ਰੱਖੜੀ ''ਤੇ ਵਿਕ ਗਈਆਂ 12000 ਕਰੋੜ ਦੀਆਂ ਰੱਖੜੀਆਂ ਤੇ ਤੋਹਫ਼ੇ, ਬਾਜ਼ਾਰ ''ਚੋਂ ਗਾਇਬ ਹੋਏ ਚੀਨੀ ਉਤਪਾਦ
Monday, Aug 19, 2024 - 05:57 PM (IST)
ਨਵੀਂ ਦਿੱਲੀ - ਰੱਖੜੀ ਦਾ ਤਿਉਹਾਰ ਅੱਜ ਸੋਮਵਾਰ (19 ਅਗਸਤ) ਨੂੰ ਦੇਸ਼ ਭਰ ਵਿੱਚ ਮਨਾਇਆ ਜਾ ਰਿਹਾ ਹੈ। ਇਸ ਮੌਕੇ 'ਤੇ ਰੱਖੜੀ ਅਤੇ ਤੋਹਫ਼ੇ ਬਹੁਤ ਜ਼ਿਆਦਾ ਵਿਕਦੇ ਹਨ। ਇਸ ਵਾਰ ਰੱਖੜੀਆਂ ਦੀ ਵਿਕਰੀ ਨੇ ਨਵਾਂ ਰਿਕਾਰਡ ਬਣਾਇਆ ਹੈ । ਇਸ ਸਾਲ ਰੱਖੜੀ ਦੇ ਦਿਨ ਤੋਂ ਪਹਿਲਾਂ ਹੀ 12,000 ਕਰੋੜ ਰੁਪਏ ਤੋਂ ਵੱਧ ਦਾ ਕਾਰੋਬਾਰ ਹੋ ਚੁੱਕਾ ਹੈ। ਇਸ ਵਾਰ ਲੋਕਾਂ ਨੇ ਚੀਨੀ ਰੱਖੜੀਆਂ ਤੋਂ ਦੂਰੀ ਬਣਾਈ ਰੱਖੀ। ਪਿਛਲੇ ਸਾਲ ਰੱਖੜੀ 'ਤੇ 10,000 ਕਰੋੜ ਰੁਪਏ ਦਾ ਕਾਰੋਬਾਰ ਹੋਇਆ ਸੀ ਪਰ ਇਸ ਵਾਰ ਰੱਖੜੀ ਤੋਂ ਪਹਿਲਾਂ ਹੀ ਪਿਛਲੇ ਸਾਲ ਦਾ ਇਹ ਅੰਕੜਾ ਪਾਰ ਕਰ ਗਿਆ ਹੈ।
CAT ਨੇ ਜਾਰੀ ਕੀਤੇ ਅੰਕੜੇ
ਕਨਫੈਡਰੇਸ਼ਨ ਆਫ ਆਲ ਇੰਡੀਆ ਟਰੇਡਰਜ਼ ਨੇ ਰੱਖੜੀ 'ਤੇ ਹੋਏ ਕਾਰੋਬਾਰ ਦੇ ਅੰਕੜੇ ਜਾਰੀ ਕੀਤੇ ਹਨ, ਜਿਸ ਮੁਤਾਬਕ ਦੇਸ਼ ਭਰ 'ਚ ਰੱਖੜੀ ਦੇ ਤਿਉਹਾਰ 'ਤੇ 12 ਹਜ਼ਾਰ ਕਰੋੜ ਰੁਪਏ ਤੋਂ ਜ਼ਿਆਦਾ ਦਾ ਕਾਰੋਬਾਰ ਹੋਇਆ ਹੈ। ਐਤਵਾਰ ਦੇਰ ਰਾਤ ਤੱਕ ਰੱਖੜੀ ਅਤੇ ਤੋਹਫ਼ਿਆਂ ਦੀ ਖਰੀਦਦਾਰੀ ਕਰਨ ਵਾਲੇ ਲੋਕਾਂ ਨਾਲ ਬਾਜ਼ਾਰ ਖਚਾਖਚ ਭਰਿਆ ਰਿਹਾ। ਰੱਖੜੀ ਵਾਲੇ ਦਿਨ ਵੀ ਬਜ਼ਾਰ 'ਚ ਰੌਣਕ ਰਹਿੰਦੀ ਹੈ।
