ਪੰਜਾਬ ਐਂਡ ਸਿੰਧ ਬੈਂਕ ਨੂੰ ਕੁੱਲ ਕਾਰੋਬਾਰ ਜਲਦ ਦੋ ਲੱਖ ਕਰੋੜ ਰੁਪਏ ਦੇ ਅੰਕੜੇ ਦੇ ਪਾਰ ਹੋਣ ਦੀ ਉਮੀਦ
Sunday, Jan 08, 2023 - 03:26 PM (IST)
ਨਵੀਂ ਦਿੱਲੀ- ਪੰਜਾਬ ਐਂਡ ਸਿੰਧ ਬੈਂਕ ਨੂੰ ਭਰੋਸਾ ਹੈ ਕਿ ਕਰਜ਼ 'ਚ ਮਜ਼ਬੂਤ ਵਾਧੇ ਨਾਲ ਉਹ ਜਲਦ ਹੀ 2 ਲੱਖ ਕਰੋੜ ਰੁਪਏ ਦੇ ਕਾਰੋਬਾਰੀ ਅੰਕੜੇ ਨੂੰ ਪਾਰ ਕਰ ਲਵੇਗਾ। ਬੈਂਕ ਦੇ ਮੈਨੇਜਿੰਗ ਡਾਇਰੈਕਟਰ ਸਵਰੂਪ ਕੁਮਾਰ ਸਾਹਾ ਨੇ ਇਹ ਜਾਣਕਾਰੀ ਦਿੱਤੀ। ਸਾਹਾ ਨੇ ਕਿਹਾ ਕਿ ਚਾਲੂ ਵਿੱਤੀ ਸਾਲ 2022-23 ਦੀ ਤੀਜੀ ਤਿਮਾਹੀ (ਅਕਤੂਬਰ-ਦਸੰਬਰ) 'ਚ ਬੈਂਕ ਦਾ ਕਰਜ਼ਾ 17 ਫੀਸਦੀ ਵਧ ਕੇ 78,049 ਕਰੋੜ ਰੁਪਏ 'ਤੇ ਪਹੁੰਚ ਗਿਆ ਹੈ। ਉਨ੍ਹਾਂ ਨੇ ਪੀਟੀਆਈ-ਭਾਸ਼ਾ ਨੂੰ ਕਿਹਾ ਕਿ ਕਾਰੋਬਾਰ ਵਿੱਚ ਵਾਧਾ ਸਾਡੇ ਅੰਦਾਜ਼ੇ ਅਨੁਸਾਰ ਹੈ। ਜਦੋਂ ਕਿ ਸੰਪਤੀ ਦੀ ਗੁਣਵੱਤਾ ਵਰਗੇ ਹੋਰ ਮੁੱਖ ਮਾਪਦੰਡ ਵੀ ਨਿਯੰਤਰਣ ਵਿੱਚ ਹਨ।
ਬੈਂਕ ਦਾ ਚਾਲੂ ਖਾਤਾ ਅਤੇ ਬੱਚਤ ਖਾਤਾ ਦਸੰਬਰ ਤਿਮਾਹੀ ਦੇ ਅੰਤ 'ਚ 11.33 ਫੀਸਦੀ ਵਧ ਕੇ 36,460 ਕਰੋੜ ਰੁਪਏ ਹੋ ਗਿਆ। ਸਾਹਾ ਨੇ ਕਿਹਾ ਕਿ 31 ਦਸੰਬਰ 2022 ਦੇ ਅੰਤ ਤੱਕ ਕੁੱਲ ਕਾਰੋਬਾਰ 12.26 ਫੀਸਦੀ ਵਧ ਕੇ 1.87 ਲੱਖ ਕਰੋੜ ਰੁਪਏ ਰਿਹਾ। ਉਨ੍ਹਾਂ ਨੇ
ਨਵੀਂ ਪਹਿਲ ਦੇ ਬਾਰੇ ਦੱਸਦੇ ਹੋਏ ਕਿਹਾ ਕਿ ਬੈਂਕ ਨੇ ਹਾਲ ਹੀ ਵਿੱਚ ਆਪਣੇ ਗਾਹਕਾਂ ਲਈ ਕੋਅ-ਬ੍ਰਾਂਡਡ ਕ੍ਰੈਡਿਟ ਕਾਰਡ ਪੇਸ਼ ਕਰਨ ਲਈ ਐੱਸ.ਬੀ.ਆਈ ਕਾਰਡ ਦੇ ਨਾਲ ਸਾਂਝੇਦਾਰੀ ਕੀਤੀ ਹੈ।