'ਵਾਇਰਸ' ਕਾਰਨ ਗਲੋਬਲ ਬਾਜ਼ਾਰਾਂ 'ਚ ਹੜਕੰਪ, ਸਸਤੇ ਹੋ ਸਕਦੇ ਹਨ ਕਾਜੂ

02/24/2020 11:05:00 AM

ਨਵੀਂ ਦਿੱਲੀ—  ਬਾਜ਼ਾਰ 'ਚ ਜਲਦ ਹੀ ਕਾਜੂ ਸਸਤੇ ਹੋਣ ਦੀ ਸੰਭਾਵਨਾ ਹੈ। ਇਸ ਦਾ ਵਜ੍ਹਾ ਹੈ ਕਿ ਕੋਰੋਨਾ ਕਾਰਨ ਚੀਨ 'ਚ ਖਪਤ ਪ੍ਰਭਾਵਿਤ ਹੋਣ ਨਾਲ ਗਲੋਬਲ ਪੱਧਰ 'ਤੇ ਕਾਜੂ ਕੀਮਤਾਂ 'ਚ ਗਿਰਾਵਟ ਸ਼ੁਰੂ ਹੋ ਗਈ ਹੈ। ਭਾਰਤ ਪ੍ਰਮੁੱਖ ਤੌਰ 'ਤੇ ਅਫਰੀਕੀ ਦੇਸ਼ਾਂ ਤੋਂ ਇੰਪੋਰਟ ਕਰਦਾ ਹੈ। ਪ੍ਰੋਸੈਸਿੰਗ ਜ਼ਰੂਰਤ ਦਾ ਲਗਭਗ 60 ਫੀਸਦੀ ਕਾਜੂ ਬਾਹਰੋਂ ਦਰਾਮਦ ਕੀਤਾ ਜਾਂਦਾ ਹੈ। ਚੀਨ ਵੱਲੋਂ ਮੰਗ ਘਟਣ ਨਾਲ ਵਿਸ਼ਵ ਪੱਧਰ 'ਤੇ ਕੀਮਤਾਂ 'ਚ ਗਿਰਾਵਟ ਆਈ ਹੈ।

 

ਇੰਡਸਟਰੀ ਜਾਣਕਾਰਾਂ ਮੁਤਾਬਕ, ਚੀਨ ਵੱਲੋਂ ਖਰੀਦ ਘਟਣ ਕਾਰਨ ਕੱਚੇ ਕਾਜੂ 200-250 ਡਾਲਰ ਪ੍ਰਤੀ ਟਨ ਸਸਤੇ ਹੋ ਕੇ 1,300 ਡਾਲਰ ਪ੍ਰਤੀ ਟਨ ਹੋ ਗਏ ਹਨ। ਓਧਰ ਪੱਛਮੀ ਅਫਰੀਕੀ ਦੇਸ਼ਾਂ 'ਚ ਕਟਾਈ ਅਜੇ ਸ਼ੁਰੂ ਹੀ ਹੋਈ ਹੈ ਅਤੇ ਅਗਲੇ ਕੁਝ ਮਹੀਨਿਆਂ ਤਕ ਜਾਰੀ ਰਹੇਗੀ, ਯਾਨੀ ਕੀਮਤਾਂ 'ਚ ਹੋਰ ਗਿਰਾਵਟ ਦਾ ਖਦਸ਼ਾ ਹੈ।

ਓਧਰ ਬਰਾਮਦਕਾਰ ਚਿੰਤਤ ਹਨ ਕਿਉਂਕਿ ਪਿਛਲੇ ਕੁਝ ਸਾਲਾਂ 'ਚ ਵੀਅਤਨਾਮ ਤੋਂ ਸਖਤ ਟੱਕਰ ਮਿਲਣ ਕਾਰਨ ਭਾਰਤੀ ਕਾਜੂ ਬਰਾਮਦ 1 ਲੱਖ ਟਨ ਤੋਂ ਥੱਲ੍ਹੇ ਰਹਿ ਗਈ ਹੈ। ਪਿਛਲੇ ਸਾਲ ਬਰਾਮਦ 66,693 ਟਨ ਰਹੀ ਸੀ। ਚੀਨ ਦੀ ਮੰਗ 'ਚ ਆਈ ਗਿਰਾਵਟ ਨੇ ਕਾਜੂ ਦਰਾਮਦ ਕਰਨ ਵਾਲੇ ਦੇਸ਼ਾਂ 'ਚ ਵੀ ਭੰਬਲਭੂਸਾ ਪੈਦਾ ਕਰ ਦਿੱਤਾ ਹੈ। ਬਰਾਮਦਕਾਰਾਂ ਨੂੰ ਡਰ ਹੈ ਕਿ ਮੰਗ 'ਚ ਗਿਰਾਵਟ ਕਾਰਨ ਉਨ੍ਹਾਂ ਨੂੰ ਭਾਰੀ ਨੁਕਸਾਨ ਹੋ ਸਕਦਾ ਹੈ।


ਜ਼ਿਕਰਯੋਗ ਹੈ ਕਿ ਕੋਰੋਨਾ ਵਾਇਰਸ ਕਾਰਨ ਚੀਨ 'ਚ ਮੌਤਾਂ ਦੀ ਗਿਣਤੀ ਵੱਧ ਕੇ 2,592 ਹੋ ਗਈ ਹੈ। ਪਿਛਲੇ ਦਿਨ 150 ਲੋਕਾਂ ਦੀ ਮੌਤ ਹੋਈ ਸੀ, ਜਿਸ ਨਾਲ ਇਹ ਗਿਣਤੀ ਵਧੀ ਹੈ। ਇਸ ਦੇ ਨਾਲ ਹੀ 77,150 ਲੋਕਾਂ 'ਚ ਇਸ ਦੀ ਪੁਸ਼ਟੀ ਕੀਤੀ ਗਈ ਹੈ। ਹਸਪਤਾਲਾਂ 'ਚ ਭਰਤੀ ਕੋਰੋਨਾ ਵਾਇਰਸ ਦੇ 24,734 ਸ਼ੱਕੀ ਮਰੀਜ਼ਾਂ ਨੂੰ ਛੁੱਟੀ ਦੇ ਦਿੱਤੀ ਗਈ ਹੈ। ਉੱਥੇ ਹੀ, ਚੀਨ ਤੋਂ ਬਾਅਦ ਦੱਖਣੀ ਕੋਰੀਆ ਇਸ 'ਚ ਜਕੜਨ ਵਾਲਾ ਦੂਜਾ ਦੇਸ਼ ਬਣ ਚੁੱਕਾ ਹੈ। ਦੱਖਣੀ ਕੋਰੀਆ 'ਚ 7 ਦੀ ਮੌਤ ਹੋ ਚੁੱਕੀ ਹੈ ਅਤੇ 700 ਤੋਂ ਵੱਧ ਲੋਕ ਸੰਕਰਮਿਤ ਹਨ।


Related News