ਚੀਨ ਦੀਆਂ ਰੱਖੜੀਆਂ ਤੋਂ ਬਣਾਈ ਰੱਖੀ ਦੂਰੀ
ਇਸ ਵਾਰ ਬਾਜ਼ਾਰ ਵਿਚ ਨਾ ਤਾਂ ਚੀਨੀ ਰੱਖੜੀਆਂ ਦੀ ਮੰਗ ਰਹੀ ਅਤੇ ਨਾ ਹੀ ਤੋਹਫ਼ਿਆਂ ਦੀ। ਲੋਕ ਚੀਨੀ ਰੱਖੜੀਆਂ ਤੋਂ ਦੂਰੀ ਬਣਾ ਕੇ ਰੱਖ ਰਹੇ ਹਨ। CAT ਦੇ ਜਨਰਲ ਸਕੱਤਰ ਅਤੇ ਚਾਂਦਨੀ ਚੌਕ ਤੋਂ ਸੰਸਦ ਮੈਂਬਰ ਪ੍ਰਵੀਨ ਖੰਡੇਲਵਾਲ ਨੇ ਰੱਖੜੀਆਂ ਦੀ ਵਿਕਰੀ ਨੂੰ ਲੈ ਕੇ ਇੱਕ ਬਿਆਨ ਜਾਰੀ ਕੀਤਾ ਹੈ, ਜਿਸ ਅਨੁਸਾਰ ਪਿਛਲੇ ਕੁਝ ਦਿਨਾਂ ਤੋਂ ਬਜ਼ਾਰ ਵਿੱਚ ਰੱਖੜੀਆਂ ਦੀ ਭਾਰੀ ਮੰਗ ਹੈ। ਜਿਸ ਕਾਰਨ ਪਿਛਲੇ ਸਾਲ ਨਾਲੋਂ ਇਸ ਸਾਲ ਕਾਰੋਬਾਰ ਜ਼ਿਆਦਾ ਰਿਹਾ।
ਸਾਲ 2022 'ਚ ਰੱਖੜੀ 'ਤੇ 10 ਹਜ਼ਾਰ ਕਰੋੜ ਰੁਪਏ ਦਾ ਕਾਰੋਬਾਰ ਹੋਇਆ ਸੀ। ਇਸ ਤੋਂ ਇਕ ਸਾਲ ਪਹਿਲਾਂ ਸਾਲ 2021 'ਚ ਇਹ ਅੰਕੜਾ 6 ਹਜ਼ਾਰ ਕਰੋੜ ਰੁਪਏ ਸੀ, ਸਾਲ 2020 'ਚ ਇਹ 5 ਹਜ਼ਾਰ ਕਰੋੜ ਰੁਪਏ ਅਤੇ ਸਾਲ 2019 'ਚ ਰੱਖੜੀ ਦੇ ਮੌਕੇ 'ਤੇ 3500 ਕਰੋੜ ਰੁਪਏ ਦਾ ਕਾਰੋਬਾਰ ਹੋਇਆ ਸੀ।
ਬਲਿੰਕਿਟ ਵਿੱਚ ਰਿਕਾਰਡ ਵਿਕਰੀ
ਕਵਿੱਕ ਕਾਮਰਸ ਕੰਪਨੀ ਬਲਿੰਕਿਟ ਦੇ ਸੰਸਥਾਪਕ ਅਲਬਿੰਦਰ ਦਾ ਕਹਿਣਾ ਹੈ ਕਿ ਇਸ ਸਾਲ ਉਨ੍ਹਾਂ ਦੇ ਪਲੇਟਫਾਰਮ ਰਾਹੀਂ ਰਿਕਾਰਡ ਵਿਕਰੀ ਹੋਈ ਹੈ। ਐਤਵਾਰ ਰਾਤ ਨੂੰ ਉਨ੍ਹਾਂ ਨੇ ਸੋਸ਼ਲ ਮੀਡੀਆ ਪਲੇਟਫਾਰਮ X 'ਤੇ ਇਕ ਪੋਸਟ ਕਰਕੇ ਜਾਣਕਾਰੀ ਦਿੱਤੀ, ਜਿਸ 'ਚ ਉਨ੍ਹਾਂ ਲਿਖਿਆ ਕਿ ਇਸ ਸਾਲ ਰੱਖੜੀ 'ਤੇ ਨਵਾਂ ਰਿਕਾਰਡ ਬਣਿਆ ਹੈ।