਗੇ।
ਰੀਲੀਜ਼ ਵਿਚ ਕਿਹਾ ਗਿਆ ਹੈ,'ਕੇਂਦਰ ਸਰਕਾਰ ਦੇ ਅਧਿਕਾਰੀਆਂ ਦੇ ਰਵੱਈਏ ਨੂੰ ਲੈ ਕੇ ਕਰਮਚਾਰੀਆਂ 'ਚ ਨਰਾਜ਼ਗੀ ਹੈ। ਕਰਮਚਾਰੀ ਲੰਮਾ ਇੰਤਜ਼ਾਰ ਕਰਨ ਤੋਂ ਬਾਅਦ ਆਪਣਾ ਧੀਰਜ ਗੁਆ ਰਹੇ ਹਨ। ਹੁਣ ਸਾਡੇ ਕੋਲ 2 ਦਿਨ ਦੀ ਹੜਤਾਲ ਤੋਂ ਇਲਾਵਾ ਕੋਈ ਵਿਕਲਪ ਨਹੀਂ ਬਚਿਆ ਹੈ। ਇਸ ਦੇ ਤਹਿਤ ਅਸੀਂ 4 ਅਤੇ 5 ਸਤੰਬਰ ਨੂੰ ਸਮੂਹਿਕ ਰੂਪ ਨਾਲ 2 ਦਿਨ ਦੀ ਆਮ ਛੁੱਟੀ ਲਵਾਂਗੇ।'
ਇਹ ਫੋਰਮ 27 ਅਗਸਤ ਨੂੰ ਰਿਜ਼ਰਵ ਬੈਂਕ ਦੇ ਸਾਰੇ ਕੇਂਦਰਾਂ ਦੇ ਖੇਤਰੀ ਡਾਇਰੈਕਟਰਾਂ ਨੂੰ ਮੈਮੋਰੰਡਮ ਸੌਂਪੇਗਾ। ਕਰਮਚਾਰੀਆਂ ਦੀ ਮੰਗ 'ਚ ਯੋਗਦਾਨ ਅਧਾਰਿਤ ਪ੍ਰੋਵੀਡੈਂਟ ਫੰਡ ਦੇ ਦਾਇਰੇ 'ਚ ਆਉਣ ਵਾਲਿਆਂ ਲਈ ਪੈਨਸ਼ਨ ਨੂੰ ਅਪਡੇਟ ਕਰਨਾ ਅਤੇ 2012 ਦੇ ਬਾਅਦ ਨਿਯੁਕਤ ਕਰਮਚਾਰੀਆਂ ਲਈ ਸੀ.ਪੀ.ਐੱਫ./ਵਾਧੂ ਪ੍ਰੋਵੀਡੈਂਟ ਫੰਡ ਦੇ ਲਾਭ ਨੂੰ ਸ਼ਾਮਲ ਕਰਨਾ ਹੈ।


Related News